For the best experience, open
https://m.punjabitribuneonline.com
on your mobile browser.
Advertisement

ਸਰਕਾਰ ਬਣਨ ’ਤੇ ਹਰਿਆਣਾ ਨੂੰ ਬਣਾਵਾਂਗੇ ਅੱਵਲ ਨੰਬਰ ਸੂਬਾ: ਦੀਪੇਂਦਰ

11:24 AM Aug 19, 2024 IST
ਸਰਕਾਰ ਬਣਨ ’ਤੇ ਹਰਿਆਣਾ ਨੂੰ ਬਣਾਵਾਂਗੇ ਅੱਵਲ ਨੰਬਰ ਸੂਬਾ  ਦੀਪੇਂਦਰ
ਅੰਬਾਲਾ ਵਿੱਚ ਪੈਦਲ ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੀਪੇਂਦਰ ਹੁੱਡਾ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 18 ਅਗਸਤ
ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਸ਼ਾਮ ਨੂੰ ‘ਹਰਿਆਣਾ ਮਾਂਗੇ ਹਿਸਾਬ’ ਮੁਹਿੰਮ ਤਹਿਤ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਭਵਨ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਬਜ਼ੁਰਗਾਂ ਨੂੰ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ, ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ, 500 ਰੁਪਏ ’ਚ ਔਰਤਾਂ ਲਈ ਐਲਪੀਜੀ ਸਿਲੰਡਰ ਦਿੱਤਾ ਜਾਵੇਗਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕੀਤੀ ਜਾਵੇਗੀ ਅਤੇ ਵਿਕਾਸ, ਨਿਵੇਸ਼, ਸਿੱਖਿਆ ਤੇ ਸਿਹਤ ਪੱਖੋਂ ਹਰਿਆਣਾ ਨੂੰ ਨੰਬਰ ਇਕ ਸੂਬਾ ਬਣਾਇਆ ਜਾਵੇਗਾ।
ਇਹ ਯਾਤਰਾ ਜੈਨ ਸੋਢਾ ਵਾਟਰ ਫੈਕਟਰੀ ਚੌਕ, ਵਿਜੇ ਰਤਨ ਚੌਕ, ਰਾਏ ਮਾਰਕੀਟ ਤੋਂ ਹੁੰਦੀ ਹੋਈ ਮੋਟਰ ਮਾਰਕੀਟ ਵਿਖੇ ਸਮਾਪਤ ਹੋਈ।
ਦੀਪੇਂਦਰ ਹੁੱਡਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਝੂਠੇ ਐਲਾਨਾਂ ਦਾ ਪਰਦਾਫਾਸ਼ ਹੋਣ ਤੋਂ ਬਚਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਹਰਿਆਣਾ ਵਿੱਚ ਚੋਣਾਂ ਦਾ ਐਲਾਨ ਜਲਦੀ ਕਰਵਾ ਕੇ ਚੋਣ ਜ਼ਾਬਤੇ ਵਜੋਂ ਆਪਣੇ ਹੀ ਐਲਾਨਾਂ ਦੀ ਬਲੀ ਦੇ ਦਿੱਤੀ। ਦੀਪੇਂਦਰ ਹੁੱਡਾ ਨੇ ਕਿਹਾ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਅਤੇ ਸਭ ਤੋਂ ਵੱਧ ਕੀਮਤ ਦੀ ਗਾਰੰਟੀ, ਦੋ ਲੱਖ ਖ਼ਾਲੀ ਸਰਕਾਰੀ ਅਸਾਮੀਆਂ ’ਤੇ ਯੋਗ ਹਰਿਆਣਵੀ ਨੌਜਵਾਨਾਂ ਦੀ ਸਮਾਂਬੱਧ ਭਰਤੀ, ਗਰੀਬ ਪਰਿਵਾਰਾਂ ਨੂੰ 100 ਗਜ਼ ਦਾ ਮੁਫਤ ਪਲਾਟ ਤੇ 3.5 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰਿਆਂ ਦਾ ਮਕਾਨ, ਪਛੜੀ ਸ਼੍ਰੇਣੀ ਦੀ ਕ੍ਰੀਮੀ ਲੇਅਰ ਆਮਦਨ ਸੀਮਾ ਨੂੰ 10 ਲੱਖ ਤੱਕ ਵਧਾਇਆ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਵਰੁਣ ਮੁਲਾਣਾ, ਸਾਬਕਾ ਮੰਤਰੀ ਨਿਰਮਲ ਸਿੰਘ, ਚਿੱਤਰਾ ਸਰਵਾਰਾ, ਪ੍ਰੋ. ਵਰਿੰਦਰ, ਜੈਦੀਪ ਧਨਖੜ ਆਦਿ ਹਾਜ਼ਰ ਸਨ।

Advertisement
Advertisement
Author Image

Advertisement
×