ਹਫ਼ਤੇ ’ਚ ਨਿਯੁਕਤੀ ਪੱਤਰ ਨਾ ਮਿਲਣ ’ਤੇ ਕੰਮ ਛੱਡਣਗੇ ਸਫਾਈ ਸੇਵਕ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਇੱਥੇ ਸਫਾਈ ਸੇਵਕ ਯੂਨੀਅਨ ਨੇ ਦੋ ਦਹਾਕੇ ਤੋਂ ਮਹਿਜ਼ ਚੌਵੀ ਸੌ ਰੁਪਏ ਮਿਹਨਤਾਨੇ ’ਤੇ ਕੰਮ ਕਰਕੇ ਟੱਬਰ ਪਾਲਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸੱਤ ਦਿਨਾਂ ਵਿੱਚ ਕੰਟਰੈਕਟ ਬੇਸ ’ਤੇ ਨਿਯੁਕਤੀ ਪੱਤਰ ਨਾ ਦੇਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਸਫਾਈ ਸੇਵਕ ਯੂਨੀਅਨ ਨੇ ਅੱਜ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ-ਪੱਤਰ ਸੌਂਪਿਆ। ਇਸ ਵਿੱਚ ਕਿਹਾ ਗਿਆ ਕਿ ਬਹੁਤ ਹੀ ਘੱਟ ਮਿਹਨਤਾਨੇ ’ਤੇ ਵੀਹ ਸਾਲ ਤੋਂ ਕੰਮ ਕਰਦੇ ਆ ਰਹੇ ਸਫਾਈ ਕਾਮਿਆਂ ਨੂੰ ਸਰਕਾਰ ਵਾਅਦੇ ਮੁਤਾਬਕ ਪੱਕਾ ਨਹੀਂ ਕਰ ਰਹੀ। ਇਨ੍ਹਾਂ ਨੂੰ ਕੰਟਰੈਕਟ ਬੇਸ ’ਤੇ ਨਿਯੁਕਤੀ ਪੱਤਰ ਦੇਣ ‘ਚ ਦੇਰੀ ਹੋ ਰਹੀ ਹੈ ਅਤੇ ਇਨ੍ਹਾਂ ਦੀ ਤਨਖ਼ਾਹਾਂ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ। ਜੇ ਹੁਣ ਹਫ਼ਤੇ ਦੇ ਅੰਦਰ ਸਰਕਾਰ ਨੇ ਸਫਾਈ ਕਾਮਿਆਂ ਦੀ ਇਹ ਮੰਗ ਨਾ ਮੰਨੀ ਤਾਂ ਸਫਾਈ ਕਾਮੇ ਸੰਘਰਸ਼ ਲਈ ਮਜਬੂਰ ਹੋਣਗੇ। ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਿਧਾਇਕ ਮਾਣੂੰਕੇ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਅਤੇ ਕਾਰਜਸਾਧਕ ਅਫ਼ਸਰ ਨੂੰ ਲਿਖਤ ਪੱਤਰ ਰਾਹੀਂ ਅਲਟੀਮੇਟਮ ਦੇ ਦਿੱਤਾ ਹੈ। ਮੰਗ ਨਾ ਮੰਨਣ ’ਤੇ ਸਮੂਹ ਕੱਚੇ ਅਤੇ ਪੱਕੇ ਸਫਾਈ ਸੇਵਕ, ਸੀਵਰਮੈਨ ਅਤੇ ਹੋਰ ਕਰਮਚਾਰੀ ਕੰਮ ਬੰਦ ਕਰਕੇ ਸੰਘਰਸ਼ ਦੇ ਰਾਹ ‘ਤੇ ਜਾਣ ਲਈ ਮਜਬੂਰ ਹੋਣਗੇ। ਮੰਗ ਪੱਤਰ ਦੇਣ ਮੌਕੇ ਮੀਤ ਪ੍ਰਧਾਨ ਸਨੀ, ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਚਿੰਡਾਲੀਆ, ਰਾਜ ਕੁਮਾਰ, ਲਖਵੀਰ ਸਿੰਘ, ਡਿੰਪਲ, ਬਲਵਿੰਦਰ ਸਿੰਘ, ਸਤੀਸ਼ ਕੁਮਾਰ, ਸੁਰਜੀਤ ਸਿੰਘ, ਭੂਸ਼ਨ ਗਿੱਲ, ਭਾਨੂ ਪ੍ਰਤਾਪ, ਸੁਨੀਲ ਕੁਮਾਰ ਮੌਜੂਦ ਸਨ।