ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇ ਮੈਂ ਜਾਣਦੀ ਚੱਕੀ ਦੇ ਪੁੜ ਭਾਰੀ...

08:38 AM Jul 08, 2023 IST

ਸ਼ਵਿੰਦਰ ਕੌਰ

ਅੱਜਕੱਲ੍ਹ ਸ਼ਹਿਰੀ ਬੱਚਿਆਂ ਨੂੰ ਤਾਂ ਥੈਲੀਆਂ ਵਿੱਚ ਆਉਂਦੇ ਆਟੇ ਬਾਰੇ ਹੀ ਪਤਾ ਹੈ। ਪੇਂਡੂ ਬੱਚੇ ਜ਼ਰੂਰ ਦੱਸ ਦੇਣਗੇ ਕਿ ਆਟਾ ਬਿਜਲੀ ਨਾਲ ਚੱਲਣ ਵਾਲੀ ਚੱਕੀ ਰਾਹੀਂ ਪੀਸਿਆ ਜਾਂਦਾ ਹੈ। ਉਮਰ ਦੇ ਪੰਜ ਕੁ ਦਹਾਕੇ ਪਾਰ ਕਰ ਚੁੱਕੇ ਮਨੁੱਖ ਜ਼ਰੂਰ ਹੱਥ ਚੱਕੀ ਬਾਰੇ ਜਾਣਕਾਰੀ ਰੱਖਦੇ ਹਨ। ਜਿਸ ’ਤੇ ਕਦੇ ਸਾਡੀਆਂ ਦਾਦੀਆਂ ਪੜਦਾਦੀਆਂ ਆਟਾ ਪੀਹ ਕੇ ਰੋਟੀ ਬਣਾਇਆ ਕਰਦੀਆਂ ਸਨ।
ਹੱਥ ਚੱਕੀ ਤੋਂ ਲੈ ਕੇ ਬਿਜਲੀ ਨਾਲ ਚੱਲਣ ਵਾਲੀ ਚੱਕੀ ਤੱਕ ਪਹੁੰਚਣ ਲਈ ਕਾਫ਼ੀ ਲੰਮਾ ਪੈਂਡਾ ਤੈਅ ਕਰਨਾ ਪਿਆ ਹੈ। ਪੱਥਰ ’ਤੇ ਕੁੱਟਣ ਤੋਂ ਲੈ ਕੇ ਪਹਿਲਾਂ ਕਈ ਤਰ੍ਹਾਂ ਦੀਆਂ ਚੱਕੀਆਂ ਹੋਂਦ ਵਿੱਚ ਆਈਆਂ। ਹੌਲੀ-ਹੌਲੀ ਘਰਾਂ ਵਿੱਚ ਰੱਖਣ ਵਾਲੀ ਚੱਕੀ ਜੋ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਈ ਜਾ ਸਕਦੀ ਸੀ ਅਨਾਜ ਪੀਹਣ ਲਈ ਵਰਤੋਂ ਵਿੱਚ ਆਈ। ਪਾਣੀ ਨਾਲ ਚੱਲਣ ਵਾਲੀ ਚੱਕੀ (ਘਰਾਟ), ਪੌਣ ਨਾਲ ਚੱਲਣ ਵਾਲੀ ਪਣ ਚੱਕੀ, ਪਸ਼ੂਆਂ ਨਾਲ ਚੱਲਣ ਵਾਲੇ ਘਰਾਸ ਅਤੇ ਫਿਰ ਇੰਜਣ ਜਾਂ ਬਿਜਲੀ ਨਾਲ ਚੱਲਣ ਵਾਲੀਆਂ ਚੱਕੀਆਂ ਪ੍ਰਚੱਲਿਤ ਹੋਈਆਂ।
ਹੱਥ ਚੱਕੀ ਕਿਸੇ ਸਮੇਂ ਔਰਤਾਂ ਦੇ ਜੀਵਨ ਨਾਲ ਪਰਿਵਾਰਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪੱਖੋਂ ਜੁੜੀ ਇੱਕ ਕੜੀ ਸੀ। ਸਾਡੇ ਜੀਵਨ ਦਾ ਅਟੁੱਟ ਅੰਗ ਰਹੀ ਚੱਕੀ ਘਰ ਵਿੱਚ ਅੰਨ ਦੀ ਬਰਕਤ ਦਾ ਪ੍ਰਤੀਕ ਹੁੰਦੀ ਸੀ। ਇਸ ਉੱਪਰ ਹਰ ਰੋਜ਼ ਆਟਾ ਪੀਸਿਆ ਜਾਂਦਾ ਸੀ। ਫਿਰ ਇਸ ਪੀਸੇ ਆਟੇ ਤੋਂ ਰੋਟੀ ਬਣਦੀ ਸੀ। ਇਸ ਤੋਂ ਇਲਾਵਾ ਔਰਤਾਂ ਛੋਲਿਆਂ, ਮੂੰਗੀ ਦੀ ਦਾਲ ਵੀ ਦਲ ਲੈਂਦੀਆਂ ਸਨ। ਦਲੀਆ ਦਲਣ ਅਤੇ ਮਸਾਲੇ ਪੀਸਣ ਲਈ ਚੱਕੀ ਦੀ ਵਰਤੋਂ ਕੀਤੀ ਜਾਂਦੀ ਸੀ। ਮੂੰਗੀ, ਛੋਲੇ ਵੀ ਤਕਰੀਬਨ ਘਰ ਦੇ ਹੀ ਹੁੰਦੇ ਸਨ। ਛੋਲਿਆਂ ਦੀ ਦਾਲ ਨੂੰ ਸਾਫ਼ ਕਰਕੇ ਇਸ ਨੂੰ ਚੱਕੀ ’ਤੇ ਪੀਸ ਕੇ ਬੇਸਣ ਵੀ ਬਣਾ ਲਿਆ ਜਾਂਦਾ ਸੀ।
ਦੇਖਣ ਨੂੰ ਭਾਵੇਂ ਇਹ ਸਾਧਾਰਨ ਜਿਹੀ ਲੱਗਦੀ ਸੀ, ਪਰ ਇਸ ਦੇ ਵੀ ਕਈ ਅੰਗ ਹੁੰਦੇ ਸਨ। ਜਿਹੜੇ ਆਪੋ-ਆਪਣੀ ਥਾਂ ’ਤੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਦੋ-ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ ਜੋ ਕਿ ਲਗਭਗ ਦੋ-ਦੋ ਇੰਚ ਮੋਟਾਈ ਦੇ ਹੁੰਦੇ ਹਨ। ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ। ਹੇਠਲੇ ਵਾਲਾ ਪੁੜ ਸਥਿਰ ਖੜ੍ਹਾ ਰਹਿੰਦਾ ਹੈ। ਉੱਪਰਲਾ ਪੁੜ ਉਸ ਉੱਪਰ ਘੁੰਮਦਾ ਹੈ। ਚੱਕੀ ਦੇ ਉੱਪਰਲੇ ਪੁੜ ਦੇ ਵਿਚਕਾਰ ਖ਼ਾਲੀ ਥਾਂ ਹੁੰਦੀ ਹੈ ਜਿਸ ਦੇ ਵਿਚਕਾਰ ਇੱਕ ਮੋਟੀ ਲੱਕੜੀ ਫਿੱਟ ਹੁੰਦੀ ਹੈ। ਜਿਸ ਦੇ ਦੋਵੇਂ ਪਾਸਿਆਂ ’ਤੇ ਖੁੱਲ੍ਹੀਆਂ ਮੋਰੀਆਂ ਰਹਿ ਜਾਂਦੀਆਂ ਹਨ। ਇਸ ਲੱਕੜ ਨੂੰ ਮਾਨੀ ਕਿਹਾ ਜਾਂਦਾ ਹੈ।
ਹੇਠਲੇ ਵਾਲੇ ਸਥਿਰ ਖੜ੍ਹੇ ਪੱਥਰ ਦੇ ਵਿਚਕਾਰ ਪੂਰੀ-ਪੂਰੀ ਫਿੱਟ ਲੱਕੜੀ ਲੱਗੀ ਹੁੰਦੀ ਹੈ ਜਿਸ ਨੂੰ ਪੱਖੂ ਕਹਿੰਦੇ ਹਨ। ਪੱਖੂ ਦੇ ਵਿਚਕਾਰ ਬੜੀ ਪੱਕੀ ਤਰ੍ਹਾਂ ਲੋਹੇ ਦੀ ਮਜ਼ਬੂਤ ਢਾਈ ਕੁ ਇੰਚ ਦੀ ਕਿੱਲੀ ਫਿੱਟ ਹੁੰਦੀ ਹੈ। ਜੋ ਉੱਪਰਲੇ ਪੱਥਰ ਵਿਚਕਾਰ ਲੱਗੀ ਮਾਨੀ ਦੇ ਸੁਰਾਖ਼ ਵਿੱਚ ਖੜ੍ਹੀ ਰਹਿੰਦੀ ਹੈ। ਇਸ ਕੇਂਦਰ ਦੇ ਦੁਆਲੇ ਹੀ ਉੱਪਰਲਾ ਪੱਥਰ ਘੁੰਮਦਾ ਹੈ। ਉੱਪਰਲੇ ਪੁੜ ਵਿੱਚ ਚੱਕੀ ਨੂੰ ਗੇੜਾ ਦੇਣ ਲਈ ਲਗਭਗ ਇੱਕ ਪਾਸੇ ਸੁਰਾਖ ਵਿੱਚ ਲੱਕੜੀ ਦਾ ਫੁੱਟ ਕੁ ਦਾ ਗੋਲ ਡੰਡਾ ਫਿੱਟ ਕੀਤਾ ਹੁੰਦਾ ਹੈ, ਜਿਸ ਨੂੰ ਹੱਥਾ ਕਿਹਾ ਜਾਂਦਾ ਹੈ।
ਚੱਕੀ ਦੇ ਹੇਠ ਬਣੇ ਮਿੱਟੀ ਦੇ ਗੋਲ ਚੱਕਰ ਨੂੰ ਗੰਡ ਆਖਦੇ ਹਨ। ਮਿੱਟੀ ਦਾ ਗੰਡ ਬਣਾਉਣ ਲਈ ਚੀਕਣੀ ਮਿੱਟੀ ਵਿੱਚ ਬਾਰੀਕ ਤੂੜੀ ਜਾਂ ਗਲੀ ਹੋਈ ਪਲੋਂ ਰਲਾ ਕੇ ਉਸ ਵਿੱਚ ਪਾਣੀ ਪਾ ਕੇ ਕਈ ਵਾਰ ਮਿੱਧ (ਗੁੰਨ੍ਹ) ਕੇ ਮੁਲਾਇਮ ਅਤੇ ਇਕਸਾਰ ਬਣਾ ਲਿਆ ਜਾਂਦਾ ਹੈ। ਫਿਰ ਗੋਲ ਤਲਾ ਜਿਸ ਨੂੰ ਚਾਪੜੀ ਵੀ ਕਿਹਾ ਜਾਂਦਾ ਹੈ, ਨੂੰ ਪੱਥ ਲਿਆ ਜਾਂਦਾ ਹੈ। ਇਸ ਥੱਲੇ ਤਿੰਨ ਪੈਰ ਵੀ ਲਾਏ ਜਾਂਦੇ ਹਨ। ਇਸ ਉੱਪਰ ਹੀ ਚੱਕੀ ਦਾ ਹੇਠਲਾ ਪੁੜ ਚੰਗੀ ਤਰ੍ਹਾਂ ਫਿੱਟ ਕੀਤਾ ਹੁੰਦਾ ਹੈ। ਗੰਡ ਦੇ ਉਦਾਲੇ ਪੰਜ ਕੁ ਉਂਗਲਾਂ ਉੱਚਾ ਘੇਰਾ, ਕਿਨਾਰੀ ਬਣਾਈ ਜਾਂਦੀ ਹੈ। ਇਸ ਨੂੰ ਮਾਤ ਆਖਦੇ ਹਨ। ਇਸ ਦੇ ਇੱਕ ਪਾਸੇ ਆਟਾ ਕੱਢਣ ਲਈ ਮੂੰਹ ਰੱਖਿਆ ਜਾਂਦਾ ਹੈ। ਹੱਥੇ ਨੂੰ ਫੜ ਕੇ ਉੱਪਰਲੇ ਪੱਥਰ ਨੂੰ ਗੇੜਿਆ ਜਾਂਦਾ ਹੈ। ਦੂਜੇ ਹੱਥ ਨਾਲ ਮੁੱਠੀ ਭਰ ਕੇ ਅਨਾਜ ਮਾਨੀ ਦੇ ਨਾਲ ਪਾਇਆ ਜਾਂਦਾ ਹੈ। ਇਸ ਤਰ੍ਹਾਂ ਆਟਾ ਪੀਹਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਆਟਾ ਇਕੱਠਾ ਹੋਣ ’ਤੇ ਸਾਫ਼ ਸੁਥਰੇ ਕੱਪੜੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ, ਇਸ ਨੂੰ ਪਰੋਲਾ ਕਿਹਾ ਜਾਂਦਾ ਹੈ। ਇਹ ਪਰੋਲਾ ਗੰਡ ਨੂੰ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ। ਚੱਕੀ ਦੇ ਦੋਹਾਂ ਪੁੜਾਂ ਨੂੰ ਪਹਿਲਾਂ ਬੜੀ ਤਕਨੀਕ ਨਾਲ ਇਸ ਕਲਾ ਦਾ ਮਾਹਰ ਕਾਰੀਗਰ ਇੱਕ ਖਾਸ ਕਿਸਮ ਦੀ ਛੈਣੀ ਨਾਲ ਟੱਕ ਦੇ ਕੇ ਅਨਾਜ ਪੀਹਣ ਲਈ ਤਿਆਰ ਕਰਦਾ ਹੈ। ਇਸ ਨੂੰ ਚੱਕੀ ਰਾਹੁਣਾ ਕਿਹਾ ਜਾਂਦਾ ਹੈ। ਇਸ ਕੰਮ ਵਿੱਚ ਮੁਹਾਰਤ ਰੱਖਣ ਵਾਲੇ ਕਾਰੀਗਰ ਨੂੰ ਚੱਕੀ ਰਾਹ ਕਿਹਾ ਜਾਂਦਾ ਹੈ।
ਹਰ ਘਰ ਦੀ ਲੋੜ ਰਹੀ ਚੱਕੀ ਜਿਸ ਦੀ ਬਰਕਤ ਨਾਲ ਪਰਿਵਾਰ ਦਾ ਪੇਟ ਭਰਦਾ ਸੀ, ਫਿਰ ਇਹ ਚੱਕੀ ਸਾਡੇ ਲੋਕ ਸਾਹਿਤ ਦੀ ਰੰਗਤ ਤੋਂ ਕਿਵੇਂ ਵਾਂਝੀ ਰਹਿ ਸਕਦੀ ਹੈ। ਸਾਡੀਆਂ ਮਾਵਾਂ ਭੈਣਾਂ ਨੇ ਇਸ ਨੂੰ ਲੈ ਕੇ ਬੜੇ ਸੋਹਣੇ ਲੋਕ ਗੀਤਾਂ ਦੀ ਰਚਨਾ ਕੀਤੀ ਹੈ। ਕਿਤੇ ਇਹ ਸੱਸ ਮਾਂ ਨਾਲ ਬਣਾ ਕੇ ਰੱਖਣ ਦੀ ਗੱਲ ਕਰਦੇ ਹਨ। ਕਿਤੇ ਸਹੁਰੇ ਘਰ ਚੱਕੀ ਪੀਸਣ ਦੇ ਔਖਾ ਕੰਮ ਕਰਨ ਵੇਲੇ ਮਾਪਿਆਂ ਵੱਲੋਂ ਲਡਾਏ ਗਏ ਲਾਡ ਦੀ ਬਾਤ ਪਾਉਂਦੇ ਹਨ। ਕਦੇ ਭੈਣ ਭਰਾ ਦੇ ਆਪਸੀ ਹਾਸੇ-ਠੱਠੇ ਨੂੰ ਬਿਆਨ ਕਰਦੇ ਹਨ:
* ਜੇ ਮੈਂ ਜਾਣਦੀ ਚੱਕੀ ਦੇ ਪੁੜ ਭਾਰੀ
ਸੱਸ ਨਾਲ ਬਣਾ ਕੇ ਰੱਖਦੀ।
* ਮਾਪਿਆਂ ਨੇ ਮੈਂ ਰੱਖੀ ਲਾਡਲੀ ਸਹੁਰਿਆਂ ਪਿਹਾਈ ਚੱਕੀ
ਮਾਂ ਦੀਏ ਲਾਡਲੀਏ ਨੌਂ ਵਲ਼ ਪੈਂਦੇ ਵੱਖੀ।
Wਆਪ ਸੱਸ ਪਲੰਘੇ ਲੇਟਦੀ,
ਸਾਨੂੰ ਮਾਰਦੀ ਚੱਕੀ ਦੇ ਵੱਲ ਸੈਨਤਾਂ।
* ਔਖਾ ਹੋਵੇਗਾ ਵੀਰਾ, ਭਾਬੋ ਲਾਡਲੀ ਰੱਖੀ।
ਕੋਈ ਗੱਲ ਨੀਂ ਭੈਣੇ, ਭਾਰੀ ਲੈ ਦੂੰਗਾ ਚੱਕੀ।
ਚੱਕੀ ਪੀਹਣ ਦਾ ਕੰਮ ਔਰਤਾਂ ਦੇ ਹਿੱਸੇ ਹੋਣ ਕਰਕੇ ਇਸ ਨਾਲ ਕਈ ਰਸਮਾਂ ਵੀ ਜੁੜੀਆਂ ਹੋਈਆਂ ਹਨ। ਵਿਆਹ ਤੋਂ ਸੱਤ, ਨੌਂ ਜਾਂ ਗਿਆਰਾਂ ਦਿਨ ਪਹਿਲਾਂ ਚੱਕੀਆਂ ਲਾਉਣ ਦੀ ਰਸਮ ਕੀਤੀ ਜਾਂਦੀ ਸੀ। ਇਹ ਰਸਮ ਵਿਆਹ ਦਾ ਇੱਕ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਸੀ। ਗਲੀ, ਗੁਆਂਢ ਤੇ ਸ਼ਰੀਕੇ ਦੇ ਘਰਾਂ ’ਚੋਂ ਸੱਤ ਸੁਹਾਗਣਾਂ ਸੱਦ ਕੇ ਸੱਤਾਂ ਤੋਂ ਹੀ ਚੱਕੀ ਵਿੱਚ ਗਾਲਾ ਪੁਆਇਆ ਜਾਂਦਾ ਸੀ। ਨਾਲ-ਨਾਲ ਸਮੇਂ ਦਾ ਗੀਤ ਗਾਇਆ ਜਾਂਦਾ ਸੀ:
ਸੱਤ ਸੁਹਾਗਣਾਂ, ਸੱਤ ਗਾਲੇ, ਚੱਕੀ ਹੱਥ ਲੁਆ।
ਕਿੱਥੋਂ ਲਿਆਂਦੀ ਚੱਕੀ ਨੀਂ ਰਾਣੀਏ, ਕਿੱਥੋਂ ਲਿਆਂਦਾ ਹੱਥਾ।
ਧੁਰ ਲਹੌਰੋਂ ਚੱਕੀ ਲਿਆਂਦੀ,
ਪਟਿਆਲਿਓ ਲਿਆਂਦਾ ਹੱਥਾ।
ਇਸ ਰਸਮ ਨਾਲ ਆਮ ਤੌਰ ’ਤੇ ਮਾਂਹ ਦੀ ਦਾਲ ਚੁਣੀ ਜਾਂਦੀ ਸੀ। ਜਿਸ ਨੂੰ ਪਹਿਲਾਂ ਸੱਤ ਜਣੀਆਂ ਉੱਖਲੀ ਵਿੱਚ ਪਾ ਕੇ ਛੁਲਕਦੀਆਂ ਤੇ ਫਿਰ ਛੱਜ ਨਾਲ ਛੱਟਦੀਆਂ ਸਨ। ਮਾਂਹ ਦੀ ਦਾਲ ਦੀਆਂ ਵੜੀਆਂ ਟੁੱਕਦੀਆਂ ਸਨ। ਪਹਿਲੀ ਵੜੀ ਵਿੱਚ ਥੋੜ੍ਹੀ ਜਿਹੀ ਦੱਭ ਤੇ ਖੰਮਣੀ ਪਾ ਦਿੰਦੀਆਂ ਸਨ। ਇਸ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ। ਹੁਣ ਤਾਂ ਤੇਜ਼ ਰਫ਼ਤਾਰ ਨਾਲ ਭੱਜ ਰਹੀ ਜ਼ਿੰਦਗੀ ਵਿੱਚੋਂ ਇਹ ਰਸਮ ਲਗਭਗ ਖ਼ਤਮ ਹੀ ਹੋ ਚੁੱਕੀ ਹੈ।
ਇਸ ਸਮੇਂ ਇਕਸੁਰ ਵਿੱਚ ਰਲ਼ ਕੇ ਔਰਤਾਂ ਇਹ ਗੀਤ ਵੀ ਛੋਹ ਲੈਂਦੀਆਂ :
ਉੱਪਰ ਤਾਂ ਵਾੜੇ ਤੈਨੂੰ ਸੱਦ ਹੋਈ ਸਾਲੂ ਵਾਲਿਆ ਵੇ,
ਆ ਕੇ ਚੱਕੀਆਂ ਹੱਥ ਤਾਂ ਲਵਾ ਕਿ
ਦਿਲਾਂ ਵਿੱਚ ਵੱਸ ਰਹੀਏ,
ਚੀਰੇ ਵਾਲਿਆ ਵੇ...
ਚੱਕੀਆਂ ਲੁਆਵਣ ਮੇਰੀਆਂ ਤਾਈਆਂ ਤੇ ਚਾਚੀਆਂ,
ਜਿਨ੍ਹਾਂ ਦੇ ਮਨ ਵਿੱਚ ਚਾਅ...
ਕਿ ਦਿਲਾਂ ਵਿੱਚ ਵੱਸ ਰਹੀਏ।
ਇਸੇ ਤਰ੍ਹਾਂ ਬੱਚੇ ਚੱਕੀ ਦਾ ਨਾਂ ਲੈ ਕੇ ਖੇਡਦੇ ਹੋਏ ਕਹਿੰਦੇ:
ਘੁੰਮ ਘੁੰਮ ਚੱਕੀਏ ਪਰੋਲਾ ਕਿੱਥੇ ਰੱਖੀਏ।
ਰਾਤ ਨੂੰ ਪਾਈਆਂ ਜਾਂਦੀਆਂ ਬੁਝਾਰਤਾਂ ਵਿੱਚ ਵੀ ਹੱਥ ਚੱਕੀ ਨੇ ਆਪਣੀ ਹਾਜ਼ਰੀ ਲਵਾਈ ਹੈ:
ਨਿੱਕੀ ਜਿਹੀ ਛੋਕਰੀ ਜੋ ਫਿਰਦੀ ਰਹਿੰਦੀ
ਮਣਾਂ ਮੂੰਹੀ ਖਾਂਦੀ ਪਰ ਕਿਰਦੀ ਰਹਿੰਦੀ।
ਥੜ੍ਹੇ ਤੇ ਥੜ੍ਹਾ ਇੱਕ ਚੱਲਦਾ ਇੱਕ ਖੜ੍ਹਾ।
ਸਮਾਂ ਬਦਲ ਗਿਆ ਹੈ। ਚੱਕੀ, ਹਾਰੇ, ਕੂੰਡੇ ਘੋਟੇ, ਛੱਜ, ਛਾਣਨੇ ਆਦਿ ਬਹੁਤ ਸਾਰੀਆਂ ਵਸਤਾਂ ਸਾਡੀ ਜੀਵਨਸ਼ੈਲੀ ਵਿੱਚੋਂ ਖ਼ਤਮ ਹੋ ਗਈਆਂ ਹਨ। ਨਾ ਹੀ ਬੀਤ ਚੁੱਕੇ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਜਿਉਂ ਜਿਉਂ ਸਰੀਰਕ ਮਿਹਨਤ ਨਾਲ ਕਰਨ ਵਾਲੇ ਕੰਮਾਂ ਦੀ ਥਾਂ ਮਸ਼ੀਨਾਂ ਲੈ ਰਹੀਆਂ ਹਨ। ਤਿਉਂ ਤਿਉਂ ਬਿਮਾਰੀਆਂ ਵੀ ਵਧ ਰਹੀਆਂ ਹਨ। ਵਿਰਸੇ ਨੂੰ ਸੰਭਾਲਣਾ ਅਤੇ ਇਸ ਤੋਂ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਂਦੇ ਰਹਿਣਾ ਸਾਡਾ ਫਰਜ਼ ਬਣਦਾ ਹੈ।
ਸੰਪਰਕ: 76260-63596

Advertisement

Advertisement
Tags :
ਚੱਕੀਜਾਣਦੀਭਾਰੀ