‘ਇੰਡੀਆ’ ਸੱਤਾ ’ਚ ਆਇਆ ਤਾਂ ਰੱਦ ਕਰਾਂਗੇ ਐੱਨਆਰਸੀ ਤੇ ਸੀਏਏ: ਮਮਤਾ
ਸਿਲਚਰ (ਅਸਾਮ), 17 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਪੂਰੇ ਦੇਸ਼ ਨੂੰ ‘ਖੁੱਲ੍ਹੀ ਜੇਲ੍ਹ’ ਬਣਾਉਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਜੇਕਰ ਵਿਰੋਧੀ ਗੱਠਜੋੜ ‘ਇੰਡੀਆ’ ਸੱਤਾ ਵਿੱਚ ਆਉਂਦਾ ਹੈ ਤਾਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਨਾਗਰਿਕਤਾ ਰਜਿਸਟਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਅਸਾਮ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਚਾਰ ਉਮੀਦਵਾਰਾਂ ਦੇ ਸਮਰਥਨ ਵਿੱਚ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਉਂਦੇ ਹਨ ਤਾਂ ਲੋਕਤੰਤਰ ਨਹੀਂ ਬਚੇਗਾ ਅਤੇ ਚੋਣਾਂ ਨਹੀਂ ਹੋਣਗੀਆਂ। ਬੈਨਰਜੀ ਨੇ ਦੋਸ਼ ਲਾਇਆ, ‘‘ਉਨ੍ਹਾਂ (ਭਾਜਪਾ) ਨੇ ਪੂਰੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਹੈ... ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇੰਨੀਆਂ ਖ਼ਤਰਨਾਕ ਚੋਣਾਂ ਨਹੀਂ ਦੇਖੀਆਂ।’’
ਮਮਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਦੋਵਾਂ ਸੂਬਿਆਂ ਦੇ ਬੰਗਾਲੀ ਲੋਕਾਂ ਦੇ ਸਮਰਥਨ ਵਿੱਚ ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਉਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਕੀਤੇ ਸਨ। ਉਨ੍ਹਾਂ ਕਿਹਾ, ‘‘ਮੇਰੀ ਕੀ ਕਸੂਰ ਸੀ? ਕੀ ਤੁਸੀਂ ਮੈਨੂੰ ਜੇਲ੍ਹ ਭੇਜੋਗੇ, ਮਾਰ ਦੇਵੋਗੇ ਜਾਂ ਡਿਟੈਨਸ਼ਨ ਕੈਂਪ ਵਿੱਚ ਰੱਖੋਗੇ? ਜਦੋਂ ਐੱਨਆਰਸੀ ਤੋਂ ਬਾਹਰ ਕੀਤੇ 19 ਲੱਖ ਲੋਕਾਂ ਵਿੱਚੋਂ 17 ਲੱਖ ਬੰਗਾਲੀ ਅਸਾਮੀਆਂ ਨੂੰ ਬਾਹਰ ਕੀਤਾ ਗਿਆ ਤਾਂ ਮੈਂ ਲੋਕਾਂ ਦੇ ਸਮਰਥਨ ਵਿੱਚ ਅੰਦੋਲਨ ਕੀਤਾ ਸੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਟੀਐੱਮਸੀ ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਦੀ ਹੈ ਅਤੇ ਨਹੀਂ ਚਾਹੁੰਦੀ ਕਿ ਫ਼ਿਰਕੇ ਦੇ ਆਧਾਰ ’ਤੇ ਲੋਕਾਂ ਨਾਲ ਵਿਤਕਰਾ ਹੋਵੇ। ਮਮਤਾ ਨੇ ਰੈਲੀ ਵਿੱਚ ਕਿਹਾ, “ਜੇਕਰ ‘ਇੰਡੀਆ’ ਗੱਠਜੋੜ ਜਿੱਤਦਾ ਹੈ ਤਾਂ ਐੱਨਆਰਸੀ, ਸੀਏਏ ਅਤੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਾਗੂ ਨਹੀਂ ਕੀਤੇ ਜਾਣਗੇ। ਅਸੀਂ ਸਾਰੇ ਪੱਖਪਾਤੀ ਕਾਨੂੰਨਾਂ ਨੂੰ ਰੱਦ ਕਰ ਦੇਵਾਂਗੇ।’’ ਉਨ੍ਹਾਂ ਨੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਅਸਾਮ ਵਿੱਚ ਟੀਐੱਮਸੀ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 126 ਸੀਟਾਂ ’ਤੇ ਚੋਣ ਲੜੇਗੀ। ਬੈਨਰਜੀ ਨੇ ਕਿਹਾ, ‘‘ਇਹ ਸਿਰਫ਼ ਟਰੇਲਰ ਹੈ... ਫਾਈਨਲ ਅਜੇ ਬਾਕੀ ਹੈ। ਮੈਂ ਫਿਰ ਆਵਾਂਗੀ।’’ -ਪੀਟੀਆਈ
ਭਾਜਪਾ ਵੱਲੋਂ ਮਮਤਾ ਬੈਨਰਜੀ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ
ਕੋਲਕਾਤਾ: ਭਾਜਪਾ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਹਿੰਸਾ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ। ਮਮਤਾ ਨੇ ਮੰਗਲਵਾਰ ਨੂੰ ਜਲਪਾਇਗੁੜੀ ਜ਼ਿਲੇ ਦੇ ਮਾਯਨਾਗੁੜੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਸੀ ਕਿ ਭਾਜਪਾ ਦੇ ਕੁੱਝ ਮੈਂਬਰ ਚਾਲਸਾ ਖੇਤਰ ਵਿੱਚ ਉਨ੍ਹਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਂਦਿਆਂ ‘ਚੋਰ-ਚੋਰ’ ਆਖਣ ਲੱਗੇ। ਭਾਜਪਾ ਨੇ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਕਿ ਮਮਤਾ ਨੇ ਕਿਹਾ, ‘’ਉਹ ਮੇਰੀ ਕਾਰ ਦੇਖ ਕੇ ਚੋਰ-ਚੋਰ ਕਹਿਣ ਦੀ ਹਿੰਮਤ ਕਰ ਰਹੇ ਸਨ, ਜੇਕਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਉਨ੍ਹਾਂ ਦੀ ਜ਼ੁਬਾਨ ਖਿੱਚ ਲੈਂਦੀ, ਪਰ ਚੋਣਾਂ ਕਾਰਨ ਮੈਂ ਕੁੱਝ ਨਹੀਂ ਕਿਹਾ।’’ ਭਾਜਪਾ ਨੇ ਦੋਸ਼ ਲਾਇਆ ਕਿ ਮਮਤਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਹਿੰਸਾ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਇਹ ਟਿੱਪਣੀ ਆਦਰਸ਼ ਚੋਣ ਜ਼ਾਬਤੇ (ਐਮਸੀਸੀ) ਦੀ ਘੋਰ ਉਲੰਘਣਾ ਹੈ। -ਪੀਟੀਆਈ