For the best experience, open
https://m.punjabitribuneonline.com
on your mobile browser.
Advertisement

ਜੇ ਸਾਡੀ ਪੁਲੀਸ ਵੀ ਇਹੋ ਜਿਹੀ ਹੋਵੇ...

10:58 AM Jan 08, 2025 IST
ਜੇ ਸਾਡੀ ਪੁਲੀਸ ਵੀ ਇਹੋ ਜਿਹੀ ਹੋਵੇ
Advertisement

ਜਸਵੀਰ ਸਿੰਘ ਜੱਸੀ

ਮੈਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰੈਸਨੋ ਤੋਂ ਆਪਣੇ ਟਰੱਕ ਰਾਹੀਂ ਸਾਤਾ ਮੜੀਆ ਸਥਾਨ ਤੋਂ ਲੋਡ ਚੁੱਕਣ ਗਿਆ ਜੋ ਕਿ ਕਰੀਬ ਸਾਡੇ ਸ਼ਹਿਰ ਫਰੈਸਨੋ ਤੋਂ 170 ਮੀਲ ਦੀ ਦੂਰੀ ’ਤੇ ਸਥਿਤ ਹੈ। ਜਦੋਂ ਮੈਂ ਸ਼ਾਮ ਨੂੰ ਲੋਡ ਚੁੱਕਣ ਤੋਂ ਬਾਅਦ ਵਾਪਸ ਮੁੜਨ ਲੱਗਿਆ ਤਾਂ ਮੇਰਾ ਜੀਪੀਐੱਸ ਟਰੱਕ ਤਕਨੀਕੀ ਨੁਕਸ ਕਾਰਨ ਖਰਾਬ ਹੋ ਗਿਆ ਤਾਂ ਮੈਂ ਬਦਲਵਾਂ ਪ੍ਰਬੰਧ ਕਰਕੇ ਆਪਣੇ ਸ਼ਹਿਰ ਦੀ ਲੋਕੇਸ਼ਨ ਆਪਣੇ ਮੋਬਾਈਲ ਵਿੱਚ ਪਾ ਲਈ ਤਾਂ ਕਿ ਸਹੀ ਰਾਸਤੇ ਉਤੇ ਜਾ ਸਕਾਂ।
ਮੈਨੂੰ ਫੋਨ ਵਾਲੇ ਸਿਸਟਮ ਨੇ ਇੱਕ ਲਿੰਕ ਸੜਕ ’ਤੇ ਪਾ ਦਿੱਤਾ ਕਿਉਂਕਿ ਮੈਂ ਡਰਾਈਵਰ ਵੀ ਨਵਾਂ ਸੀ ਅਤੇ ਦੂਜਾ ਸਾਤਾ ਮੜੀਆ ਵਿਖੇ ਗਿਆ ਵੀ ਪਹਿਲੀ ਵਾਰ ਸੀ, ਤੀਜਾ ਮੇਰੇ ਟਰੱਕ ਨੂੰ ਵੀ ਕੁਝ ਸਮੱਸਿਆ ਆ ਰਹੀ ਸੀ ਜੋ ਕਿ ਚੰਗੀ ਤਰ੍ਹਾਂ ਸਪੀਡ ਨਹੀਂ ਫੜ ਰਿਹਾ ਸੀ ਜਾਂ ਕਹਿ ਲਈਏ ਕਿ ਉਹ ਥੋੜ੍ਹਾ ਮੋਸ਼ਨ ਤੋੜ ਰਿਹਾ ਸੀ। ਜਿਵੇਂ ਅਕਸਰ ਆਪਣੀ ਪੰਜਾਬੀ ਦੀ ਕਹਾਵਤ ਹੈ ‘ਇੱਕ ਕਮਲੀ ਦੂਜਾ ਸਿਵਿਆਂ ਦੇ ਰਾਹ ਪੈ ਗਈ’, ਇਸ ਤਰ੍ਹਾਂ ਹੀ ਮੈਂ ਜਦੋਂ ਮੈਂ ਲਿੰਕ ਸੜਕ ਉਤੇ ਜਾ ਰਿਹਾ ਸੀ ਤਾਂ ਉਹ ਰਸਤਾ ਕਾਫ਼ੀ ਉੱਚੀ ਪਹਾੜੀ ਵਾਲਾ ਸੀ ਅਤੇ ਕਰੀਬ 20-22 ਮੀਲ ਜਾਣ ਤੋਂ ਬਾਅਦ ਹੀ ਵਧੀਆ ਤੇ ਪੱਧਰਾ ਰਾਸਤਾ ਆਉਣਾ ਸੀ, ਪਰ ਮੇਰੇ ਟਰੱਕ ਦੀ ਪਿਕਅੱਪ ਠੀਕ ਨਾ ਹੋਣ ਕਰਕੇ ਅਤੇ ਮੇਰੀ ਨਵੀਂ ਡਰਾਈਵਰੀ ਕਰਕੇ ਮੇਰਾ ਅਜਿਹੇ ਰਸਤੇ ’ਤੇ ਜਾਣ ਦਾ ਹੌਸਲਾ ਨਾ ਬਣੇ। ਉਸ ਰਸਤੇ ਤੋਂ ਯੂ-ਟਰਨ ਮਾਰਨਾ ਵੀ ਸੰਭਵ ਨਹੀਂ ਸੀ।
ਅਜਿਹੇ ਵਿੱਚ ਮੈਂ ਫ਼ੈਸਲਾ ਕੀਤਾ ਕਿ ਕਿਉਂ ਨਾ ਪੁਲੀਸ ਦੀ ਮਦਦ ਲਈ ਜਾਵੇ ਕਿਉਂਕਿ ਪੰਜਾਬ ਵਿੱਚ ਰਹਿੰਦਿਆਂ ਕਈ ਵਾਰ ਸੁਣਿਆ ਸੀ ਕਿ ਅਮਰੀਕਾ ਦੀ ਪੁਲੀਸ ਬਹੁਤ ਵਧੀਆ ਹੈ। ਜਦੋਂ ਮੈਂ ਪੁਲੀਸ ਮਦਦ ਲਈ ਕਾਲ ਕੀਤੀ ਤਾਂ ਕੁਝ ਮਿੰਟਾਂ ਵਿੱਚ ਹੀ ਪੁਲੀਸ ਦੀਆਂ ਦੋ ਗੱਡੀਆਂ ਆ ਗਈਆਂ। ਪੁਲੀਸ ਵਾਲਿਆਂ ਨੇ ਬਹੁਤ ਹੀ ਹਲੀਮੀ ਨਾਲ ਮੇਰੀ ਸਮੱਸਿਆ ਜਾਣੀ ਅਤੇ ਕਿਹਾ ਕਿ ਸਿੰਘਾਂ ਤੂੰ ਇਸ ਸੜਕ ਉੱਤੇ ਜਾ ਸਕਦਾ ਹੈ, ਪਰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ।
ਮੈਂ ਪੁਲੀਸ ਵਾਲਿਆਂ ਨੂੰ ਟਰੱਕ ਦਾ ਮੋਸ਼ਨ ਟੁੱਟਣ ਬਾਰੇ ਪਹਿਲਾਂ ਹੀ ਦੱਸ ਚੁੱਕਾ ਸੀ ਅਤੇ ਬੇਨਤੀ ਕੀਤੀ ਕਿ ਕੀ ਉਹ ਮੈਨੂੰ ਮੇਰੇ ਟਰੱਕ ਸਮੇਤ ਐਸਕੋਰਟ ਅਤੇ ਪਾਇਲਟ ਗੱਡੀ ਲਗਾ ਕੇ 20 ਮੀਲਾਂ ਤੱਕ ਛੱਡ ਸਕਦੇ ਹਨ ਤਾਂ ਉਨ੍ਹਾਂ ਦੋਵੇਂ ਪੁਲੀਸ ਵਾਲਿਆਂ ਨੇ ਹਾਂ ਕਰ ਦਿੱਤੀ। ਫਿਰ ਉਹ ਜੋ ਆਪਣੀਆਂ ਅੱਡ-ਅੱਡ ਗੱਡੀਆਂ ਵਿੱਚ ਆਏ ਸਨ ਤਾਂ ਇੱਕ ਪੁਲੀਸ ਵਾਲੇ ਨੇ ਗੱਡੀ ਮੇਰੇ ਟਰੱਕ ਦੇ ਅੱਗੇ ਲਗਾ ਲਈ ਅਤੇ ਦੂਜੇ ਨੇ ਪਿੱਛੇ ਲਗਾ ਲਈ ਅਤੇ ਮੈਨੂੰ ਚੱਲਣ ਲਈ ਕਹਿ ਦਿੱਤਾ। ਚੜ੍ਹਾਈ ਭਾਵੇਂ ਜ਼ਿਆਦਾ ਸੀ, ਪਰ ਟਰੱਕ ਹੌਲੀ-ਹੌਲੀ ਚੜ੍ਹਾਈ ਚੜ੍ਹ ਰਿਹਾ ਸੀ। ਹੁਣ ਮੈਨੂੰ ਕਾਫ਼ੀ ਹੌਸਲਾ ਹੋ ਗਿਆ ਸੀ ਕਿ ਦੋ ਪੁਲੀਸ ਦੀਆਂ ਗੱਡੀਆਂ ਮੇਰੇ ਨਾਲ ਹਨ। ਜੇਕਰ ਕੋਈ ਸਮੱਸਿਆ ਆ ਵੀ ਗਈ ਤਾਂ ਪੁਲੀਸ ਵਾਲੇ ਆਪੇ ਹੱਲ ਕੱਢਣਗੇ। ਇਹ ਸੋਚ ਕੇ ਮੈਨੂੰ ਮਨ ਹੀ ਮਨ ਵਿੱਚ ਥੋੜ੍ਹਾ ਸਕੂਨ ਵੀ ਆ ਰਿਹਾ ਸੀ ਕਿ ਜਿਵੇਂ ਪੰਜਾਬ ਵਿੱਚ ਇੱਕ ਮੰਤਰੀ ਦੇ ਅੱਗੇ ਪਿੱਛੇ ਪੁਲੀਸ ਦੀਆਂ ਦੋ-ਦੋ ਗੱਡੀਆਂ ਚੱਲਦੀਆਂ ਹਨ, ਅੱਜ ਮੇਰੇ ਨਾਲ ਵੀ ਇਵੇਂ ਹੀ ਦੋ ਗੱਡੀਆਂ ਚੱਲ ਰਹੀਆਂ ਹਨ।
ਕੁਝ ਮੀਲਾਂ ਬਾਅਦ ਜਦੋਂ ਰਸਤਾ ਪੱਧਰਾ ਆ ਗਿਆ ਤਾਂ ਮੈਂ ਪੁਲੀਸ ਦੀ ਗੱਡੀ ਜੋ ਕਿ ਮੇਰੇ ਅੱਗੇ ਹੌਲੀ-ਹੌਲੀ ਜਾ ਰਹੀ ਸੀ, ਮੈਂ ਉਸ ਨੂੰ ਹਾਰਨ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਮੈਂ ਟਰੱਕ ਸੜਕ ਦੇ ਇੱਕ ਪਾਸੇ ਲਗਾ ਕੇ ਦੋਵੇਂ ਪੁਲੀਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਹੁਣ ਵਾਪਸ ਜਾ ਸਕਦੇ ਹੋ। ਹੁਣ ਮੈਂ ਸੁਰੱਖਿਅਤ ਸੜਕ ਉਤੇ ਆ ਗਿਆ ਹਾਂ। ਮੈਨੂੰ ਉਨ੍ਹਾਂ ਪੁਲੀਸ ਵਾਲਿਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਲੱਭ ਰਿਹਾ ਸੀ। ਇਸ ਲਈ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਨਾਲ ਕੌਫ਼ੀ ਦਾ ਕੱਪ ਸਾਂਝਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਬਹੁਤ ਹੀ ਹਲੀਮੀ ਅਤੇ ਨਿਮਰਤਾ ਨਾਲ ਸਮਾਂ ਘੱਟ ਹੋਣ ਦੀ ਮਜਬੂਰੀ ਦੱਸੀ ਅਤੇ ਦੁਬਾਰਾ ਮਿਲਣ ਦੀ ਆਸ ਨਾਲ ਚੰਗੇ ਸਫ਼ਰ ਦੀਆਂ ਸ਼ੁਭਕਾਮਨਾਵਾਂ ਦੇ ਕੇ ਉਹ ਗੋਰੇ ਪੁਲੀਸ ਮੁਲਾਜ਼ਮ ਵਾਪਸ ਚਲੇ ਗਏ।
ਹੁਣ ਮੇਰਾ ਭਾਵੇਂ ਮਸਲਾ ਹੱਲ ਹੋ ਗਿਆ ਸੀ, ਪਰ ਇੱਕ ਮਸਲਾ ਰਹਿ ਗਿਆ ਉਹ ਇਹ ਸੀ ਕਿ ਕਾਸ਼! ਭਾਰਤ ਦੀ ਪੁਲੀਸ ਵੀ ਇਹੋ ਜਿਹੀ ਹੋਵੇ। ਇਹ ਸਵਾਲ ਮੈਨੂੰ ਵਾਰ-ਵਾਰ ਉਦੋਂ ਤੱਕ ਤੰਗ ਕਰਦਾ ਰਿਹਾ ਜਦੋਂ ਤੱਕ ਮੈਂ ਵਾਪਸ ਫਰੈਸਨੋ ਨਹੀਂ ਪਹੁੰਚ ਗਿਆ। ਜੇਕਰ ਉਹ ਪੁਲੀਸ ਵਾਲੇ ਮੇਰੀ ਇਸ ਤਰ੍ਹਾਂ ਮਦਦ ਨਾ ਕਰਦੇ ਤਾਂ ਮੈਂ ਬਹੁਤ ਪਰੇਸ਼ਾਨ ਹੋਣਾ ਸੀ। ਦੂਜਾ ਜੇ ਮੈਂ ਅਜਿਹੀ ਸਥਿਤੀ ਵਿੱਚ ਕਿਤੇ ਭਾਰਤ ਵਿੱਚ ਫਸ ਜਾਂਦਾ ਤਾਂ ਤੁਸੀਂ ਸੋਚ ਹੀ ਸਕਦੇ ਹੋ ਕੀ ਹੋਣਾ ਸੀ। ਉਸ ਮੁਸ਼ਕਿਲ ਦੌਰਾਨ ਅਮਰੀਕੀ ਪੁਲੀਸ ਮੇਰੇ ਲਈ ਵੱਡਾ ਸਹਾਰਾ ਬਣ ਕੇ ਬਹੁੜੀ। ਮੈਂ ਅਕਸਰ ਸੋਚਦਾ ਹਾਂ ਕਿ ਜੇਕਰ ਹਰ ਦੇਸ਼ ਦੀ ਪੁਲੀਸ ਨਾਗਰਿਕਾਂ ਨੂੰ ਮੁਸੀਬਤ ਪੈਣ ’ਤੇ ਉਨ੍ਹਾਂ ਨਾਲ ਇਸ ਤਰ੍ਹਾਂ ਖੜ੍ਹੇ ਤਾਂ ਦੁਨੀਆ ਵਿੱਚ ਕਿੰਨੀਆਂ ਹੀ ਸਮੱਸਿਆਵਾਂ ਆਪ ਹੀ ਖਤਮ ਹੋ ਜਾਣਗੀਆਂ, ਬਸ ਪੁਲੀਸ ਦੇ ਰਵੱਈਏ ਨੂੰ ਬਦਲਣ ਦੀ ਲੋੜ ਹੈ।

Advertisement

ਸੰਪਰਕ: 0015597705624 

Advertisement

Advertisement
Author Image

sukhwinder singh

View all posts

Advertisement