For the best experience, open
https://m.punjabitribuneonline.com
on your mobile browser.
Advertisement

ਜੇ ਪਾਣੀ ਮੁੱਕ ਗਿਆ

08:11 AM Apr 03, 2024 IST
ਜੇ ਪਾਣੀ ਮੁੱਕ ਗਿਆ
Advertisement

ਡਾ. ਪ੍ਰਵੀਨ ਬੇਗਮ

ਅੱਜ ਸਵੇਰੇ ਸਕੂਲ ਆਉਂਦਿਆਂ ਗੱਡੀ ਵਿੱਚ ਮੈਂ ਅਚਾਨਕ ਫੋਨ ਖੋਲ੍ਹਿਆ ਤਾਂ ਅੱਗੋਂ ‘ਜਲ ਦਿਵਸ’ ਸੰਬੰਧੀ ਇੱਕ ਪੋਸਟ ਦਿਸੀ। ਮੈਨੂੰ ਚੇਤੇ ਆਇਆ ਕਿ ਅੱਜ ਤਾਂ ‘ਵਿਸ਼ਵ ਜਲ ਦਿਵਸ’ ਹੈ। ਮੈਂ ਸੋਚਿਆ ਕਾਫ਼ੀ ਕੁਝ ਵਿਦਿਆਰਥੀਆਂ ਨੂੰ ਦੱਸਣ ਵਾਲਾ ਹੈ ਪਾਣੀ ਬਚਾਉਣ ਸੰਬੰਧੀ। ਨਾਲ ਹੀ ਮੈਂ ਸੋਚਣ ਲੱਗੀ ਕਿ ਹਾਲੇ ਦੋ ਦਿਨ ਪਹਿਲਾਂ ਹਵਾ ਪ੍ਰਦੂਸ਼ਣ ਸੰਬੰਧੀ ਆਈ ਰਿਪੋਰਟ ਨੇ ਵੀ ਕਈ ਪਹਿਲੂ ਸਾਡੇ ਸਾਹਮਣੇ ਲਿਆਂਦੇ ਹਨ। ਭਾਰਤ ਵਿਸ਼ਵ ਦਾ ਤੀਜਾ ਪ੍ਰਦੂਸ਼ਿਤ ਦੇਸ਼, ਦਿੱਲੀ ਪ੍ਰਦੂਸ਼ਿਤ ਰਾਜਧਾਨੀ। ਮੁਰਝਾਏ ਪ੍ਰਦੂਸ਼ਿਤ ਮਹਾਨਗਰ ਅਤੇ ਪੰਜਾਬ ਦਾ ਮੁੱਲਾਂਪੁਰ ਦਾਖਾ ਪ੍ਰਦੂਸ਼ਿਤ ਸ਼ਹਿਰ। ਇੱਕ ਵਾਰ ਸੋਚ ਕੇ ਤਾਂ ਘਬਰਾਹਟ ਹੋਣ ਲੱਗਦੀ ਏ ਕਿ ਸੱਚੀਂ ਅਸੀਂ ਐਨੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਆਏ ਦਿਨ ਨਵੀਆਂ ਬਿਮਾਰੀਆਂ ਸਹੇੜ ਰਹੇ ਹਾਂ। ਸੋਚਿਆ ਅੱਜ ਹਵਾ–ਪਾਣੀ ਸੰਬੰਧੀ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰ ਉਹਨਾਂ ਦੇ ਅਨਭੋਲ ਮਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨਾ ਹੈ। ਵਿਦਿਆਰਥੀ ਹੀ ਆਉਣ ਵਾਲੇ ਸਮੇਂ ਦਾ ਸਰਮਾਇਆ ਹਨ। ਖ਼ੈਰ ਸਕੂਲ ਪਹੁੰਚਦੇ ਹੀ ਸਵੇਰ ਦੀ ਸਭਾ ਦੀ ਘੰਟੀ ਵੱਜੀ। ਸਭਾ ਵੱਲ ਜਾਂਦੇ ਹੋਏ ਮੇਰੀ ਨਜ਼ਰ ਪਾਣੀ ਪੀਣ ਵਾਲੇ ਸਥਾਨ ਤੇ ਲਿਖੇ ‘ਜਲ ਹੈ ਤਾਂ ਕੱਲ੍ਹ ਹੈ’ ਨਾਅਰੇ ਤੇ ਪਈ। ਸੋਚਿਆ ਕਿੰਨੀ ਸਹੀ ਗੱਲ ਏ। ਅਸੈਂਬਲੀ ਵਿੱਚ ਸ਼ਬਦ ਗਾਇਨ ਤੇ ਪੀ.ਟੀ. ਤੋਂ ਬਾਅਦ ਵਿਦਿਆਰਥੀਆਂ ਨੂੰ ਬਿਠਾ ਮੈਂ ਸਟੇਜ ’ਤੇ ਆ ਰਸਮੀ ਤੌਰ ’ਤੇ ਗੱਲ ਕਰਨੀ ਸ਼ੁਰੂ ਕੀਤੀ। ਵਿਦਿਆਰਥੀਓ, ਅੱਜ ਅਸੀਂ ਬਹੁਤ ਸਾਰੇ ਸੰਕਟਾਂ ਨਾਲ ਜੂਝ ਰਹੇ ਹਾਂ। ਹਵਾ ਪ੍ਰਦੂਸ਼ਣ ਬਾਰੇ ਗੱਲ ਕਰਨ ਤੋਂ ਬਾਅਦ ਮੈਂ ਪਾਣੀ ਸੰਬੰਧੀ ਗੱਲ ਸ਼ੁਰੂ ਕੀਤੀ। ਦੱਸਿਆ ਅੱਜ ਵਿਸ਼ਵ ਨੂੰ ਆਉਣ ਵਾਲੇ ਸੰਕਟ ਤੋਂ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਅੱਜ ਦਾ ਦਿਨ ‘ਵਿਸ਼ਵ ਜਲ–ਦਿਵਸ’ ਵੱਲੋਂ ਮਨਾਇਆ ਜਾਂਦਾ ਹੈ। ਨਾਲ ਹੀ ਮੈਂ ਪਿਛਲੇ ਦਿਨੀਂ ਬੰਗਲੂਰੂ ਵਰਗੇ ਵਿਕਸਿਤ ਸ਼ਹਿਰ ਦਾ ਹਾਲ ਸੁਣਾਇਆ ਕਿ ਕਿਵੇਂ ਉੱਥੇ ਲੋਕ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ। ਕਿਵੇਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਏ। ਹੋਰ ਭਾਰਤੀ ਸ਼ਹਿਰਾਂ ਦੀ ਸਥਿਤੀ ਦੱਸਦੀ ਮੈਂ ਪੰਜਾਬ ਦੇ ਹਾਲਾਤ ਦੀ ਤਸਵੀਰ ਦਿਖਾਉਣੀ ਸ਼ੁਰੂ ਕੀਤੀ। ਬਹੁਤੇ ਵਿਦਿਆਰਥੀ ਪੇਂਡੂ ਪਿਛੋਕੜ ਤੋਂ ਹੋਣ ਕਰਕੇ ਪਾਣੀ ਦੀ ਕਿੱਲਤ ਨਾਲ ਜੂਝ ਰਹੀ ਕਿਸਾਨੀ ਨੂੰ ਵੀ ਸਮਝ ਰਹੇ ਸਨ। ਪੰਜਾਬ ਵਿੱਚ 250 ਫੁੱਟ ਤੱਕ ਦੇ ਬਹੁਤੇ ਬੋਰ ਪਾਣੀ ਦੇਣ ਤੋਂ ਅਸਮਰੱਥ ਹੋ ਗਏ। ਮਾਲਵਾ ਖਿੱਤੇ ਦੀ ਪਾਣੀ ਨਾਲ ਜੂਝ ਰਹੀ ਕਿਸਾਨੀ ਬਾਰੇ ਦੱਸਿਆ। ਫੇਰ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਉਹ ਪਾਣੀ ਨੂੰ ਬਚਾਉਣ ਲਈ ਸਹਿਯੋਗ ਕਰ ਸਕਦੇ ਹਨ ਆਪਣੇ ਪਰਿਵਾਰਾਂ ਨੂੰ ਅਤੇ ਸਮਾਜ ਨੂੰ ਸਮਝਾ ਕੇ ਪਾਣੀ ਦੀ ਕੁਵਰਤੋਂ ਸੰਬੰਧੀ ਸੁਚੇਤ ਕਰਨ। ਉਹ ਆਉਣ ਵਾਲੇ ਕੱਲ੍ਹ ਦੇ ਸੂਝਵਾਨ ਨਾਗਰਿਕ ਬਣ ਆਪਣੀ ਜਿੰਮੇਵਾਰੀ ਨਿਭਾਉਣ। ਪਹਿਲਾਂ ਹੀ ਵਿਕਾਸ ਦੇ ਨਾਂ ਤੇ ਸਾਡੇ ਹਵਾ–ਪਾਣੀ ਨਾਲ ਉਹ ਠੱਗੀ ਲੱਗ ਚੁੱਕੀ ਏ ਕਿ ਇਸਦਾ ਖਮਿਆਜ਼ਾ ਅਸੀਂ ਜ਼ਹਿਰੀਲੀ ਆਬੋ-ਹਵਾ ਅਤੇ ਪਾਣੀ ਦੀ ਘਾਟ ਵਰਗੇ ਨਤੀਜਿਆਂ ਦੇ ਰੂਪ ਵਿੱਚ ਭੁਗਤ ਰਹੇ ਹਾਂ। ਇਸ ਦੇ ਬਹੁਤੇ ਦੋਸ਼ੀ ਅਸੀਂ ਆਪ ਹਾਂ। ਜੇਕਰ ਅੱਜ ਨਾ ਸੰਭਲੇ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਹਾਲੇ ਮੈਂ ਆਪਣੀ ਗੱਲ ਪੂਰੀ ਹੀ ਕੀਤੀ ਸੀ ਕਿ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਅੱਖਾਂ ਵਿੱਚ ਉਦਾਸੀ ਨਾਲ ਪੁੱਛਿਆ, ਜੀ, ਜੇਕਰ ਪਾਣੀ ਮੁੱਕ ਗਿਆ, ਫੇਰ ਧਰਤੀ ਦਾ ਕੀ ਬਣੇਗਾ। ਬਾਕੀ ਸਾਰੇ ਵਿਦਿਆਰਥੀ ਉਸ ਉੱਤੇ ਹੱਸ ਪਏ। ਪਰ ਮੈਂ ਅਤੇ ਮੇਰੇ ਅਧਿਆਪਕ ਸਾਥੀ ਬਹੁਤ ਹੀ ਗੌਰ ਨਾਲ ਉਸਦਾ ਪ੍ਰਸ਼ਨ ਸੁਣ ਚਿੰਤਾਤੁਰ ਸਥਿਤੀ ਵਿੱਚ ਸਾਂ। ਮੈਂ ਕੋਈ ਵਾਜਬਿ ਜਵਾਬ ਨਾ ਦੇ ਸਕੀ। ਮੈਨੂੰ ਲੱਗਿਆ ਕਿ ਕਿੰਨੇ ਦੋਖੀ ਹਾਂ ਅਸੀਂ ਜੋ ਆਉਣ ਵਾਲੀਆਂ ਨਸਲਾਂ ਲਈ ਜ਼ਹਿਰੀਲੀ ਹਵਾ ਤੇ ਬਿਨ ਪਾਣੀ ਧਰਤ ਛੱਡਾਂਗੇ। ਉਹ ਦਿਨ ਦੂਰ ਨਹੀਂ ਜਦੋਂ ਬੂੰਦ ਪਾਣੀ ਦੀਆਂ ਬੋਤਲਾਂ ਵਾਂਗੂ ਆਕਸੀਜਨ ਦੇ ਸਿਲੰਡਰ ਵੀ ਸਾਨੂੰ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਾਸਤੇ ਲੋੜੀਂਦੇ ਹੋਣਗੇ। ਇਹੋ ਸਵਾਲ ਸਮਾਜ ਨਾਲ ਏ, ਉਸ ਵਿਕਾਸ ਨਾਲ ਏ ਜਿਸਦੀ ਇਹ ਕੀਮਤ ਏ ਅੱਜ, ਉਹਨਾਂ ਸਰਕਾਰਾਂ ਨਾਲ ਤੇ ਉਸ ਲੋਕਾਈ ਨਾਲ ਏ ਕਿ ਸੱਚੀਂ ਜੇ ਪਾਣੀ ਮੁੱਕ ਗਿਆ!

Advertisement

ਸੰਪਰਕ: 89689-48018

Advertisement

Advertisement
Author Image

sukhwinder singh

View all posts

Advertisement