ਵਿਚਾਰਧਾਰਾ ਨਾਲ ਧੋਖਾ ਕਰਨ ਵਾਲੇ ਮੇਰੀ ਤਸਵੀਰ ਨਹੀਂ ਵਰਤ ਸਕਦੇ: ਸ਼ਰਦ
ਮੁੰਬਈ, 4 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਜਿਸ ਪਾਰਟੀ ਦੇ ਉਹ ਪ੍ਰਧਾਨ ਹਨ ਅਤੇ ਜੈਅੰਤ ਪਾਟਿਲ ਜਿਸ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਹਨ, ਉਹੀ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕਰ ਸਕਦੇ ਹਨ। ਪਵਾਰ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਵਾਰ ਦਾ ਇਹ ਬਿਆਨ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਤੇ ਐੱਨਸੀਪੀ ਦੇ ਅੱਠ ਵਿਧਾਇਕਾਂ ਦੇ ਮਹਾਰਾਸ਼ਟਰ ਦੀ ਸ਼ਿਵ ਸੈਨਾ-ਭਾਜਪਾ ਸਰਕਾਰ ’ਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਆਇਆ ਹੈ। ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਸ਼ਰਦ ਪਵਾਰ ਪਾਰਟੀ ’ਚ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਕਾਨੂੰਨੀ ਸਲਾਹ ਵੀ ਲੈ ਰਹੇ ਹਨ।
ਸ਼ਰਦ ਪਵਾਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਜਿਸ ਪਾਰਟੀ ਦਾ ਕੌਮੀ ਪ੍ਰਧਾਨ ਹਾਂ ਅਤੇ ਜੈਅੰਤ ਪਾਟਿਲ ਸੂਬਾ ਪ੍ਰਧਾਨ ਹਨ, ਸਿਰਫ਼ ਉਹ (ਪਾਰਟੀ) ਹੀ ਮੇਰੀ ਤਸਵੀਰ ਵਰਤ ਸਕਦੀ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਜੀਵਨ ਕਾਲ ’ਚ ਇਹ ਉਨ੍ਹਾਂ ਦਾ ਅਧਿਕਾਰ ਹੈ ਕਿ ਉਹ ਫ਼ੈਸਲਾ ਕਰਨ ਕਿ ਕਿਸ ਨੇ ਉਨ੍ਹਾਂ ਦੀ ਤਸਵੀਰ ਵਰਤਣੀ ਹੈ। ਉਨ੍ਹਾਂ ਕਿਹਾ, ‘ਜਿਨ੍ਹਾਂ ਮੇਰੀ ਵਿਚਾਰਧਾਰਾ ਨੂੰ ਧੋਖਾ ਦਿੱਤਾ ਅਤੇ ਜਿਨ੍ਹਾਂ ਦੇ ਮੇਰੇ ਨਾਲ ਵਿਚਾਰਧਾਰਕ ਮਤਭੇਦ ਹਨ, ਉਹ ਮੇਰੀ ਤਸਵੀਰ ਦੀ ਵਰਤੋਂ ਨਹੀਂ ਕਰ ਸਕਦੇ।’ ਇਸ ਤੋਂ ਪਹਿਲਾਂ ਸ਼ਰਦ ਪਵਾਰ ਦੀ ਤਸਵੀਰ ਅੱਜ ਦੱਖਣੀ ਮੁੰਬਈ ’ਚ ਸਥਾਪਤ ਅਜੀਤ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਦੇ ਨਵੇਂ ਦਫ਼ਤਰ ’ਚ ਦੇਖੀ ਗਈ ਸੀ। ਅਜੀਤ ਪਵਾਰ ਧੜੇ ਨੇ ਵੀ ਜੈਅੰਤ ਪਾਟਿਲ ਨੂੰ ਐੱਨਸੀਪੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਦੂਜੇ ਪਾਸੇ ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਦੇ ਸੂਬਾ ਸਰਕਾਰ ’ਚ ਸ਼ਾਮਲ ਹੋਣ ਅਤੇ ਉਨ੍ਹਾਂ ਵੱਲ ਵੱਡੀ ਗਿਣਤੀ ’ਚ ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤੇ ਜਾਣ ਕਾਰਨ ਪਾਰਟੀ ’ਚ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਕਾਨੂੰਨੀ ਸਲਾਹ ਲੈ ਰਹੇ ਹਨ। ਐੱਨਸੀਪੀ ਦੇ ਕੌਮੀ ਬੁਲਾਰੇ ਕਲਾਈਡ ਕ੍ਰਾਸਟੋ ਨੇ ਕਿਹਾ ਕਿ ਲੰਘੀ ਰਾਤ ਸਤਾਰਾ ਤੋਂ ਮੁੜਨ ਮਗਰੋਂ ਸ਼ਰਦ ਪਵਾਰ ਮੌਜੂਦਾ ਸਿਆਸੀ ਹਾਲਾਤ ਨਾਲ ਨਜਿੱਠਣ ਲਈ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਸਲਾਹ ਲੈਣੀ ਜ਼ਰੂਰੀ ਹੈ ਕਿਉਂਕਿ ਇਹ ਮੁੰਦਾ ਸੰਵਿਧਾਨ ਦੇ 10ਵੇਂ ਸ਼ਡਿੳੂਨ ਲਾਲ ਸਬੰਧਤ ਹੈ। ਇਸੇ ਦੌਰਾਨ ਐੱਨਸੀਪੀ ਦੀ ਪੁਣੇ ਤੇ ਨਾਗਪੁਰ ਸ਼ਹਿਰੀ ਇਕਾਈ ਨੇ ਅੱਜ ੲਿੱਕ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ