ਕਾਂਗਰਸ ਦੀ ਵਿਚਾਰਧਾਰਕ ਲੜਾਈ ਅਤੇ ਚੋਣਾਂ
ਰਾਜੇਸ਼ ਰਾਮਚੰਦਰਨ
ਮੀਡੀਆ ਰਿਪੋਰਟਾਂ, ਪ੍ਰੈੱਸ ਕਾਨਫਰੰਸਾਂ ਅਤੇ ਕਿਆਸਅਰਾਈਆਂ ਦੇ ਆਧਾਰ ’ਤੇ ਸਾਫ਼ ਸੰਕੇਤ ਦਰਸਾਉਣ ਅਤੇ ਚੋਣ ਨਤੀਜਿਆਂ ਦੀ ਭਵਿੱਖਬਾਣੀ ਲਈ ਜੀਅ ਲਲਚਾਉਂਦਾ ਹੈ। ਦਰਅਸਲ, ਬਹੁਤੀ ਵਾਰ ਚੋਣਾਂ ਤੋਂ ਪਹਿਲਾਂ ਦੀ ਸਮੀਖਿਆ ਅੱਖੋਂ ਓਝਲ ਹੋ ਜਾਂਦੀ ਹੈ। ਫਿਰ ਜਿਵੇਂ ਜੋਤਸ਼ੀ, ਸਿਆਸੀ ਸਮੀਖਿਅਕ ਆਪਣੀਆਂ ਝੂਠੀਆਂ ਪੇਸ਼ੀਨਗੋਈਆਂ ਦਾ ਠੀਕਰਾ ਨਛੱਤਰਾਂ ਦੀ ਬਜਾਇ ਸਿਆਸਤਦਾਨਾਂ ਸਿਰ ਇਵੇਂ ਭੰਨਦੇ ਹਨ: “ਜੇ ਉਨ੍ਹਾਂ ਨੇ ਇੰਝ ਜਾਂ ਫਿਰ ਉਂਝ ਤੇ ਕੁਝ ਹੋਰ ਕੀਤਾ ਹੁੰਦਾ ਤਾਂ।” ਇਸ ਲਈ ਚੋਣ ਨਤੀਜਿਆਂ ਦੀ ਭਵਿੱਖਬਾਣੀ ਤੋਂ ਜਿੰਨਾ ਬਚਿਆ ਜਾ ਸਕਦਾ ਹੈ, ਓਨਾ ਹੀ ਚੰਗਾ ਹੈ।
ਬਹਰਹਾਲ, ਇਕ ਚੋਣ ਸਰਵੇਖਣ ਕੰਪਨੀ ਵਲੋਂ ਐਕਸ ’ਤੇ ਪਾਈ ਪੋਸਟ ਡਿਲੀਟ ਕਰਨ ਅਤੇ ਝੂਠੇ ਚੋਣ ਸਰਵੇਖਣ ਬਾਰੇ ਪੈ ਰਹੇ ਰੌਲੇ-ਰੱਪੇ ਨੂੰ ਅੱਖੋਂ ਓਹਲੇ ਕਰਨਾ ਬਹੁਤ ਔਖਾ ਹੈ। ਚੋਣ ਸਰਵੇਖਣਕਾਰ ਪ੍ਰਦੀਪ ਗੁਪਤਾ ਦੀ ‘ਐਕਸਿਸ ਮਾਇ ਇੰਡੀਆ’ ਦੇ ਹੈਂਡਲ ’ਤੇ ਡਿਲੀਟ ਕੀਤੀ ਪੋਸਟ ਵਿਚ ਕਿਹਾ ਗਿਆ ਸੀ ਕਿ 13 ਸੂਬਿਆਂ ਵਿਚ ਪਹਿਲੇ ਗੇੜ ਦੇ ਮਤਦਾਨ ਤੋਂ ਪਹਿਲਾਂ ਭਾਜਪਾ ਨੂੰ ਬਹੁਤ ਕਠਿਨ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਤੇ ਫਿਰ ਇਸੇ ਏਜੰਸੀ ਦੇ ਹਵਾਲੇ ਨਾਲ ਕਰਵਾਏ ਚੋਣ ਸਰਵੇਖਣ ਵਿਚ ਕਿਹਾ ਗਿਆ ਕਿ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋੜ੍ਹੀ ਦੇਰ ਬਾਅਦ ਹੀ ਇਹ ਖ਼ਬਰ ਆ ਗਈ ਕਿ ‘ਐਕਸਿਸ ਮਾਇ ਇੰਡੀਆ’ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਜਾਣਕਾਰੀ ਝੂਠੀ ਸੀ ਅਤੇ ਅਸਲ ਵਿਚ ਇਸ ਕੰਪਨੀ ਨੇ ਚੋਣ ਸਰਵੇਖਣ ਨਹੀਂ ਸਗੋਂ ਐਗਜਿ਼ਟ ਪੋਲ ਕੀਤੇ ਹਨ।
ਉਂਝ, ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ 2019 ਦੀਆਂ ਆਮ ਚੋਣਾਂ ਵਿਚ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਨੇ ਹੂੰਝਾ ਫੇਰੂ ਜਿੱਤਾਂ ਦਰਜ ਕੀਤੀਆਂ ਸਨ, ਐਤਕੀਂ ਉੱਥੇ ਇਸ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਤਰ੍ਹਾਂ ਦੇ ਸਖ਼ਤ ਮੁਕਾਬਲੇ ਦਾ ਵਿਰੋਧੀ ਧਿਰ ਨੂੰ ਲਾਹਾ ਲੈਣ ਲਈ ਹਰ ਕਦਮ ’ਤੇ ਭਾਜਪਾ ਨੂੰ ਟੱਕਰਨ ਲਈ ਤਿਆਰ ਵੀ ਹੋਣਾ ਪਵੇਗਾ। ਲਗਾਤਾਰ ਚੋਣ ਪ੍ਰਚਾਰ ਵਿਚ ਰੁੱਝੀ ਕਿਸੇ ਵੱਡ ਅਕਾਰੀ ਮਸ਼ੀਨ ਦਾ ਮੁਕਾਬਲੇ ਕਰਨ ਲਈ ਕਿਸੇ ਝੂਠੇ ਸਰਵੇਖਣ ਜਾਂ ਐਕਸ ’ਤੇ ਡਿਲੀਟ ਕੀਤੀ ਪੋਸਟ ਨਾਲ ਕੋਈ ਫਾਇਦਾ ਨਹੀਂ ਹੋਣਾ। ਪਹਿਲੇ ਗੇੜ ਦਾ ਮਤਦਾਨ ਹੋ ਚੁੱਕਿਆ ਹੈ ਪਰ ਕਾਂਗਰਸ ਅਜੇ ਵੀ ਤਿਆਰ ਨਜ਼ਰ ਨਹੀਂ ਆ ਰਹੀ ਹੈ।
ਚੰਡੀਗੜ੍ਹ ਨੂੰ ਹੀ ਲੈ ਲਓ। ਇਸ ਸੁੰਦਰ ਸ਼ਹਿਰ ਵਿਚ ਜਿਸ ਕਿਸਮ ਦੀ ਮੌਕਾਪ੍ਰਸਤੀ ਦਾ ਨਾਟਕ ਖੇਡਿਆ ਜਾ ਰਿਹਾ ਹੈ, ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਦਰਅਸਲ, ਇਸ ਦੇ ਆਂਢ-ਗੁਆਂਢ ਦੀ ਸੁੰਦਰਤਾ ਇਸ ਦੇ ਸੌਦੇਬਾਜ਼ੀ ਨਾਲ ਫੁੱਲੇ ਹੋਏ ਪੇਟ ਨੂੰ ਢਕ ਲੈਂਦੀ ਹੈ। ਇਸ ਸ਼ਹਿਰ ਵਿਚ ਕਾਂਗਰਸ ਅਤੇ ਭਾਜਪਾ ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੈ ਜਿਸ ਕਰ ਕੇ ਚੋਣ ਮੁਹਿੰਮ ਚਲਾਉਣੀ ਅਤੇ ਦੋਵਾਂ ’ਚੋਂ ਜਿੱਤ ਹਾਰ ਦਾ ਫ਼ੈਸਲਾ ਮੁਕਾਬਲਤਨ ਆਸਾਨ ਹੈ। ਉਮੀਦਵਾਰ ਦਾ ਐਲਾਨ ਕਰਨ ਵਿਚ ਭਾਜਪਾ ਨੇ ਪਹਿਲ ਕਰ ਲਈ। ਇਸ ਸੀਟ ਲਈ ਇਕ ਮੌਜੂਦਾ ਐੱਮਪੀ, ਇਕ ਸਾਬਕਾ ਐਮਪੀ, ਪਾਰਟੀ ਦੀ ਮੁਕਾਮੀ ਇਕਾਈ ਦੇ ਦੋ ਸਾਬਕਾ ਪ੍ਰਧਾਨਾਂ ਸਮੇਤ ਚਾਰ ਜਣੇ ਟਿਕਟ ਦੇ ਦਾਅਵੇਦਾਰ ਸਨ ਪਰ ਫ਼ੈਸਲਾ ਹੋਣ ਤੋਂ ਬਾਅਦ ਬਾਕੀ ਦੇ ਦਾਅਵੇਦਾਰਾਂ ਵਲੋਂ ਨਾਰਾਜ਼ਗੀ ਪ੍ਰਗਟ ਕਰਨ ਦੀ ਕੋਈ ਕਨਸੋਅ ਨਹੀਂ ਆਈ। ਉਮੀਦਵਾਰ ਦਾ ਐਲਾਨ ਹੋਣ ਤੋਂ ਬਾਅਦ ਚੋਣ ਪ੍ਰਚਾਰ ਵੀ ਸ਼ੁਰੂ ਹੋ ਗਿਆ ਪਰ ਕਾਂਗਰਸ ਲਈ ਅਜਿਹਾ ਨਹੀਂ। ਇਸ ਦੇ ਉਮੀਦਵਾਰ ਦਾ ਐਲਾਨ ਹੋਣ ਤੋਂ ਬਾਅਦ ਪਿਛਲੀਆਂ ਦੋ ਚੋਣਾਂ ਵਿਚ ਹਾਰ ਦਾ ਮੂੰਹ ਦੇਖ ਚੁੱਕੇ ਇਸ ਦੇ ਸਾਬਕਾ ਐੱਮਪੀ ਨੇ ਚੋਣ ਪ੍ਰਚਾਰ ਦੀ ਬਜਾਇ ਵਿਦਰੋਹ ਦਾ ਝੰਡਾ ਚੁੱਕ ਲਿਆ।
ਮੁਕਾਮੀ ਮੀਡੀਆ ਵਿਚ ਪਿਛਲੇ ਇਕ ਹਫ਼ਤੇ ਤੋਂ ਅੰਦਰੂਨੀ ਖਹਿਬਾਜ਼ੀ ਦੀਆਂ ਖ਼ਬਰਾਂ ਛਪ ਰਹੀਆਂ ਸਨ। ਆਖ਼ਰਕਾਰ, ਪਾਰਟੀ ਹਾਈ ਕਮਾਂਡ ਨੇ ਹਾਰੇ ਹੋਏ ਪਰ ਅਜੇ ਤੱਕ ਅੜੇ ਹੋਏ ਆਗੂ ਨੂੰ ਸ਼ਾਂਤ ਕਰਨ ਲਈ ਆਪਣਾ ਦੂਤ ਭੇਜਿਆ।
ਸੁਲ੍ਹਾ ਲਈ ਹਾਈ ਕਮਾਂਡ ਨੇ ਕਿਹੋ ਜਿਹਾ ਫਾਰਮੂਲਾ ਪੇਸ਼ ਕੀਤਾ ਹੋਵੇਗਾ, ਇਸ ਬਾਰੇ ਕੋਈ ਵੀ ਅਨੁਮਾਨ ਲਾ ਸਕਦਾ ਹੈ। ਚੰਡੀਗੜ੍ਹ ਨੇੜਲੇ ਪਟਿਆਲਾ ਹਲਕੇ ਵਿਚ ਕਾਂਗਰਸ ਨੇ ਸਾਫ਼ ਸੁਥਰੇ ਅਕਸ ਵਾਲੇ ਅਤੇ ਮਰੀਜ਼ਾਂ ਦੇ ਹਮਦਰਦ ਗਿਣੇ ਜਾਂਦੇ ਡਾਕਟਰ ਨੂੰ ਆਪਣਾ ਉਮੀਦਵਾਰ ਬਣਾਇਆ ਜਿਸ ਨੇ 2014 ਦੀ ਚੋਣ ਵਿਚ ਮੌਜੂਦਾ ਐੱਮਪੀ ਨੂੰ ਹਰਾਇਆ ਸੀ ਪਰ ਉੱਥੇ ਵੀ ਮੁਕਾਮੀ ਕਾਂਗਰਸੀਆਂ ਲਈ ਇਹ ਸਭ ਕੁਝ ਕਾਫ਼ੀ ਨਹੀਂ ਹੈ।
ਪਟਿਆਲਾ ਹਲਕੇ ਵਿਚ ਕਾਂਗਰਸੀ ਵਰਕਰ ਅਜੇ ਵੋਟਰਾਂ ਦੇ ਦਰਾਂ ’ਤੇ ਜਾਣ ਦੀ ਬਜਾਇ ਆਪਸੀ ਕਲੇਸ਼ ਵਿਚ ਉਲਝੇ ਹੋਏ ਹਨ; ਵੋਟਾਂ ਲਈ ਮਹੀਨੇ ਤੋਂ ਕੁਝ ਦਿਨ ਹੀ ਜਿ਼ਆਦਾ ਰਹਿ ਗਏ ਹਨ। ਪੰਜਾਬ ਵਿਚ ਸੱਤਾਧਾਰੀ ‘ਆਪ’, ਮੁੱਖ ਵਿਰੋਧੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਚਹੁੰ ਕੋਨੇ ਮੁਕਾਬਲੇ ਹੋਣ ਦੇ ਆਸਾਰ ਹਨ ਜਿਸ ਕਰ ਕੇ ਵੋਟਰਾਂ ਕੋਲ ਕਾਫ਼ੀ ਬਦਲ ਰਹਿਣਗੇ। ਕਾਂਗਰਸ ਆਪਣੇ ਸਾਰੇ ਉਮੀਦਵਾਰ ਐਲਾਨਣ ਤੋਂ ਝਿਜਕ ਰਹੀ ਹੈ; ਬਾਕੀ ਤਿੰਨੇ ਧਿਰਾਂ ਵਿਚ ਇਸ ਕਿਸਮ ਦੀ ਅੰਦਰੂਨੀ ਖਹਿਬਾਜ਼ੀ ਨਜ਼ਰ ਨਹੀਂ ਆ ਰਹੀ। ਆਪ ਨੇ ਆਪਣੇ ਸਾਰੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜੇ ਪਾਰਟੀ ਨੇ ਬਾਕੀ ਧਿਰਾਂ ਤੋਂ ਨਾਰਾਜ਼ ਵੋਟਰਾਂ ਦੀ ਪਹਿਲੀ ਪਸੰਦ ਬਣਨਾ ਹੈ ਤਾਂ ਇਸ ਨੂੰ ਆਪਸੀ ਅੰਦਰੂਨੀ ਖਹਿਬਾਜ਼ੀ ਦੀ ਬਜਾਇ ਚੰਗੀ ਲੜਾਈ ਦੇਣ ਦੇ ਮਨਸ਼ੇ ਦਾ ਮੁਜ਼ਾਹਰਾ ਕਰਨ ਦੀ ਲੋੜ ਹੈ।
ਹਰਿਆਣਾ ਵਿਚ 25 ਮਈ ਨੂੰ ਵੋਟਾਂ ਪੈਣਗੀਆਂ ਪਰ ਭਾਜਪਾ ਨੇ ਮਾਰਚ ਦੇ ਅੰਤ ਵਿਚ ਹੀ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਵਾਂਗ ਹਰਿਆਣਾ ਵਿਚ ਵੀ ਭਾਜਪਾ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ। ਭਾਜਪਾ ਨੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ
ਐੱਮਪੀ ਨਵੀਨ ਜਿੰਦਲ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਲੋਕਾਂ ਅੰਦਰ ਸਰਕਾਰ ਨਾਲ ਨਾਰਾਜ਼ਗੀ ’ਤੇ ਕਾਬੂ ਪਾਉਣ ਲਈ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਇਸ ਸੂਬੇ ਵਿਚ ‘ਆਪ’ ਵਿਰੋਧੀ ਧਿਰ ਦੇ ਇੰਡੀਆ ਗੱਠਜੋੜ ਦੇ ਭਿਆਲ ਵਜੋਂ ਕੰਮ ਕਰ ਰਹੀ ਹੈ ਅਤੇ ਇਸ ਨੇ ਇਕਮਾਤਰ ਸੁਸ਼ੀਲ ਗੁਪਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਉਸ ਵਲੋਂ ਵੀ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਚੁੱਕਿਆ ਹੈ। ਉਂਝ, ਕਾਂਗਰਸ ਨੇ ਨੌਂ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਅਜੇ ਕਰਨਾ ਹੈ।
ਜਿਨ੍ਹਾਂ ਸੂਬਿਆਂ ਵਿਚ ਭਾਜਪਾ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ, ਕੀ ਉੱਥੇ ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ਉਮੀਦਵਾਰਾਂ ਦੇ ਐਲਾਨ ਵਿਚ ਦੇਰੀ ਲਈ ਭਾਰਤੀ ਲੋਕਰਾਜ ਜਾਂ ਈਵੀਐੱਮ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ? ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਵਿਚ ਦੇਰੀ ਦਾ ਅਣਕਿਹਾ ਤਰਕ ਇਹ ਹੈ ਕਿ ਇਸ ਨਾਲ ਬਗ਼ਾਵਤ ਘੱਟ ਹੋਵੇਗੀ ਅਤੇ ਨੁਕਸਾਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਲੀਡਰਸ਼ਿਪ ਦੀ ਬਾਂਹ ਮਰੋੜਨ ਅਤੇ ਬਲੈਕਮੇਲਿੰਗ ਨੂੰ ਲੋਕਰਾਜੀ ਨੇਮ ਕਰਾਰ ਨਹੀਂ ਦਿੱਤਾ ਜਾ ਸਕਦਾ; ਇਹ ਸੱਤਾ ਦੇ ਭੁੱਖੇ ਲੋਕਾਂ ਵਲੋਂ ਇਕ ਬਹੁਤ ਹੀ ਕਮਜ਼ੋਰ ਲੀਡਰਸ਼ਿਪ ਤੋਂ ਕੀਤੀ ਜਾਣ ਵਾਲੀ ਮਹਿਜ਼ ਜਬਰੀ ਫਿਰੌਤੀ ਵਸੂਲੀ ਹੈ।
ਇਹ ਲੋਕ ਉਦੋਂ ਮਾਇਨੇ ਰੱਖਦੇ ਹਨ ਜਦੋਂ ਹਾਈ ਕਮਾਂਡ ਇੰਨੀ ਤਾਕਤਵਰ ਹੁੰਦੀ ਹੈ ਕਿ ਆਪਣੀ ਮਰਜ਼ੀ ਨਾਲ ਸੱਤਾ ਅਤੇ ਸੰਪਦਾ ਦੀ ਵੰਡ ਕਰ ਸਕੇ। ਇਹ ਲੋਕ ਜਨਤਕ ਆਗੂਆਂ ਨੂੰ ਕੁੰਡੇ ਹੇਠ ਰੱਖਣ ਵਾਸਤੇ ਔਜ਼ਾਰ ਦਾ ਕੰਮ ਦਿੰਦੇ ਹਨ ਪਰ ਹੁਣ ਪਾਰਟੀ ਲਈ ਸਿਰਦਰਦ ਸਾਬਿਤ ਹੋ ਰਹੇ ਹਨ। ਇਹ ਲੋਕ ਉਸ ਸੂਰਤ ਵਿਚ ਨੁਕਸਾਨ ਦਾ ਸਬਬ ਬਣ ਜਾਂਦੇ ਹਨ ਜਦੋਂ ਪਾਰਟੀ ਆਪਣੀ ਕਿਸੇ ਜਥੇਬੰਦਕ ਤਾਕਤ ਨਹੀਂ ਸਗੋਂ ਸੱਤਾ ਖਿਲਾਫ਼ ਲੋਕਾਂ ਦੇ ਰੋਹ ਕਾਰਨ ਜਿੱਤਣ ਦੀ ਹਾਲਤ ਵਿਚ ਹੁੰਦੀ ਹੈ। ਇਹ ਪਾਰਟੀ ਹਮੇਸ਼ਾ ਤੋਂ ਸ਼ਾਸਨ ਦੇ ਸਵਾਲ ’ਤੇ ਸੱਤਾ ਦੀ ਮੰਗ ਕਰਦੀ ਰਹੀ ਹੈ।
ਹਾਲ ਹੀ ਵਿਚ ਰਾਹੁਲ ਗਾਂਧੀ ਨੇ ਇਕ ਵੀਡੀਓ ਵਿਚ ਆਖਿਆ ਸੀ ਕਿ ਕਾਂਗਰਸ ਵਿਚਾਰਧਾਰਕ ਲੜਾਈ ਲੜ ਰਹੀ ਹੈ ਅਤੇ ਇਸ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਅਤੇ ਡੀਐੱਨਏ ਹਨ। ਚੰਡੀਗੜ੍ਹ, ਪਟਿਆਲਾ ਜਾਂ ਹੋਰ ਥਾਈਂ ਟਿਕਟ ਲਈ ਮਾਰੋ-ਮਾਰ ਕਰ ਰਹੇ ਇਨ੍ਹਾਂ ਆਗੂਆਂ ਬਾਰੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਜਦੋਂ ਉਨ੍ਹਾਂ ਨੂੰ
ਟਿਕਟ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ ਤਾਂ ਉਹ ਬਗ਼ਾਵਤ ਕਰ ਦਿੰਦੇ ਹਨ ਤੇ ਪਾਰਟੀ ਛੱਡ ਦਿੰਦੇ ਹਨ। ਸੱਤਾ ਅਤੇ ਫਾਇਦਿਆਂ ਦੀ ਝਾਕ ਰੱਖਣ ਵਾਲੇ ਲੋਕ ਕਦੇ ਵੀ ਵਿਚਾਰਧਾਰਕ ਲੜਾਈ ਨਹੀਂ ਲੜਦੇ। ਸਾਧਾਰਨ ਕਾਂਗਰਸ ਵਰਕਰ ਉਪਰ ਵਿਚਾਰਧਾਰਾ ਦਾ ਬੋਝ ਲੱਦਣ ਦੀ ਬਜਾਇ, ਪਾਰਟੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਮਸਲਾ ਵਿਚਾਰਧਾਰਕ ਤੌਰ ’ਤੇ ਨਿਰਲੇਪ ਅਤੇ ਨਿਰਾਸ਼ ਵੋਟਰਾਂ ਨਾਲ ਜੁਡਿ਼ਆ ਹੋਇਆ ਹੈ। ਇਸ ਸਮੇਂ ਸੱਤਾ ’ਤੇ ਬੈਠੇ ਲੋਕਾਂ ਨੂੰ ਉਤਾਰ ਕੇ ਸੁੱਟਣ ਲਈ ਕਾਂਗਰਸ ਔਜ਼ਾਰ ਮਾਤਰ ਹੈ ਬਸ਼ਰਤੇ ਵੋਟਰ ਆਪਣਾ ਮਨ ਬਣਾ ਲਵੇ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।