ਜੇਕਰ ਅਸੀਂ ਚੀਨ ਦੇ ਕੁਝ ਹਿੱਸਿਆਂ ਦਾ ਨਾਮ ਬਦਲ ਦੇਈਏ: ਰਾਜਨਾਥ
* ਅਰੁਣਾਚਲ ਪ੍ਰਦੇਸ਼ ਦੇ ਕਈ ਖੇਤਰਾਂ ਦਾ ਨਾਮ ਬਦਲਣ ਲਈ ਚੀਨ ਦੀ ਆਲੋਚਨਾ
* ਉੱਤਰ-ਪੂਰਬੀ ਸੂਬੇ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਦੱਸਿਆ
ਨਮਸਾਈ (ਅਰੁਣਾਚਲ ਪ੍ਰਦੇਸ਼), 9 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਦਾ ਨਾਮ ਬਦਲਣ ਲਈ ਚੀਨ ਦੀ ਆਲੋਚਨਾ ਕੀਤੀ ਅਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਪੁੱਛਿਆ ਕਿ ਭਾਰਤ ਵੱਲੋਂ ਅਜਿਹਾ ਕੀਤੇ ਜਾਣ ਨਾਲ ਕੀ ਗੁਆਂਢੀ ਮੁਲਕ ਦੇ ਉਹ ਇਲਾਕੇ ‘ਸਾਡੇ ਖੇਤਰ ਦਾ ਹਿੱਸਾ’ ਬਣ ਜਾਣਗੇ। ਅਰੁਣਾਚਲ ਪ੍ਰਦੇਸ਼ ਪੂਰਬੀ ਹਲਕੇ ਦੇ ਨਮਸਾਈ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਵਿੱਚ 30 ਥਾਵਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ ਨਾਲ ਜ਼ਮੀਨੀ ਹਕੀਕਤ ਨਹੀਂ ਬਦਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਿਹਾ, ‘‘ਮੈਂ ਚੀਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਗੁਆਂਢੀ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਨਾਮ ਬਦਲ ਦਈਏ ਤਾਂ ਕੀ ਉਹ ਸਾਡੇ ਖੇਤਰ ਦਾ ਹਿੱਸਾ ਹੋਣਗੇ? ਅਜਿਹੀਆਂ ਹਰਕਤਾਂ ਨਾਲ ਭਾਰਤ ਤੇ ਚੀਨ ਦੇ ਰਿਸ਼ਤੇ ਖ਼ਰਾਬ ਹੋਣਗੇ।’’
ਰੱਖਿਆ ਮੰਤਰੀ ਨੇ ਕਿਹਾ, ‘‘ਅਸੀਂ ਆਪਣੇ ਸਾਰੇ ਗੁਆਂਢੀਆਂ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ ਚਾਹੁੰਦੇ ਹਾਂ ਪਰ ਜੇਕਰ ਕੋਈ ਸਾਡੇ ਆਤਮ-ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਭਾਰਤ ਮੂੰਹਤੋੜ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ।’’ ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਕੁਝ ਥਾਵਾਂ ਦਾ ਨਾਮ ਬਦਲੇ ਜਾਣ ਨੂੰ ‘ਮੂਰਖਤਾਪੂਰਨ’ ਦੱਸਦੇ ਹੋਏ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਖੋਜੇ ਹੋਏ ਨਾਮ ਦੇਣ ਨਾਲ ਇਸ ਅਸਲੀਅਤ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਕਿ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ। -ਪੀਟੀਆਈ
‘ਕਾਂਗਰਸ ਨੇ ਸਰਹੱਦੀ ਖੇਤਰ ਨੂੰ ਵਿਕਸਤ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਈ’
ਰਾਜਨਾਥ ਨੇ ਦੋਸ਼ ਲਾਇਆ ਕਿ ਕਾਂਗਰਸ ਨੂੰ ਸਰਹੱਦੀ ਖੇਤਰਾਂ ਨੂੰ ਵਿਕਸਤ ਕਰਨ ਵਿੱਚ ਕਦੇ ਦਿਲਚਸਪੀ ਨਹੀਂ ਸੀ ਅਤੇ ਨਤੀਜੇ ਵਜੋਂ ਦੇਸ਼ ਨੇ ਆਪਣੇ ਖੇਤਰ ਦਾ ਲਗਪਗ 1000 ਵਰਗ ਕਿਲੋਮੀਟਰ ਦਾ ਹਿੱਸਾ ਗੁਆਂਢੀ ਮੁਲਕ ਦੇ ਹੱਥਾਂ ’ਚ ਗੁਆ ਦਿੱਤਾ। ਉਨ੍ਹਾਂ ਰੈਲੀ ਵਿੱਚ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਹੁਣ ਆਪਣੇ ਗੁਆਂਢੀ ਨੂੰ ਇਕ ਇੰਚ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨ ਦੇਵੇਗਾ।’’