For the best experience, open
https://m.punjabitribuneonline.com
on your mobile browser.
Advertisement

ਜੇਕਰ ਸੱਚ ਬੋਲਣਾ ਹੈ...

08:07 AM Aug 18, 2024 IST
ਜੇਕਰ ਸੱਚ ਬੋਲਣਾ ਹੈ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਸੱਚ, ਸੱਚ ਹੀ ਹੁੰਦਾ ਹੈ ਤੇ ਝੂਠ, ਝੂਠ ਹੀ ਹੁੰਦਾ ਹੈ। ਆਖ਼ਰ ਜਿੱਤ ਤਾਂ ਸੱਚ ਦੀ ਹੀ ਹੁੰਦੀ ਹੈ। ਝੂਠ ਨੂੰ ਇੱਕ ਦਿਨ ਹਾਰਨਾ ਹੀ ਪੈਂਦਾ ਹੈ। ਅਖੀਰ ’ਚ ਝੂਠ ਨੂੰ ਮੂੰਹ ਲਕਾਉਣ ਨੂੰ ਥਾਂ ਨਹੀਂ ਲੱਭਦੀ, ਪਰ ਅਜੋਕੇ ਯੁੱਗ ਵਿੱਚ ਸੱਚ ਅਤੇ ਝੂਠ ਬਾਰੇ ਜ਼ਿੰਦਗੀ ਦੀ ਧਰਤ ਉੱਤੇ ਹਕੀਕਤ ਕੁਝ ਹੋਰ ਹੀ ਹੈ। ਝੂਠ ਨੂੰ ਹਰਾਉਣ ਲਈ ਸੱਚ ਆਪ ਟੁੱਟ ਕੇ ਰਹਿ ਜਾਂਦਾ ਹੈ। ਜਿਹੜੇ ਲੋਕ ਸੱਚ ਦੀ ਮਸ਼ਾਲ ਲੈ ਕੇ ਅੱਗੇ ਹੋ ਕੇ ਤੁਰਦਿਆਂ ਲੋਕਾਂ ਨੂੰ ਸੱਚ ਦਾ ਹੋਕਾ ਦੇਣ ਦਾ ਯਤਨ ਕਰਦੇ ਹਨ, ਕਈ ਵਾਰ ਲੋਕ ਉਨ੍ਹਾਂ ਤੋਂ ਮੂੰਹ ਫੇਰ ਲੈਂਦੇ ਹਨ। ਉਹ ਖ਼ੁਦ ਇੱਕਲੇ ਹੀ ਰਹਿ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਜੇਕਰ ਸੱਚ ਐਨਾ ਹੀ ਚੰਗਾ ਹੈ ਤਾਂ ਲੋਕ ਸੱਚ ਸੁਣਨਾ ਕਿਉਂ ਨਹੀਂ ਚਾਹੁੰਦੇ? ਲੋਕਾਂ ਨੂੰ ਝੂਠ ਬੋਲਣ ’ਚ ਆਪਣਾ ਫ਼ਾਇਦਾ ਕਿਉਂ ਲੱਗਦਾ ਹੈ? ਅਜੋਕੇ ਯੁੱਗ ਵਿੱਚ ਝੂਠ ਦੀ ਵੁੱਕਤ ਕਾਰਨ ਹੀ ਤਾਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਇਹ ਲਿਖਣ ਲਈ ਮਜਬੂਰ ਹੋਣਾ ਪਿਆ ਕਿ ‘ਏਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ/ ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ’। ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਜੇਕਰ ਕਿਸੇ ਦਾ ਕੋਈ ਦੁਸ਼ਮਣ ਨਹੀਂ ਹੈ ਤਾਂ ਉਹ ਸੱਚ ਬੋਲਣਾ ਸ਼ੁਰੂ ਕਰ ਦੇਵੇ। ਲੋਕ ਚਾਹੁੰਦੇ ਹਨ ਕਿ ਦੇਸ਼ ਨੂੰ ਚਲਾਉਣ ਵਾਲੇ ਸਿਆਸੀ ਨੇਤਾ ਸੱਚੇ ਪੱਕੇ ਹੋਣ, ਪਰ ਉਹੀ ਲੋਕ ਸੱਚੇ ਪੱਕੇ ਅਤੇ ਇਮਾਨਦਾਰ ਨੇਤਾਵਾਂ ਨੂੰ ਹਰਾ ਦਿੰਦੇ ਹਨ। ਇੱਕ ਸੂਬੇ ਦੇ ਉਸ ਵਿਧਾਇਕ ਨੂੰ ਲੋਕਾਂ ਨੇ ਚੋਣਾਂ ’ਚ ਦੂਜੀ ਵਾਰ ਹਰਾ ਦਿੱਤਾ ਜਿਸ ਨੇ ਸਰਕਾਰੀ ਗੱਡੀ ਛੱਡ ਦਿੱਤੀ ਸੀ, ਕੋਈ ਸੁਰੱਖਿਆ ਨਹੀਂ ਲਈ ਸੀ। ਉਸ ਉੱਤੇ ਸਰਕਾਰੀ ਪੈਸਾ ਖਾਣ ਦਾ ਕੋਈ ਇਲਜ਼ਾਮ ਵੀ ਨਹੀਂ ਸੀ। ਉਹ ਕਿਸੇ ਦਾ ਕੰਮ ਕਰਵਾਉਣ ਲਈ ਰਾਜਧਾਨੀ ਗੱਡੀ ਵਿੱਚ ਨਹੀਂ ਸਗੋਂ ਸਰਕਾਰੀ ਬੱਸ ਵਿੱਚ ਜਾਂਦਾ ਸੀ, ਕਿਸੇ ਤੋਂ ਕਦੇ ਚਾਹ ਦਾ ਕੱਪ ਤੱਕ ਨਹੀਂ ਪੀਂਦਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਘਰ ਢਹਿ-ਢੇਰੀ ਹੋਇਆ ਪਿਆ ਹੈ।
ਕਹਿਣ ਨੂੰ ਤਾਂ ਸੱਚ ਨੂੰ ਆਂਚ ਨਹੀਂ ਆਉਂਦੀ। ਸੱਚੇ ਲੋਕਾਂ ਦੀ ਕਦਰ ਹੁੰਦੀ ਹੈ, ਪਰ ਸੱਚ ਉੱਤੇ ਖੜ੍ਹੇ ਰਹਿਣ ਵਾਲੇ ਅਫਸਰਾਂ ਦੀਆਂ ਇਨਕੁਆਇਰੀਆਂ ਖੁੱਲ੍ਹਦੀਆਂ ਹਨ। ਉਨ੍ਹਾਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਵੀ ਹੁੰਦੀਆਂ ਹਨ। ਉਨ੍ਹਾਂ ਦੀਆਂ ਤਰੱਕੀਆਂ ਵੀ ਰੋਕੀਆਂ ਜਾਂਦੀਆਂ ਹਨ। ਸੁਣਨ ਨੂੰ ਇਹ ਕਾਫ਼ੀ ਚੰਗਾ ਲੱਗਦਾ ਹੈ ਕਿ ਸੱਚਾਈ ਦੇ ਰਾਹ ਉੱਤੇ ਭੀੜ ਨਹੀਂ ਹੁੰਦੀ ਕਿਉਂਕਿ ਸੱਚ ਦੇ ਰਾਹ ’ਤੇ ਵਿਰਲੇ ਲੋਕ ਹੀ ਚੱਲਦੇ ਹਨ। ਸੱਚ ਬੋਲਣ ਲਈ ਹਿੰਮਤ ਹੋਣੀ ਚਾਹੀਦੀ ਹੈ। ਹਰ ਕੋਈ ਸੱਚ ਵੀ ਨਹੀਂ ਬੋਲ ਸਕਦਾ। ਸੱਚ ਬੋਲਣ ਦੀ ਗੱਲ ਤਾਂ ਦੂਰ ਰਹੀ ਜਦੋਂ ਸੱਚ ਬੋਲਣ ਵਾਲੇ ਦਾ ਸਾਥ ਦੇਣ ਦੀ ਨੌਬਤ ਆਉਂਦੀ ਹੈ ਤਾਂ ਲੋਕ ਬੁਰਾ ਬਣਨ ਨਾਲੋਂ ਚੁੱਪ ਰਹਿਣਾ ਬਿਹਤਰ ਸਮਝਦੇ ਹਨ। ਲੋਕ ਤਮਾਸ਼ਾ ਵੇਖਣ ਲੱਗ ਪੈਂਦੇ ਹਨ। ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਦੇ ਜਿਉਂਦੇ ਰਹਿੰਦਿਆਂ ਲੋਕ ਉਨ੍ਹਾਂ ਦੀ ਆਲੋਚਨਾ ਕਰਦੇ ਹਨ, ਵਿਰੋਧ ਕਰਦੇ ਹਨ ਪਰ ਮਰਨ ਮਗਰੋਂ ਉਨ੍ਹਾਂ ਦਾ ਜਸ ਗਾਉਂਦੇ ਨਹੀਂ ਥੱਕਦੇ। ਹਿੰਦੀ ਭਾਸ਼ਾ ਦਾ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮ ਚੰਦ ਸੱਚ ਦੀ ਗੱਲ ਕਰਦਾ ਹੋਇਆ ਸਾਰੀ ਉਮਰ ਗ਼ਰੀਬੀ ਭੋਗਦਾ ਰਿਹਾ। ਸਾਰੀ ਉਮਰ ਉਹ ਨਾ ਤਾਂ ਚੰਗਾ ਖਾ ਸਕਿਆ ਤੇ ਨਾ ਹੀ ਚੰਗਾ ਪਹਿਨ ਸਕਿਆ। ਉਸ ਦੇ ਮਰਨ ਮਗਰੋਂ ਉਸ ਦੇ ਸਾਹਿਤ ਉੱਤੇ ਖੋਜ ਹੋ ਰਹੀ ਹੈ।
ਸੱਚ ਸਭ ਨੂੰ ਚੰਗਾ ਲੱਗਦਾ ਹੈ, ਝੂਠ ਸਭ ਨੂੰ ਬੁਰਾ ਲੱਗਦਾ ਹੈ। ਫਿਰ ਵੀ ਸੱਚ ਸੁਣਨਾ ਕੋਈ ਨਹੀਂ ਚਾਹੁੰਦਾ। ਜਦੋਂ ਆਪ ਨੂੰ ਫ਼ਾਇਦਾ ਹੁੰਦਾ ਹੋਵੇ ਤਾਂ ਸਾਨੂੰ ਸੱਚ ਚੰਗਾ ਲੱਗਦਾ ਹੈ ਪਰ ਜਦੋਂ ਗੱਲ ਦੂਜੇ ਦੇ ਹੱਕ ਦੀ ਹੋਵੇ ਤਾਂ ਅਸੀਂ ਝੂਠ ਦਾ ਸਹਾਰਾ ਲੈਣ ਲਈ ਤਿਆਰ ਹੋ ਜਾਂਦੇ ਹਾਂ। ਸੁਧਾਰ ਦੀਆਂ ਗੱਲਾਂ ਸੁਣਨ ਨੂੰ ਸਭ ਨੂੰ ਚੰਗੀਆਂ ਲੱਗਦੀਆਂ ਹਨ, ਪਰ ਅਸੀਂ ਸੁਧਾਰ ਦੂਜਿਆਂ ’ਚ ਹੀ ਵੇਖਣਾ ਚਾਹੁੰਦੇ ਹਾਂ ਆਪਣੇ ਆਪ ਵਿੱਚ ਨਹੀਂ। ਜੇਕਰ ਸੁਧਾਰ ਹੋਣ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਦਾ ਹੋਵੇ ਤਾਂ ਸਾਨੂੰ ਸੁਧਾਰ ਕਰਨ ਵਾਲਾ ਆਪਣਾ ਦੁਸ਼ਮਣ ਨਜ਼ਰ ਆਉਣ ਲੱਗਦਾ ਹੈ।
ਇੱਕ ਉੱਚ ਅਧਿਕਾਰੀ ਨੇ ਆਪਣੀ ਸਾਰੀ ਨੌਕਰੀ ਦੌਰਾਨ ਸੱਚ ਉੱਤੇ ਪਹਿਰਾ ਦਿੱਤਾ। ਉਸ ਨੇ ਨਾ ਕਿਸੇ ਦੀ ਸਿਫ਼ਾਰਸ਼ ਮੰਨੀ ਤੇ ਨਾ ਹੀ ਆਪਣੇ ਅਸੂਲਾਂ ਨਾਲ ਸਮਝੌਤਾ ਕੀਤਾ। ਉਹ ਸਾਰੀ ਨੌਕਰੀ ਦੌਰਾਨ ਇੱਕ ਸਟੇਸ਼ਨ ਉੱਤੇ ਇੱਕ ਸਾਲ ਤੋਂ ਵੱਧ ਨਹੀਂ ਟਿਕ ਸਕਿਆ। ਉਸ ਦੀ ਸੇਵਾਮੁਕਤੀ ਦੀ ਵਿਦਾਇਗੀ ਪਾਰਟੀ ’ਚ ਉਸ ਦੇ ਦਫਤਰ ਦੇ ਅੱਧੇ ਬੰਦੇ ਸ਼ਾਮਿਲ ਨਹੀਂ ਹੋਏ, ਪਰ ਉਸ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਹ ਉਸ ਦੀ ਸਚਾਈ ਦੇ ਗੁਣ ਗਾਉਂਦੇ ਸਾਹ ਨਾ ਲੈਣ। ਅਜੋਕੇ ਸਮੇਂ ’ਚ ਸ਼ਾਇਦ ਮੂੰਹ ਬੰਦ ਅਤੇ ਬਟੂਏ ਦਾ ਮੂੰਹ ਖੁੱਲ੍ਹਾ ਰੱਖ ਕੇ ਜ਼ਿੰਦਗੀ ਜਿਉਣ ਵਾਲੇ ਬਜ਼ੁਰਗ ਕੁਝ ਚੰਗੀ ਜ਼ਿੰਦਗੀ ਜਿਉਂਦੇ ਹਨ। ਆਪਣੀ ਔਲਾਦ ਨੂੰ ਸੱਚੀਆਂ ਗੱਲਾਂ ਕਹਿ ਕੇ ਨਸੀਹਤ ਦੇਣ ਵਾਲੇ ਬਜ਼ੁਰਗ ਬਹੁਤ ਛੇਤੀ ਬਿਰਧ ਆਸ਼ਰਮਾਂ ਵਿੱਚ ਪਹੁੰਚ ਜਾਂਦੇ ਹਨ।
ਦਿਖਾਵੇ ਵਾਲਾ ਸੱਚ ਝੂਠ ਤੋਂ ਵੀ ਭੈੜਾ ਹੁੰਦਾ ਹੈ। ਜੇਕਰ ਸੱਚ ਬੋਲ ਕੇ ਇਕੱਲਾ ਵੀ ਰਹਿਣਾ ਪਵੇ ਤਾਂ ਉਹ ਝੂਠਿਆਂ ਦੀ ਫ਼ੌਜ ਨਾਲੋਂ ਚੰਗਾ ਹੁੰਦਾ ਹੈ। ਝੂਠਿਆਂ ਦੀ ਕਦਰ ਸਿਰਫ਼ ਥੋੜ੍ਹੇ ਸਮੇਂ ਲਈ ਮੂੰਹ ਉੱਤੇ ਹੀ ਹੁੰਦੀ ਹੈ, ਪਰ ਸੱਚੇ ਦੀ ਕਦਰ ਮਨੋਂ ਹੁੰਦੀ ਹੈ। ਸੱਚ ਭਾਵੇਂ ਕੌੜਾ ਹੁੰਦਾ ਹੈ, ਪਰ ਸਦੀਵੀ ਹੁੰਦਾ ਹੈ। ਝੂਠ ਦੂਜਿਆਂ ਦਾ ਮਨ ਅਤੇ ਵਿਸ਼ਵਾਸ ਨਹੀਂ ਜਿੱਤ ਸਕਦਾ, ਪਰ ਸੱਚੇ ਉੱਤੇ ਉਸ ਦੇ ਵਿਰੋਧੀ ਵੀ ਯਕੀਨ ਕਰਦੇ ਹਨ।
ਸੰਪਰਕ: 98726-27136

Advertisement

Advertisement
Author Image

Advertisement