ਕੁੱਝ ਲੋਕਾਂ ਨੂੰ ਤਕਲੀਫ਼ ਹੁੰਦੀ ਤਾਂ ਹੋਣ ਦਿਓ, ਦੇਸ਼ ਤੋਂ ਵਧ ਕੇ ਕੋਈ ਨਹੀਂ: ਕਪਿਲ
ਨਵੀਂ ਦਿੱਲੀ, 1 ਮਾਰਚ
ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਅੱਜ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਘਰੇਲੂ ਕ੍ਰਿਕਟ ਖੇਡਣ ਦੀ ਆਪਣੀ ਵਚਨਬੱਧਤਾ ਪੂਰੀ ਨਾ ਕਰਨ ਕਾਰਨ ਕੇਂਦਰੀ ਕਰਾਰ ਨਾ ਦੇਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਕੁੱਝ ਖਿਡਾਰੀਆਂ ਨੂੰ ਤਕਲੀਫ਼ ਹੁੰਦੀ ਤਾਂ ਹੋਣ ਦਿਓ ਕਿਉਂਕਿ ਦੇਸ਼ ਤੋਂ ਵਧ ਕੇ ਕੋਈ ਨਹੀਂ ਹੈ। ਕਪਿਲ ਨੇ ਕਿਹਾ ਕਿ ਇਹ ਅੱਵਲ ਸ਼੍ਰੇਣੀ ਟੂਰਨਾਮੈਂਟ ਵਰਗੀ ਰਣਜੀ ਟਰਾਫ਼ੀ ਨੂੰ ਬਚਾਈ ਰੱਖਣ ਲਈ ਜ਼ਰੂਰੀ ਕਦਮ ਹੈ। ਇਸ਼ਾਨ ਕਿਸ਼ਨ ਅਤੇ ਸ਼੍ਰੇਯਸ ਅਈਅਰ ਨੂੰ ਬੁੱਧਵਾਰ ਨੂੰ 2023-24 ਸੈਸ਼ਨ ਲਈ ਬੀਸੀਸੀਆਈ ਦੇ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ’ਤੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਆ ਰਹੀ ਹੈ, ਜਿਸ ਵਿੱਚ ਕੀਰਤੀ ਆਜ਼ਾਦ ਅਤੇ ਇਰਫ਼ਾਨ ਪਠਾਨ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਸਮਰਥਨ ਕੀਤਾ ਹੈ। ਕਪਿਲ ਨੇ ਕਿਸੇ ਦਾ ਨਾਮ ਲੈਣ ਤੋਂ ਬਚਦਿਆਂ ਕਿਹਾ ਕਿ ਘਰੇਲੂ ਕ੍ਰਿਕਟ ਦੀ ਅਹਿਮੀਅਤ ਬਰਕਰਾਰ ਰੱਖਣ ਲਈ ਬੀਸੀਸੀਆਈ ਨੇ ਫ਼ੈਸਲਾ ਲੈਣਾ ਹੀ ਸੀ। ਉਨ੍ਹਾਂ ਕਿਹਾ, ‘‘ਹਾਂ, ਕੁੱਝ ਖਿਡਾਰੀਆਂ ਨੂੰ ਪ੍ਰੇਸ਼ਾਨੀ ਹੋਵੇਗੀ। ਕੁੱਝ ਲੋਕਾਂ ਨੂੰ ਤਕਲੀਫ਼ ਹੋਵੇਗੀ, ਹੋਣ ਦਿਓ ਪਰ ਦੇਸ਼ ਤੋਂ ਵਧ ਕੇ ਕੋਈ ਨਹੀਂ ਹੈ। ਬਹੁਤ ਚੰਗਾ ਫ਼ੈਸਲਾ।’’ ਦੇਸ਼ ਨੂੰ 1983 ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਮੈਂ ਬੀਸੀਸੀਆਈ ਨੂੰ ਘਰੇਲੂ ਕ੍ਰਿਕਟ ਦਾ ਦਰਜਾ ਬਚਾਉਣ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕਣ ਲਈ ਵਧਾਈ ਦਿੰਦਾ ਹਾਂ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਸੀ ਕਿ ਇੱਕ ਵਾਰ ਖਿਡਾਰੀ ਕੌਮਾਂਤਰੀ ਕ੍ਰਿਕਟ ਵਿੱਚ ਖੁਦ ਨੂੰ ਸਥਾਪਤ ਕਰ ਲੈਂਦੇ ਹਨ ਤਾਂ ਉਹ ਘਰੇਲੂ ਕ੍ਰਿਕਟ ਵਿੱਚ ਹਿੱਸਾ ਲੈਣਾ ਬੰਦ ਕਰ ਦਿੰਦੇ ਸੀ।’’ ਬੀਸੀਸੀਆਈ ਨੇ ਕੇਂਦਰੀ ਕਰਾਰ ਦਾ ਐਲਾਨ ਕਰਦਿਆਂ ਖਿਡਾਰੀਆਂ ਤੋਂ ਘਰੇਲੂ ਮੁਕਾਬਲਿਆਂ ਨੂੰ ਅਹਿਮੀਅਤ ਦੇਣ ਦੀ ਮੰਗ ਕੀਤੀ ਸੀ। -ਪੀਟੀਆਈ