ਭਾਜਪਾ ਦੇ ਮੁੜ ਸੱਤਾ ਵਿੱਚ ਆਉਣ ’ਤੇ ਲੋਕਤੰਤਰ ਤੇ ਸੰਵਿਧਾਨ ਨੂੰ ਖ਼ਤਰਾ: ਖੜਗੇ
ਬਾਲਾਸੌਰ, 29 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਭਗਵਾ ਪਾਰਟੀ ਮੁੜ ਸੱਤਾ ’ਚ ਆ ਜਾਂਦੀ ਹੈ ਤਾਂ ਲੋਕਤੰਤਰ ਅਤੇ ਸੰਵਿਧਾਨ ਦੋਵੇਂ ਖ਼ਤਰੇ ’ਚ ਆ ਜਾਣਗੇ। ਉਨ੍ਹਾਂ ਮੋਦੀ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਵੀ ਦੋਸ਼ ਲਾਇਆ। ਉੜੀਸਾ ਵਿੱਚ ਬਾਲਾਸੌਰ ਲੋਕ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਇਨ੍ਹਾਂ ਚੋਣਾਂ ਵਿੱਚ ਜੇ ਤੁਸੀਂ ਭਾਜਪਾ ਨੂੰ ਨਾ ਹਰਾਇਆ ਤਾਂ ਤੁਹਾਡੇ ਭਵਿੱਖ ਦੇ ਨਾਲ-ਨਾਲ ਲੋਕਤੰਤਰ ਅਤੇ ਸੰਵਿਧਾਨ ਵੀ ਖ਼ਤਰੇ ਵਿੱਚ ਆ ਜਾਣਗੇ।’’
ਖੜਗੇ ਨੇ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ,‘‘ਮੌਜੂਦਾ ਸਰਕਾਰ ਦੌਰਾਨ ਸਭ ਤੋਂ ਵੱਧ ਨੌਜਵਾਨ ਦੁੱਖ ਝੱਲ ਰਹੇ ਹਨ। ਬੇਰੁਜ਼ਗਾਰੀ ਵਧ ਰਹੀ ਹੈ ਅਤੇ ਦੇਸ਼ ਵਿੱਚ ਹਰ ਪਾਸੇ ਸੰਕਟ ਹੈ। ਇਸ ਦੇ ਬਾਵਜੂਦ ਮੋਦੀ ਜੀ ਇਨ੍ਹਾਂ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਦਾ ਧਿਆਨ ਸਿਰਫ ਮੁੜ ਸੱਤਾ ’ਚ ਆਉਣ ’ਤੇ ਹੈ।’’ ਮੋਦੀ ਦੀ ਵਾਅਦਾਖ਼ਿਲਾਫ਼ੀ ਬਾਰੇ ਖੜਗੇ ਨੇ ਕਿਹਾ, ‘‘ਮੋਦੀ ਨੇ ਕਾਲਾ ਧਨ ਵਾਪਸ ਲਿਆ ਕੇ ਦੇਸ਼ ਦੇ ਹਰ ਨਾਗਰਿਕ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਵਾਅਦੇ ਕਿੱਥੇ ਗਏ?’’ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਮਨੀਪੁਰ ਹਿੰਸਾ ਵਰਗੇ ਮੁੱਦੇ ਨਜ਼ਰਅੰਦਾਜ਼ ਕਰਕੇ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦੇਣ ਦਾ ਵੀ ਦੋਸ਼ ਲਾਇਆ। -ਪੀਟੀਆਈ