ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇ ਖੁੱਲ੍ਹ ਜਾਂਦਾ ਜਿਨਾਹ ਦਾ ਭੇਤ...

09:00 AM Aug 18, 2024 IST

ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਜਾਂ ਲੁਈਸ ਮਾਊਂਟਬੈਟਨ ਤੱਕ ਜੇ ਅਪਰੈਲ 1947 ਤੱਕ ਉਹ ਖ਼ਾਸ ਜਾਣਕਾਰੀ ਪੁੱਜ ਗਈ ਹੁੰਦੀ ਤਾਂ ਦੇਸ਼ ਵੰਡ ਦੇ ਦੁਖਾਂਤ ਤੋਂ ਸ਼ਾਇਦ ਬਚਿਆ ਜਾ ਸਕਦਾ ਸੀ। ਇਹ ਭੇਤ ਉਸ ਸਲੇਟੀ ਤਸਵੀਰ ’ਚ ਛੁਪਿਆ ਹੋਇਆ ਸੀ ਜੋ ਭਾਰਤੀ ਸਿਆਸਤ ਦੇ ਸਮੀਕਰਨ ਬਦਲ ਸਕਦੀ ਸੀ ਅਤੇ ਫਿਰ ਏਸ਼ੀਆ ਦਾ ਇਤਿਹਾਸ ਵੀ ਯਕੀਨੀ ਤੌਰ ’ਤੇ ਕੁਝ ਹੋਰ ਹੋਣਾ ਸੀ। ਦੁਨੀਆ ’ਚ ਬਿਹਤਰੀਨ ਮੰਨੀਆਂ ਜਾਣ ਵਾਲੀਆਂ ਜਾਂਚ ਏਜੰਸੀਆਂ ਵਿੱਚ ਸ਼ੁਮਾਰ ਬਰਤਾਨਵੀ ‘ਸੀਆਈਡੀ’ ਵੀ ਇਸ ਦੀ ਥਾਹ ਨਹੀਂ ਪਾ ਸਕੀ ਅਤੇ ਇਸ ਖ਼ਾਸ ਜਾਣਕਾਰੀ ਤੋਂ ਅਣਜਾਣ ਰਹੀ।
ਉਸ ‘ਤਸਵੀਰ’ ਦੇ ਵਿਚਕਾਰ ਦੋ ਕਾਲੇ ਘੇਰੇ ਸਨ ਜੋ ਟੇਬਲ ਟੈਨਿਸ ਬਾਲ ਤੋਂ ਵੱਡੇ ਨਹੀਂ ਸਨ। ਹਰ ਘੇਰੇ ਦੇ ਦੁਆਲੇ ਸਫੇਦ ਦਾਇਰਾ ਜਿਹਾ ਸੀ ਜਿਸ ਤਰ੍ਹਾਂ ਸੂਰਜ ਨੂੰ ਗ੍ਰਹਿਣ ਲੱਗਣ ਵੇਲੇ ਨਜ਼ਰ ਆਉਂਦਾ ਹੈ। ਉਸ ਤੋਂ ਉੱਪਰਲੇ ਪਾਸੇ ਤਸਵੀਰ ’ਚ ਆਕਾਸ਼ਗੰਗਾ ਵਰਗੇ ਛੋਟੇ ਛੋਟੇ ਸਫ਼ੇਦ ਨਿਸ਼ਾਨ ਸਨ। ਉਹ ਤਸਵੀਰ ਹੋਰ ਕੁਝ ਨਹੀਂ ‘ਐਕਸਰੇਅ’ ਸੀ ਜਿਸ ’ਚ ਮਨੁੱਖ ਦੇ ਦੋਵੇਂ ਫੇਫੜੇ ਦਿਖਾਈ ਦੇ ਰਹੇ ਸਨ। ਇਨ੍ਹਾਂ ’ਚ ਕਾਲੇ ਦਾਇਰੇ ਅਤੇ ਛੋਟੇ ਨਿਸ਼ਾਨ ਇਸ ਗੱਲ ਦੀ ਪੁਸ਼ਟੀ ਕਰਦੇ ਸਨ ਕਿ ਇਸ ਮਰੀਜ਼ ਦੇ ਫੇਫੜੇ ਤਪਦਿਕ (ਟੀਬੀ) ਕਾਰਨ ਖ਼ਰਾਬ ਹੋ ਚੁੱਕੇ ਹਨ। ਨੁਕਸਾਨ ਏਨਾ ਕੁ ਜ਼ਿਆਦਾ ਹੋ ਚੁੱਕਾ ਸੀ ਕਿ ਇਹ ਮਰੀਜ਼ ਹੁਣ ਮੁਸ਼ਕਿਲ ਨਾਲ ਦੋ ਜਾਂ ਤਿੰਨ ਸਾਲ ਹੀ ਜਿਊਂਦਾ ਰਹਿ ਸਕੇਗਾ। ਐਕਸਰੇਅ ਵਾਲੇ ਇਸ ਸੀਲਬੰਦ ਲਿਫ਼ਾਫ਼ੇ ’ਤੇ ਕਿਸੇ ਦਾ ਨਾਂ ਨਹੀਂ ਸੀ ਅਤੇ ਇਹ ਬੰਬਈ ਦੇ ਇੱਕ ਡਾਕਟਰ ਜੇ.ਏ.ਐਲ. ਪਟੇਲ ਦੇ ਦਫਤਰ ਦੇ ਲਾਕਰ ’ਚ ਬੰਦ ਪਿਆ ਸੀ। ਇਹ ਫੇਫੜੇ ਉਸ ਜ਼ਿੱਦੀ ਅਤੇ ਅੜੀਅਲ ਵਿਅਕਤੀ ਦੇ ਸਨ ਜਿਸ ਨੇ ਭਾਰਤ ਦੀ ਇੱਕਜੁੱਟਤਾ ਕਾਇਮ ਰੱਖਣ ਦੇ ਮਾਊਂਟਬੈਟਨ ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਸੀ। ਇਹ ਵਿਅਕਤੀ ਮੁਹੰਮਦ ਅਲੀ ਜਿਨਾਹ ਸੀ, ਜੋ ਵਾਇਰਸਾਏ ਅਤੇ ਭਾਰਤੀ ਇਕਜੁੱਟਤਾ ਦੇ ਰਾਹ ’ਚੋਂ ਹਟਾਇਆ ਨਾ ਜਾ ਸਕਣ ਵਾਲਾ ਅੜਿੱਕਾ ਬਣਿਆ ਹੋਇਆ ਸੀ ਅਤੇ ਮੌਤ ਦੇ ਸਾਏ ਹੇਠ ਜਿਊਂ ਰਿਹਾ ਸੀ।
ਮਾਊਂਟਬੈਟਨ ਦੇ ਭਾਰਤ ਆਉਣ ਤੋਂ ਨੌਂ ਮਹੀਨੇ ਪਹਿਲਾਂ ਜੂਨ 1946 ’ਚ ਡਾ. ਪਟੇਲ ਨੇ ਇਸ ‘ਐਕਸਰੇਅ’ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਇਹ ਭਿਆਨਕ ਬਿਮਾਰੀ ਜਿਨਾਹ ਦੇ ਜੀਵਨ ਦਾ ਅੰਤ ਕਰ ਦੇਵੇਗੀ। ਤਪਦਿਕ ਉਨ੍ਹਾਂ ਵੇਲਿਆਂ ’ਚ ਹਰ ਸਾਲ ਲੱਖਾਂ ਭਾਰਤੀਆਂ ਦੀ ਮੌਤ ਦਾ ਕਾਰਨ ਬਣਦੀ ਸੀ ਅਤੇ ਇਸ ਨੇ ਪਾਕਿਸਤਾਨ ਦੇ ਬਾਬਾ-ਏ-ਕੌਮ ਦੇ ਫੇਫੜਿਆਂ ’ਤੇ ਵੀ ਹਮਲਾ ਕਰ ਦਿੱਤਾ ਸੀ ਤੇ ਉਦੋਂ ਉਸ ਦੀ ਉਮਰ 70 ਸਾਲ ਹੋ ਚੁੱਕੀ ਸੀ। ਆਪਣੀ ਕਮਜ਼ੋਰ ਸਾਹ ਪ੍ਰਣਾਲੀ ਕਾਰਨ ਜਿਨਾਹ ਪੂਰੀ ਜ਼ਿੰਦਗੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਘੁਲਦਾ ਰਿਹਾ। ਉਸ ਨੇ ਬਰਲਿਨ ਵਿੱਚੋਂ ਵੀ ਇਲਾਜ ਕਰਵਾਇਆ ਸੀ, ਪਰ ਇਸ ਤੋਂ ਬਾਅਦ ਵੀ ਉਸ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਰਹੀ ਤੇ ਉਸ ਦੇ ਫੇਫੜੇ ਕਮਜ਼ੋਰ ਹੁੰਦੇ ਗਏ। ਉਸ ਨੂੰ ਸਾਹ ਪ੍ਰਣਾਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਘੇਰੀ ਰੱਖਦੀ ਸੀ। ਇੱਕ ਸਮਾਂ ਅਜਿਹਾ ਵੀ ਸੀ ਕਿ ਜੇ ਉਹ ਲੰਮਾ ਸਮਾਂ ਭਾਸ਼ਨ ਦੇਣ ਦਾ ਯਤਨ ਕਰਦਾ ਤਾਂ ਫਿਰ ਕਈ ਘੰਟੇ ਤਕ ਹਫ਼ਦਾ ਰਹਿੰਦਾ ਤੇ ਉਸ ਨੂੰ ਸਾਹ ਲੈਣ ’ਚ ਦਿੱਕਤ ਹੁੰਦੀ।
ਮਈ 1946 ’ਚ ਇਹ ਮੁਸਲਿਮ ਲੀਗ ਆਗੂ ਜਦੋਂ ਸ਼ਿਮਲਾ ’ਚ ਸੀ ਤਾਂ ਉਸ ਦੀ ਹਾਲਤ ਫਿਰ ਖ਼ਰਾਬ ਹੋ ਗਈ। ਜਿਨਾਹ ਦੀ ਭੈਣ ਫਾਤਿਮਾ ਉਸ ਨੂੰ ਰੇਲ ਗੱਡੀ ਰਾਹੀਂ ਬੰਬਈ ਲੈ ਗਈ ਪਰ ਇਸ ਲੰਮੇ ਸਫ਼ਰ ਦੌਰਾਨ ਉਸ ਦੀ ਹਾਲਤ ਏਨੀ ਵਿਗੜ ਗਈ ਕਿ ਫਾਤਿਮਾ ਨੇ ਡਾ. ਪਟੇਲ ਨੂੰ ਫੋਨ ਰਾਹੀਂ ਇਸ ਦੀ ਸੂਚਨਾ ਦਿੱਤੀ। ਡਾ. ਪਟੇਲ ਬੰਬਈ ਦੇ ਬਾਹਰਵਾਰੋਂ ਰੇਲ ਗੱਡੀ ’ਚ ਸਵਾਰ ਹੋਇਆ ਤੇ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਦੇ ਖ਼ਾਸ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਨੇ ਜਿਨਾਹ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਬੰਬਈ ਦੇ ਗਰੈਂਡ ਰੇਲ ਰੋਡ ਸਟੇਸ਼ਨ ’ਤੇ ਆਪਣੇ ਸਵਾਗਤ ਲਈ ਖੜ੍ਹੇ ਵੱਡੀ ਗਿਣਤੀ ਲੋਕਾਂ ਨੂੰ ਮਿਲਣ ਲੱਗ ਪਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਤਰ੍ਹਾਂ ਡਾ. ਪਟੇਲ ਨੇ ਉਸ ਨੂੰ ਪਹਿਲਾਂ ਹੀ ਕਿਸੇ ਹੋਰ ਸਟੇਸ਼ਨ ’ਤੇ ਉਤਾਰ ਲਿਆ ਅਤੇ ਹਸਪਤਾਲ ਲੈ ਗਿਆ। ਹਸਪਤਾਲ ’ਚ ਇਲਾਜ ਕਰਵਾਉਂਦਿਆਂ ਜਿਨਾਹ ਦੀ ਹਾਲਤ ’ਚ ਹੌਲੀ ਹੌਲੀ ਸੁਧਾਰ ਹੋ ਗਿਆ ਪਰ ਡਾ. ਪਟੇਲ ਨੇ ਉਹ ਭੇਤ ਜਾਣ ਲਿਆ ਸੀ ਜੋ ਉਸ ਵੇਲੇ ਭਾਰਤ ’ਚ ਸੱਤ ਪਰਦਿਆਂ ਹੇਠ ਛੁਪਾ ਕੇ ਰੱਖਿਆ ਜਾਣ ਵਾਲਾ ਸੀ।
ਜੇ ਜਿਨਾਹ ਤਪਦਿਕ ਦਾ ਆਮ ਮਰੀਜ਼ ਹੁੰਦਾ ਤਾਂ ਉਸ ਨੂੰ ਬਾਕੀ ਦੀ ਜ਼ਿੰਦਗੀ ਵਾਸਤੇ ਕਿਸੇ ਸੈਨੇਟੋਰੀਅਮ ’ਚ ਭਰਤੀ ਕਰਵਾ ਦਿੱਤਾ ਗਿਆ ਹੁੰਦਾ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਡਾ. ਪਟੇਲ ਉਸ ਨੂੰ ਆਪਣੇ ਦਫਤਰ ਲੈ ਗਿਆ। ਉਸ ਨੇ ਆਪਣੇ ਦੋਸਤ ਅਤੇ ਮਰੀਜ਼ ਨੂੰ ਬਿਮਾਰੀ ਦੀ ਗੰਭੀਰਤਾ ਬਾਰੇ ਉਹ ਮਨਹੂਸ ਜਾਣਕਾਰੀ ਦਿੱਤੀ ਜੋ ਮੌਤ ਬਣ ਕੇ ਉਸ ਦਾ ਪਿੱਛਾ ਕਰ ਰਹੀ ਸੀ। ਉਸ ਨੇ ਜਿਨਾਹ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤਾ ਨਾ ਥਕਾਵੇ, ਜ਼ਿਆਦਾਤਰ ਆਰਾਮ ਕਰੇ ਅਤੇ ਸ਼ਰਾਬ ਤੇ ਸਿਗਰਟ ਛੱਡ ਦੇਵੇ ਕਿਉਂਕਿ ਉਸ ਕੋਲ ਜ਼ਿੰਦਗੀ ਦੇ ਇੱਕ ਜਾਂ ਵੱਧ ਤੋਂ ਵੱਧ ਦੋ ਸਾਲ ਹੀ ਬਚੇ ਸਨ।
ਜਿਨਾਹ ਨੇ ਸਾਰੀ ਗੱਲ ਸਹਿਜ ਨਾਲ ਸੁਣੀ। ਉਸ ਦੇ ਜ਼ਰਦ ਚਿਹਰੇ ’ਤੇ ਕੋਈ ਮਾਮੂਲੀ ਹਾਵ-ਭਾਵ ਵੀ ਨਹੀਂ ਆਇਆ। ਉਸ ਨੇ ਡਾ. ਪਟੇਲ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਮਕਸਦ ਕਿਸੇ ਹਸਪਤਾਲ ਜਾਂ ਸੈਨੇਟੋਰੀਅਮ ’ਚ ਭਰਤੀ ਹੋਣ ਖਾਤਰ ਨਹੀਂ ਛੱਡ ਸਕਦਾ। ਜਦੋਂ ਤੱਕ ਉਹ ਕਬਰ ’ਚ ਨਹੀਂ ਚਲਾ ਜਾਂਦਾ ਉਦੋਂ ਤੱਕ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟੇਗਾ। ਇਤਿਹਾਸ ਦੇ ਇਸ ਅਹਿਮ ਮੋੜ ’ਤੇ ਉਸ ਨੇ ਭਾਰਤੀ ਮੁਸਲਮਾਨਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਜਿਸ ਨੂੰ ਉਹ ਹਰ ਹਾਲ ਨਿਭਾਏਗਾ। ਉਹ ਇਸ ਮਹਾਨ ਕਾਰਜ ਦੀ ਪੂਰਤੀ ਲਈ ਡਾਕਟਰ ਦੀ ਸਲਾਹ ਮੰਨਦਿਆਂ ਜਿੱਥੋਂ ਤੱਕ ਹੋ ਸਕਿਆ ਕੰਮ ਦਾ ਬੋਝ ਜ਼ਰੂਰ ਘਟਾ ਲਵੇਗਾ। ਜਿਨਾਹ ਜਾਣਦਾ ਸੀ ਕਿ ਜੇ ਉਸ ਦੇ ਵਿਰੋਧੀ ਹਿੰਦੂ ਆਗੂਆਂ ਨੂੰ ਉਸ ਦੇ ਬਿਮਾਰੀ ਨਾਲ ਛੇਤੀ ਮਰ ਜਾਣ ਬਾਰੇ ਪਤਾ ਲੱਗ ਗਿਆ ਤਾਂ ਉਹ ਸਮੁੱਚੀ ਸਿਆਸੀ ਸਥਿਤੀ ਬਦਲ ਦੇਣਗੇ ਤੇ ਉਸ ਦੇ ਵੱਖਰੇ ਦੇਸ਼ ਵਾਲੇ ਸੁਫਨੇ ਸਮੇਤ ਉਸ ਦੇ ਕਬਰ ’ਚ ਜਾਣ ਦੀ ਉਡੀਕ ਕਰਨ ਲੱਗ ਪੈਣਗੇ।

Advertisement

ਫਿਰ ਵੰਡ ਹੋਣੀ ਹੀ ਨਹੀਂ ਸੀ...

ਕਿਤਾਬ ਲਿਖਣ ਲਈ ਮੁਲਾਕਾਤਾਂ ਦੇ ਸਿਲਸਿਲੇ ਅਤੇ ਦਸਤਾਵੇਜ਼ਾਂ ਦੀ ਨਿਰਖ-ਪਰਖ ਦੌਰਾਨ ਇੱਕ ਦਿਨ ਅਸੀਂ (ਲੇਖਕਾਂ ਨੇ) ਲਾਰਡ ਮਾਊਂਟਬੈਟਨ ਨੂੰ ਉਸ ਭਾਰਤੀ ਡਾਕਟਰ ਨਾਲ ਆਪਣੀ ਮੀਟਿੰਗ ਦੀ ਰਿਪੋਰਟ ਦਿਖਾਈ ਜਿਸ ਨੇ 1947 ’ਚ ਮੁਹੰਮਦ ਅਲੀ ਜਿਨਾਹ ਦਾ ਇਲਾਜ ਕੀਤਾ ਸੀ। ਇਸ ਨੂੰ ਪੜ੍ਹਦਿਆਂ ਅਚਾਨਕ ਉਸ ਦੇ ਚਿਹਰੇ ਦਾ ਰੰਗ ਫੱਕ ਹੋ ਗਿਆ। ਉਸ ਨੇ ਡੂੰਘਾ ਸਾਹ ਲਿਆ ਅਤੇ ਕਿਹਾ, ‘‘ਓ ਮੇਰਿਆ ਰੱਬਾ! ਮੈਂ ਇਸ ’ਤੇ ਯਕੀਨ ਨਹੀਂ ਕਰ ਸਕਦਾ।’’ ਫਿਰ ਉਸ ਨੇ ਦੁਬਾਰਾ ਉਹ ਰਿਪੋਰਟ ਦੇਖੀ ਤਾਂ ਉਸ ਦੀਆਂ ਨੀਲੀਆਂ ਅੱਖਾਂ, ਜੋ ਆਮ ਤੌਰ ’ਤੇ ਸ਼ਾਂਤ ਨਜ਼ਰ ਆਉਂਦੀਆਂ ਸਨ, ਜਜ਼ਬਾਤੀ ਰੌਂਅ ’ਚ ਚਮਕ ਰਹੀਆਂ ਸਨ। ਉਸ ਨੇ ਰਿਪੋਰਟ ਵਾਲੇ ਕਾਗਜ਼ਾਂ ਨਾਲ ਕਈ ਵਾਰ ਹਵਾ ਦੀ ਝੱਲ ਮਾਰੀ ਅਤੇ ਕਿਹਾ, ‘‘ਜੇ ਇਹ ਸਭ ਮੈਨੂੰ ਉਸ ਵੇਲੇ ਪਤਾ ਲੱਗ ਜਾਂਦਾ ਤਾਂ ਇਤਿਹਾਸ ਦਾ ਵਹਿਣ ਕੁਝ ਹੋਰ ਹੀ ਹੋਣਾ ਸੀ। ਮੈਂ ਆਜ਼ਾਦੀ ਦੇਣ ਦਾ ਅਮਲ ਕਈ ਮਹੀਨੇ ਅੱਗੇ ਪਾ ਦੇਣਾ ਸੀ। ਫਿਰ ਵੰਡ ਹੋਣੀ ਹੀ ਨਹੀਂ ਸੀ। ਪਾਕਿਸਤਾਨ ਦੀ ਹੋਂਦ ਹੀ ਨਹੀਂ ਸੀ ਹੋਣੀ ਅਤੇ ਭਾਰਤ ਇਕਜੁੱਟ ਰਹਿਣਾ ਸੀ। ਤਿੰਨ ਜੰਗਾਂ ਤੋਂ ਬਚਿਆ ਜਾ ਸਕਦਾ ਸੀ...।’’ ਲਾਰਡ ਲੁਈਸ ਬੇਹੱਦ ਹੈਰਾਨ ਸੀ।

Advertisement
Advertisement
Advertisement