ਜੇ ਹੋਰ ਪਾਰਟੀਆਂ ਦੇ ਆਗੂ ‘ਚੱਜ’ ਦੇ ਹੁੰਦੇ ਤਾਂ ਅਸੀਂ ਸੱਤਾ ’ਚ ਨਾ ਆਉਂਦੇ: ਮਾਨ
ਜਸਵੀਰ ਸਿੰਘ ਭੁੱਲਰ/ਗੁਰਸੇਵਕ ਸਿੰਘ ਪ੍ਰੀਤ
ਦੋਦਾ/ ਸ੍ਰੀ ਮੁਕਤਸਰ ਸਾਹਿਬ, 5 ਨਵੰਬਰ
ਇਥੋਂ ਨਾਲ ਦੇ ਪਿੰਡ ਖਿੜਕੀਆਂਵਾਲਾ ਵਿੱਚ ਜ਼ਿਮਨੀ ਚੋਣ ਸਬੰਧੀ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ’ਤੇ ਵਿਅੰਗ ਕਰਦਿਆਂ ਕਿਹਾ ਕਿ ਇਸ ਨੇ ਅਕਾਲੀ ਦਲ ਛੱਡਿਆ, ਸ਼ਹੀਦ ਭਗਤ ਸਿੰਘ ਦੇ ਪਿੰਡ ਪੀਪੀਪੀ ਪਾਰਟੀ ਬਣਾ ਕੇ ਛੱਡੀ, ਕਾਂਗਰਸ ਵਿੱਚ ਵਿੱਤ ਮੰਤਰੀ ਬਣ ਕੇ ਉਹ ਪਾਰਟੀ ਛੱਡੀ। ਸ੍ਰੀ ਮਾਨ ਨੇ ਕੇਂਦਰ ਸਰਕਾਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸਰਕਾਰ ਦੀ ਸਹੁੰ ਹੀ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਵਿੱਚ ਚੁੱਕੀ ਹੈ। ਕਾਂਗਰਸ ਪਾਰਟੀ ਖ਼ਿਲਾਫ਼ ਮੁੱਖ ਮੰਤਰੀ ਦੇ ਸੁਰ ਨਰਮ ਨਜ਼ਰ ਆਏ। ਉਨ੍ਹਾਂ ਕਿਹਾ ਇਹ ਪਾਰਟੀਆਂ ਦੇ ਆਗੂ ਜੇ ਚੱਜ ਦੇ ਹੁੰਦੇ ਤਾਂ ਸਾਨੂੰ ਸ਼ਾਇਦ ਨਾ ਆਉਣਾ ਪੈਂਦਾ। ਉਨ੍ਹਾਂ ਕਿਹਾ ਕਿ ਹੁਣ ਮੰਗਾਂ ਹਲਕੇ ਦੇ ਲੋਕਾਂ ਦੀਆਂ ਅਤੇ ਕਾਗਜ਼ ਡਿੰਪੀ ਢਿੱਲੋਂ ਦਾ ਅਤੇ ਦਸਤਖ਼ਤ ਮੇਰੇ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਸੋਚਦੇ ਸਾਂ ਕਿ ਇਹ ਹਲਕਾ ਸਿਆਸਤ ਦਾ ਧੁਰਾ ਅਤੇ ਮੁੱਖ ਮੰਤਰੀ, ਵਿੱਤ ਮੰਤਰੀ, ਟਰਾਂਸਪੋਰਟ ਮੰਤਰੀ ਆਦਿ ਇਥੋਂ ਦੇ ਬਣੇ ਹਨ। ਇਲਾਕੇ ਦਾ ਵਿਕਾਸ ਬਹੁਤ ਹੋਇਆ ਹੋਵੇਗਾ ਪਰ ਆ ਕੇ ਦੇਖਿਆ ਤਾਂ ਨਿਰਾਸ਼ਾ ਹੀ ਹੋਈ । ਹੁਣ ਅਸੀ ਇਸ ਹਲਕੇ ਲਈ 100 ਕਰੋੜ ਦੇ ਕੰਮ ਸ਼ੁਰੂ ਕਰਵਾਏ ਹਨ, ਜੋ ਜਲਦੀ ਨੇਪਰੇ ਚੜ੍ਹਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗਿੱਦੜਬਾਹਾ ਹਲਕੇ ’ਚ ਪਹਿਲੀਆਂ ਸਰਕਾਰਾਂ ਨੇ ਝੂਠੇ ਪਰਚੇ ਪਾ ਕੇ ਲੋਕਾਂ ਦਾ ਬੁਰਾ ਹਾਲ ਕੀਤਾ ਹੈ। ਇਸ ਇਲਾਕੇ ’ਚ ਸਭ ਤੋਂ ਵੱਧ ਝੂਠੇ ਪਰਚੇ ਹਨ। ਹੁਣ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਪੂਰੇ ਪੰਜਾਬ ’ਚ ਇਕ ਵੀ ਝੂਠਾ ਕੇਸ ਦਰਜ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਲਕੇ ਤੋਂ ਬਾਹਰਲੇ ਉਮੀਦਵਾਰ ਕਹਿੰਦਿਆਂ ਡਿੰਪੀ ਢਿੱਲੋਂ ਨੂੰ ਹਰ ਵੇਲੇ ਅਤੇ ਹਰੇਕ ਲਈ ਹਾਜ਼ਰ ਰਹਿਣ ਵਾਲਾ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਵਾਰੋ-ਵਾਰੀ ਦੋ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੁਣੀ ਜਾਂਦੇ ਸੀ ਤੇ ਦੋਹਾਂ ਤੋਂ ਦੁਖੀ ਰਹਿੰਦੇ ਸੀ। ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਸੀ ਪਰ ਹੁਣ ਇਸ ਦਾ ਬਦਲ ਆਮ ਆਦਮੀ ਪਾਰਟੀ ਹੈ।
ਇਸ ਮੌਕੇ ਡਿੰਪੀ ਢਿੱਲੋੋਂ ਨੇ ਕਿਹਾ ਕਿ ਜਿੰਨਾ ਵਿਕਾਸ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੇ ਤੀਹ ਸਾਲਾਂ ਵਿੱਚ ਨਹੀਂ ਕੀਤਾ ਤੁਸੀ ਸਾਨੂੰ ਮੌਕਾ ਦਿਓ ਅਸੀਂ ਤੁਹਾਨੂੰ ਦੋ ਸਾਲਾਂ ਵਿਚ ਕਰਕੇ ਵਿਖਾਂਵਾਂਗੇ। ਇਸ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਮੁਕਤਸਰ ਕਾਕਾ ਬਰਾੜ, ਵਿਧਾਇਕ ਦਵਿੰਦਰ ਸਿੰਘ ਢੋਸ ਧਰਮਕੋਟ, ਸ਼ਨੀ ਢਿੱਲੋਂ, ਜਗਸੀਰ ਸਿੰਘ ਭੁੱਟੀਵਾਲਾ, ਇਕਬਾਲ ਸਿੰਘ, ਤਰਸੇਮ ਸਿੰਘ ਹਾਜ਼ਰ ਸਨ। ਮਗਰੋਂ ਮੁੱਖ ਮੰਤਰੀ ਦਾ ਕਾਫਲਾ ਪਿੰਡ ਹਰੀਕੇ ਕਲਾਂ ਅਤੇ ਕੋਟਲੀ ਅਬਲੂ ਵਿੱਚ ਚੋਣ ਪ੍ਰਚਾਰ ਨੂੰ ਰਵਾਨਾ ਹੋ ਗਿਆ।
ਭਗਵੰਤ ਮਾਨ ਨੇ 50 ਕਰੋੜ ਦੇ ਫੰਡ ਪਹਿਲਾਂ ਹੀ ਜਾਰੀ ਕੀਤੇ: ਡਿੰਪੀ
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਇੱਥੋਂ ਮਨਪ੍ਰੀਤ ਸਿੰਘ ਬਾਦਲ ਤੇ ਰਾਜਾ ਵੜਿੰਗ ਪਹਿਲਾਂ ਵੀ ਕਈ-ਕਈ ਵਾਰ ਵਿਧਾਇਕ ਬਣੇ ਪਰ ਗਿੱਦੜਬਾਹਾ ਹਲਕੇ ਦਾ ਕੁੱਝ ਨਹੀਂ ਸੰਵਾਰਿਆ ਪਰ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਵੇਲੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ 50 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਤੇ ਹੁਣ ਚੋਣ ਜ਼ਾਬਤੇ ਤੋਂ ਬਾਅਦ ਹੋਰ ਵੀ ਫੰਡ ਜਾਰੀ ਹੋਣਗੇ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਝੋਨੇ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਜਾਰੀ: ਭਗਵੰਤ ਮਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 110.89 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 105.09 ਲੱਖ ਮੀਟ੍ਰਿਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਆਮਦ ਵਿੱਚ ਹੁਣ ਤੱਕ ਪਟਿਆਲਾ ਜ਼ਿਲ੍ਹੇ ’ਚ ਸਭ ਤੋਂ ਵੱਧ 9.42 ਲੱਖ ਮੀਟ੍ਰਿਕ ਟਨ ਫਸਲ ਪਹੁੰਚੀ ਹੈ।