For the best experience, open
https://m.punjabitribuneonline.com
on your mobile browser.
Advertisement

ਭਾਜਪਾ ਜਿੱਤੀ ਤਾਂ ਦੇਸ਼ ਭਗਵੇਂ ਰੰਗ ਵਿੱਚ ਰੰਗਿਆ ਜਾਵੇਗਾ: ਨਿਊ ਡੈਮੋਕਰੇਸੀ

06:37 AM Apr 23, 2024 IST
ਭਾਜਪਾ ਜਿੱਤੀ ਤਾਂ ਦੇਸ਼ ਭਗਵੇਂ ਰੰਗ ਵਿੱਚ ਰੰਗਿਆ ਜਾਵੇਗਾ  ਨਿਊ ਡੈਮੋਕਰੇਸੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ ਅਤੇ ਹੋਰ। -ਫੋਟੋ: ਸਰਬਜੀਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 22 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ-ਆਰਐੱਸਐੱਸ ਨੂੰ ਹਰਾਉਣ ਦਾ ਸੱਦਾ ਦਿੱਤਾ। ਪਾਰਟੀ ਲੀਡਰਸ਼ਿਪ ਨੇ ‘‘ਭਾਜਪਾ ਨੂੰ ਹਰਾਓ ਅਤੇ ਭਾਜਪਾ ਭਜਾਓ’, ਵਿਰੋਧੀ ਧਿਰ ਪਾਰਟੀਆਂ ਨੂੰ ਕਰੋ ਸੁਆਲ ਅਤੇ ਮੌਜੂਦਾ ਆਰਥਿਕ-ਸਿਆਸੀ ਪ੍ਰਬੰਧ ਨੂੰ ਬੇਪਰਦ ਕਰੋ।’’ ਦਾ ਨਾਅਰਾ ਦਿੰਦਿਆਂ ਕਿਹਾ ਕਿ ਭਾਜਪਾ ਤੀਜੀ ਵਾਰ ਸੱਤਾ ਵਿੱਚ ਆਈ ਤਾਂ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗ ਦੇਵੇਗੀ। ਪਾਰਟੀ ਦੇ ਸੂਬਾਈ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ ਅਤੇ ਕਾਮਰੇਡ ਤਰਸੇਮ ਪੀਟਰ ਨੇ ਸਥਾਨਕ ਪ੍ਰੈੱਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ-ਆਰਐੱਸਐੱਸ ਤੇ ਇਸ ਦੀ ਕੇਂਦਰੀ ਸਰਕਾਰ ਦਾ ਮਕਸਦ ਦੇਸ਼ ਵਿੱਚ ਮੁਕੰਮਲ ਫਾਸ਼ੀਵਾਦੀ ਢਾਂਚਾ ਕਾਇਮ ਕਰਨਾ ਹੈ। ਇਸ ਟੀਚੇ ਨੂੰ ਅਮਲੀ ਰੂਪ ਦੇਣ ਲਈ ਉਸ ਨੇ ਸੱਤਾ ਤੇ ਸਿਆਸਤ ਦੇ ਕੇਂਦਰੀਕਰਨ ਦਾ ਰਾਹ ਫੜਿਆ ਹੋਇਆ ਹੈ। ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾ ਕੇ, ਕੇਂਦਰੀ ਏਜੰਸੀਆਂ ਅਤੇ ਅਰਧ-ਸੈਨਿਕ ਬਲਾਂ ਦਾ ਅਧਿਕਾਰ ਖੇਤਰ ਵਧਾ ਕੇ ਉਹ ਸੂਬਾ-ਸਰਕਾਰਾਂ ਨੂੰ ਮਿਉਂਸਿਪਲ ਕਮੇਟੀਆਂ ਬਣਾ ਦੇਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਈਡੀ ਤੇ ਹੋਰ ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀ-ਪਾਰਟੀ ਵਿੱਚ ਭੰਨ੍ਹ-ਤੋੜ ਕਰ ਕੇ, ਦਲ-ਬਦਲੀ ਕਰਵਾ ਕੇ, ਵਿਰੋਧੀ-ਧਿਰ ਦੇ ਆਗੂਆਂ ਨੂੰ ਅਨੇਕਾਂ ਕੇਸਾਂ ਵਿੱਚ ਫਸਾ ਕੇ, ਰਿਸ਼ਵਤਾਂ ਦੇ ਕੇ ਵਿਰੋਧੀ-ਧਿਰ ਸਰਕਾਰਾਂ ਡੇਗ ਕੇ, ਉਹ ਦੇਸ਼ ਵਿੱਚ ਇੱਕੋ-ਇੱਕ ਪਾਰਟੀ ਕਾਇਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 5 ਖਰਬ ਦੀ ਅਰਥ-ਵਿਵਸਥਾ ਬਣਾਉਣ ਦੇ ਨਾਂ ਹੇਠ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਬੇਮਿਸਾਲ ਖੁੱਲ੍ਹਾਂ ਤੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਅਮੀਰ-ਗਰੀਬ ਦਾ ਨਿੱਤ ਵਧਦਾ ਪਾੜਾ ਇੱਕ ਕੋਝੀ ਹਕੀਕਤ ਬਣ ਚੁੱਕਾ ਹੈ। ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਲੇਬਰ-ਕੋਡਾਂ ਅਤੇ ਕਾਲੇ ਕਾਨੂੰਨਾਂ ਨਾਲ, ਗੰਭੀਰ ਮੰਦਹਾਲੀ ਦੀ ਖੱਡ ਵੱਲ ਧੱਕਿਆ ਜਾ ਰਿਹਾ ਹੈ। ਮੌਜੂਦਾ ਸਮੁੱਚਾ ਢਾਂਚਾ ਬੇਹੱਦ ਨਿੱਘਰ ਚੁੱਕਾ ਹੈ। ਸਿਆਸੀ, ਇਖਲਾਕੀ ਅਤੇ ਸਵਾਰਥੀ ਹਿੱਤ ਚਰਮ-ਸੀਮਾ ਤੱਕ ਨਿੱਘਰ ਚੁੱਕੇ ਹਨ। ਭਾਜਪਾ-ਆਰ.ਐਸ.ਐਸ. ਸੰਵਿਧਾਨ ਦੀ ਭੰਨਤੋੜ, ਧਰਮ-ਨਿਰਪੱਖਤਾ, ਫੈਡਰਲਿਜ਼ਮ ਦਾ ਖਾਤਮਾ ਕਰਨ ’ਤੇ ਤੁਲੀ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਇਸ ਪ੍ਰਬੰਧ ਦਾ ਪਰਦਾਫਾਸ਼ ਕਰਦਿਆਂ ਭੂਮੀ ਸੁਧਾਰ ਲਾਗੂ ਕਰ ਕੇ ਦੇਸ਼ ਦੀ ਵੰਨ-ਸੁਵੰਨਤਾ ਦਾ ਮਾਹੌਲ ਸਿਰਜਣ ਦੀ ਮੁਹਿੰਮ ਚਲਾਵੇਗੀ।

Advertisement

Advertisement
Author Image

Advertisement
Advertisement
×