For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਤੇ ਭਾਈਵਾਲ ਜਿੱਤੇ ਤਾਂ ਦੰਗੇ ਹੋਣਗੇ: ਅਮਿਤ ਸ਼ਾਹ

07:19 AM Apr 22, 2024 IST
ਕਾਂਗਰਸ ਤੇ ਭਾਈਵਾਲ ਜਿੱਤੇ ਤਾਂ ਦੰਗੇ ਹੋਣਗੇ  ਅਮਿਤ ਸ਼ਾਹ
ਅਮਿਤ ਸ਼ਾਹ ਤੇ ਨਿਤੀਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਕਟਿਹਾਰ, 21 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਦੀ ਅਗਵਾਈ ਹੇਠਲੀ ਵਿਰੋਧੀ ਧਿਰ ’ਤੇ ਅਤਿਵਾਦ ਪ੍ਰਤੀ ਨਰਮ ਰੁਖ਼ ਅਪਣਾਉਣ ਅਤੇ ਵਾਂਝੀਆਂ ਜਾਤਾਂ ਪ੍ਰਤੀ ਨਾ-ਪੱਖੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸੱਤਾ ’ਚ ਉਨ੍ਹਾਂ (ਕਾਂਗਰਸ) ਦੀ ਵਾਪਸੀ ਨਾਲ ਦੰਗੇ, ਜ਼ੁਲਮ ਤੇ ਗਰੀਬੀ ਹੋ ਸਕਦੀ ਹੈ।
ਬਿਹਾਰ ਦੇ ਕਟਿਹਾਰ ਲੋਕ ਸਭਾ ਹਲਕੇ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਭਾਜਪਾ ਪ੍ਰਧਾਨ ਨੇ ਆਪਣੀ ਪਾਰਟੀ ਨੂੰ ਨਰਿੰਦਰ ਮੋਦੀ ਦੇ ਰੂਪ ’ਚ ਦੇਸ਼ ਨੂੰ ਪਹਿਲਾ ਓਬੀਸੀ ਪ੍ਰਧਾਨ ਮੰਤਰੀ ਦੇਣ ਦਾ ਸਿਹਰਾ ਦਿੱਤਾ ਜਿਨ੍ਹਾਂ ਪਰਿਵਾਰਵਾਦੀ ਰਾਜਨੀਤੀ ਖਤਮ ਕਰ ਦਿੱਤੀ। ਉਨ੍ਹਾਂ ਕਿਹਾ, ‘ਮੋਦੀ ਨੇ ਨਕਸਲਵਾਦ ਦਾ ਸਫ਼ਾਇਆ ਕੀਤਾ ਤੇ ਅਤਿਵਾਦ ਨੂੰ ਠੱਲ੍ਹ ਪਾਈ। ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਅਤਿਵਾਦੀ ਮਨਮਰਜ਼ੀ ਨਾਲ ਹਮਲੇ ਕਰਦੇ ਸੀ ਅਤੇ ਕੋਈ ਜਵਾਬੀ ਕਾਰਵਾਈ ਦੀ ਹਿੰਮਤ ਨਹੀਂ ਸੀ ਕਰਦਾ। ਇਸ ਦੇ ਉਲਟ ਉੜੀ ਤੇ ਪੁਲਵਾਮਾ ’ਚ ਹਮਲਿਆਂ ਤੋਂ ਤੁਰੰਤ ਬਾਅਦ ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਹਵਾਈ ਹਮਲੇ ਕੀਤੇ ਗਏ। ਸਾਡੇ ਸੁਰੱਖਿਆ ਕਰਮੀ ਪਾਕਿਸਤਾਨ ਦੀ ਸਰਹੱਦ ਪਾਰ ਗਏ ਅਤੇ ਅਤਿਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ’ਤੇ ਹੀ ਢੇਰ ਕਰ ਦਿੱਤਾ ਗਿਆ।’ ਉਨ੍ਹਾਂ ਜੰਮੂ ਕਸ਼ਮੀਰ ਦੇ ਬਾਹਰ ਚੋਣ ਰੈਲੀਆਂ ’ਚ ਧਾਰਾ 370 ਰੱਦ ਕਰਨ ਦਾ ਮੁੱਦਾ ਚੁੱਕਣ ’ਤੇ ਇਤਰਾਜ਼ ਜਤਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਪੂਰੇ ਦੇਸ਼ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਤੇ ਬਿਹਾਰ ਦੇ ਜਵਾਨਾਂ ਨੇ ਜੰਮੂ ਕਸ਼ਮੀਰ ’ਚ ਗੜਬੜੀ ਵਾਲੇ ਹਾਲਾਤ ’ਚ ਲੜਦਿਆਂ ਆਪਣਾ ਖੂਨ ਵਹਾਇਆ ਹੈ ਅਤੇ ਹੁਣ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅਨਿਖੜਵਾਂ ਅੰਗ ਹੈ। ਸ਼ਾਹ ਨੇ ਕਿਹਾ ਕਿ ਆਰਜੇਡੀ ਨੇ ਪੱਛੜੇ ਭਾਈਚਾਰਿਆਂ ਨੂੰ ਰਾਖਵਾਂਕਰਨ ਮੁਹੱਈਆ ਕਰਨ ਲਈ ਗਠਿਤ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਸਾਲਾਂ ਤੱਕ ਵਿਰੋਧ ਕਰਨ ਵਾਲੀ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਉਹ ਇੱਥੇ ਐੱਨਡੀਏ ਉਮੀਦਵਾਰ ਦੁਲਾਲ ਚੰਦਰ ਗੋਸਵਾਮੀ ਦੀ ਹਮਾਇਤ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਕਾਂਗਰਸ ਨੇ ਹਮੇਸ਼ਾ ਪੱਛੜੇ ਵਰਗ ਦਾ ਅਪਮਾਨ ਕੀਤਾ ਹੈ। ਕਾਂਗਰਸ ਨੇ ਕਈ ਸਾਲਾਂ ਤੱਕ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕੀਤਾ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸੰਵਿਧਾਨਕ ਮਾਨਤਾ ਦਿੱਤੀ ਅਤੇ ਪੱਛੜੇ ਵਰਗ ਦੇ ਲੱਖਾਂ ਲੋਕਾਂ ਨੂੰ ਸਨਮਾਨ ਦਿੱਤਾ।’ -ਪੀਟੀਆਈ

Advertisement

ਸ਼ਾਹ ਵੱਲੋਂ ਸਿਲਚਰ ਵਿੱਚ ਰੋਡ ਸ਼ੋਅ

ਸਿਲਚਰ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਤੋਂ ਪਿਆਰ ਕਬੂਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਏਐੱਨਆਈ

ਸਿਲਚਰ (ਅਸਾਮ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਂਹ ਦੇ ਬਾਵਜੂਦ ਅੱਜ ਸਿਲਚਰ ’ਚ ਭਾਜਪਾ ਉਮੀਦਵਾਰ ਪਰੀਮਲ ਸ਼ੁਕਲਵੈਦਿਆ ਦੇ ਹੱਕ ’ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਲਈ ਤਿਆਰ ਕੀਤੇ ਵਾਹਨ ਵਿੱਚ ਸ਼ਾਹ ਨਾਲ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਵੀ ਸਨ। ਇਹ ਦੋ ਕਿਲੋਮੀਟਰ ਲੰਮਾ ਰੋਡ ਸ਼ੋਅ ਸ਼ਾਮ ਪੰਜ ਵਜੇ ਜ਼ਿਲ੍ਹਾ ਸਪੋਰਟਸ ਐਸੋਸੀਏਸ਼ਨ ਤੋਂ ਸ਼ੁਰੂ ਹੋਇਆ ਅਤੇ ਰਾਧਾਮਾਧਵ ਰੋਡ ਪਹੁੰਚ ਕੇ ਮੁਕੰਮਲ ਹੋਇਆ। ਸਾਰੇ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਭਾਜਪਾ ਆਗੂਆਂ ਦਾ ਸਵਾਗਤ ਕੀਤਾ ਤੇ ਪਾਰਟੀ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੌਸਮ ਖਰਾਬ ਹੋਣ ਕਾਰਨ ਕੇਂਦਰੀ ਗ੍ਰਹਿ ਮੰਤਰੀ ਦਾਰਜੀਲਿੰਗ ’ਚ ਚੋਣ ਰੈਲੀ ਨਾ ਕਰ ਸਕੇ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×