For the best experience, open
https://m.punjabitribuneonline.com
on your mobile browser.
Advertisement

ਖੁਸ਼ਹਾਲ ਜੀਵਨ ਲਈ ਆਪਣੀ ਜ਼ਿੰਦਗੀ ਦਾ ਮਕਸਦ ਪਛਾਣੋ

11:41 AM Mar 09, 2024 IST
ਖੁਸ਼ਹਾਲ ਜੀਵਨ ਲਈ ਆਪਣੀ ਜ਼ਿੰਦਗੀ ਦਾ ਮਕਸਦ ਪਛਾਣੋ
Advertisement

ਜਸਵਿੰਦਰ ਸਿੰਘ ਰੁਪਾਲ

ਬਹੁਤ ਘੱਟ ਲੋਕ ਹਨ ਜੋ ਜ਼ਿੰਦਗੀ ਨੂੰ ਅਸਲ ਅਰਥਾਂ ਵਿੱਚ ਜਿਊਂਦੇ ਹਨ। ਬਹੁਤੇ ਤਾਂ ਦਿਨ ਕਟੀ ਹੀ ਕਰ ਰਹੇ ਹਨ। ਕਦੇ ਸੋਚੋ ਕਿੰਨੇ ਹਨ ਸਾਡੇ ਵਿੱਚੋਂ ਜਿਨ੍ਹਾਂ ਨੂੰ ਸਵੇਰੇ ਉੱਠਣ ਦਾ ਇੱਕ ਚਾਅ ਹੁੰਦਾ ਹੈ, ਉਤਸ਼ਾਹ ਹੁੰਦਾ ਹੈ। ਜੋ ਸਵੇਰੇ ਉੱਠਦੇ ਹੀ ਕੁਝ ਕਰਨ ਦੀ ਸੋਚ ਲੈ ਕੇ ਆਪਣੇ ਜੀਵਨ ਮਕਸਦ ਨੂੰ ਪੂਰਾ ਕਰਨ ਲਈ ਜੁਟ ਜਾਂਦੇ ਹਨ। ਸਵੇਰ ਤੋਂ ਸ਼ਾਮ ਤੱਕ ਕੰਮ ਕਰਦਿਆਂ ਅਤੇ ਹੋਰ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਸੀਂ ਕਿੰਨੇ ਕੁ ਖ਼ੁਸ਼ ਹੁੰਦੇ ਹਾਂ? ਨਾ ਤਾਂ ਅਸੀਂ ਆਪਣਾ ਜੀਵਨ-ਮਕਸਦ ਪਛਾਣਿਆ ਹੈ, ਨਾ ਹੀ ਅਸੀਂ ਆਪਣੇ ਕੰਮ ਨੂੰ ਪਿਆਰ, ਆਨੰਦ ਅਤੇ ਖ਼ੁਸ਼ੀ ਨਾਲ ਕੀਤਾ ਹੈ।
ਸਮਾਜ ਵਿੱਚ ਵਿਚਰਦਿਆਂ ਬਣੇ ਹੋਏ ਵੱਖ ਵੱਖ ਸਬੰਧ ਵੀ ਸੁਖਾਵੇਂ, ਖੂਬਸੂਰਤ ਅਤੇ ਰੂਹ ਦੇ ਪੱਧਰ ਤੱਕ ਨਹੀਂ ਹੁੰਦੇ। ਕਦੇ ਕਦੇ ਤਾਂ ਇੰਝ ਮਹਿਸੂਸ ਹੁੰਦਾ ਹੈ ਅਤੇ ਕੁਝ ਲੋਕ ਤਾਂ ਆਖ ਵੀ ਦਿੰਦੇ ਹਨ ਕਿ ਵਕਤ ਨੂੰ ਧੱਕਾ ਦੇ ਰਹੇ ਹਾਂ। ਭਾਵੇਂ ਵਕਤ ਦੀ ਘਾਟ ਦਾ ਜ਼ਿਕਰ 99% ਲੋਕ ਕਰਦੇ ਰਹਿੰਦੇ ਹਨ ਪਰ ਉਹ ਕਿੰਨੇ ਕੁ ਸਾਰਥਕ ਅਤੇ ਖ਼ੁਸ਼ੀ ਪ੍ਰਦਾਨ ਕਰਨ ਵਾਲੇ ਕੰਮ ਕਰਦੇ ਹਨ? ਇਹ ਆਪਾਂ ਸਭ ਜਾਣਦੇ ਹਾਂ। ਆਓ, ਜ਼ਰਾ ਆਪਣੇ ਆਪ ਦਾ ਵਿਸ਼ਲੇਸ਼ਣ ਕਰੀਏ ਅਤੇ ਅਸੀਂ ਜੋ ਵੀ ਕਰ ਰਹੇ ਹਾਂ, ਉਸ ’ਚੋਂ ਇੱਕ ਆਨੰਦ, ਇੱਕ ਖ਼ੁਸ਼ੀ ਲੱਭਣ ਦਾ ਯਤਨ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਡਾ ਕੰਮ ਵੀ, ਸਾਡੇ ਸਬੰਧ ਵੀ ਅਤੇ ਸਮੁੱਚਾ ਜੀਵਨ ਹੀ ਇੱਕ ਵੱਖਰੀ ਮਹਿਕ ਨਾਲ ਭਰ ਜਾਵੇਗਾ। ਸ਼ਾਇਦ ਅਜਿਹੇ ਜ਼ਿੰਦਗੀ ਨੂੰ ਜਿਊਣ ਵਾਲੇ ਰੂਹ ਦੇ ਅਮੀਰ ਵਿਅਕਤੀ ਬੜੇ ਘੱਟ ਹਨ ਪਰ ਉਹ ਜਿੰਨੇ ਵੀ ਹਨ, ਜਿੱਥੇ ਵੀ ਉਹ ਵਿਚਰਦੇ ਹਨ, ਉਹ ਆਪਣੇ ਆਲੇ ਦੁਆਲੇ, ਪਰਿਵਾਰ, ਕੰਮ ਵਾਲੇ ਸਾਥੀਆਂ ਅਤੇ ਦੋਸਤਾਂ ਨੂੰ, ਗੱਲ ਕੀ ਹਰ ਮਿਲਣ ਵਾਲੇ ਨੂੰ ਉਤਸ਼ਾਹ ਨਾਲ ਭਰ ਕੇ ਜ਼ਿੰਦਗੀ ਦੇ ਅਰਥ ਦੱਸਦੇ ਹੋਏ ਵਾਤਾਵਰਨ ਨੂੰ ਉਸ ਤਰ੍ਹਾਂ ਮਹਿਕਾ ਦੇਣਗੇ ਜਿਵੇਂ ਇੱਕ ਚੰਦਨ ਦਾ ਬੂਟਾ ਆਪਣੇ ਨੇੜੇ ਦੇ ਹਰ ਬੂਟੇ ਨੂੰ ਮਹਿਕਣ ਲਾ ਦਿੰਦਾ ਹੈ।
ਆਪਣੇ ਆਲੇ ਦੁਆਲੇ ਵਿੱਚੋਂ ਅਜਿਹੇ ‘ਹਯਾਤੀ ਦੇ ਬਾਦਵਾਨਾਂ’ ਨੂੰ ਲੱਭੀਏ, ਉਨ੍ਹਾਂ ਦੀ ਸੰਗਤ ਕਰੀਏ ਅਤੇ ਉਨ੍ਹਾਂ ਤੋਂ ਜ਼ਿੰਦਗੀ ਜਿਊਣ ਦੇ ਗੁਰ ਸਿੱਖੀਏ। ਆਪਾਂ ਖ਼ੁਦ ਵੀ ਅਜਿਹੇ ਇਨਸਾਨ ਬਣ ਸਕਦੇ ਹਾਂ। ਉਹ ਉਤਸ਼ਾਹ, ਉਹ ਖ਼ੁਸ਼ੀ, ਉਹ ਗਤੀ ਸਾਡੇ ਸਾਰਿਆਂ ਦੇ ਅੰਦਰ ਉਸੇ ਤਰ੍ਹਾਂ ਛੁਪੀ ਹੋਈ ਹੈ ਜਿਵੇਂ ਮਿਰਗ ਦੀ ਨਾਭੀ ਵਿੱਚ ਕਸਤੂਰੀ। ਆਪਣੇ ਅੰਦਰੋਂ ਉਸ ਖ਼ੁਸ਼ੀ ਅਤੇ ਆਨੰਦ ਦੀ ਪ੍ਰਾਪਤੀ ਲਈ ਆਓ ਦੇਖੀਏ ਅਸੀਂ ਕੀ ਕਰ ਸਕਦੇ ਹਾਂ।
ਇਸ ਲਈ ਜਪਾਨੀ ਸੰਕਲਪ ‘ਇਕੀਗਾਈ’ ਤੋਂ ਸਹਾਇਤਾ ਲਈਏ। ਪਹਿਲਾਂ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਆਕਸਫੋਰਡ ਡਿਕਸ਼ਨਰੀ ਅਨੁਸਾਰ ‘ਇਕੀਗਾਈ’ ਇੱਕ ਅਜਿਹਾ ਪ੍ਰੇਰਨਾਤਮਕ ਬਲ ਹੈ, ਜਿਹੜਾ ਕਿਸੇ ਵਿਅਕਤੀ ਨੂੰ ਇੱਕ ਮਕਸਦ ਪ੍ਰਦਾਨ ਕਰਦਾ ਹੈ। ਭਾਵ ਉਸ ਦੀ ਹੋਂਦ ਦਾ ਕਾਰਨ ਦਰਸਾਉਂਦਾ ਹੈ। ਹੋਰ ਸੌਖਿਆਂ ਆਖੀਏ ਤਾਂ ਉਹ ਜੋ ਅੰਤਰੀਵ ਖ਼ੁਸ਼ੀ ਪ੍ਰਦਾਨ ਕਰਦਾ ਹੈ। ਇਹ ਸ਼ਬਦ ਜਪਾਨ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ‘ਇਕੀ’ ਅਤੇ ‘ਗਾਈ’। ‘ਇਕੀ’ ਦਾ ਅਰਥ ਹੈ ਜ਼ਿੰਦਗੀ’ ਅਤੇ ‘ਗਾਈ’ ਦਾ ਭਾਵ ਹੈ ‘ਮੁੱਲ ਜਾਂ ਕੀਮਤ।’ ਤੁਹਾਡੇ ਇਕੀਗਾਈ ਦਾ ਮਤਲਬ ਹੈ ਤੁਹਾਡੀ ਜ਼ਿੰਦਗੀ ਦਾ ਮਕਸਦ ਜਾਂ ਜ਼ਿੰਦਗੀ ਦਾ ਵਰਦਾਨ। ਭਾਵੇਂ ਜਪਾਨ ਵਿੱਚ ਇਹ ਮੱਦ ਕਾਫ਼ੀ ਪੁਰਾਣੀ ਹੈ ਪਰ ਜਪਾਨੀ ਮਨੋਵਿਗਿਆਨੀ ਮੀਕੋ ਕਾਮੀਆ ਦੀ 1966 ਵਿੱਚ ਲਿਖੀ ਪੁਸਤਕ ‘ਜੀਵਨ ਦੇ ਅਰਥਾਂ ’ਤੇ’ (On the meaning of life) ਤੋਂ ਬਾਅਦ ਇਸ ਧਾਰਨਾ ਨੇ ਪ੍ਰਸਿੱਧੀ ਪ੍ਰਾਪਤ ਕੀਤੀ।
ਵੀਹਵੀਂ ਸਦੀ ਦੇ ਛੇਵੇਂ ਤੋਂ ਅੱਠਵੇਂ ਦਹਾਕੇ ਤੱਕ ਇਕੀਗਾਈ ਨੂੰ ਸਮਾਜ ਦੇ ਕਲਿਆਣ ਜਾਂ ਨਿੱਜ ਦੇ ਸੁਧਾਰ ਦੇ ਅਨੁਭਵ ਰੂਪ ਵਿੱਚ ਜਾਣਿਆ ਜਾਂਦਾ ਰਿਹਾ। ਮਾਨਵ-ਵਿਗਿਆਨੀ ਚਿਕਾਕੋ ਓਜਾਵਾ-ਡੀ-ਸਿਲਵਾ ਅਨੁਸਾਰ ਜਪਾਨ ਦੀ ਪੁਰਾਣੀ ਪੀੜ੍ਹੀ ਲਈ ਇਕੀਗਾਈ ਦਾ ਅਰਥ ਇੱਕ ਕੰਪਨੀ ਅਤੇ ਪਰਿਵਾਰ ਵਿੱਚ ਆਪਣੇ ਆਪ ਨੂੰ ਫਿੱਟ ਕਰਨਾ ਸੀ। ਜਦ ਕਿ ਨੌਜਵਾਨਾਂ ਲਈ ਭਵਿੱਖ ਵਿੱਚ ਕੁਝ ਬਣਨ ਲਈ ਸਿਰਜੇ ਸੁਫ਼ਨੇ ਹੀ ਉਨ੍ਹਾਂ ਦਾ ਇਕੀਗਾਈ ਸੀ। ਇਕੀਗਾਈ ਦੇ ਚਾਰ ਭਾਗ ਹਨ-
* ਤੁਹਾਨੂੰ ਕੀ ਪਸੰਦ ਹੈ?
* ਤੁਸੀਂ ਕਿਸ ਵਿੱਚ ਚੰਗੇ ਹੋ?
* ਤੁਸੀਂ ਕਿਸ ਲਈ ਭੁਗਤਾਨ ਪ੍ਰਾਪਤ ਕਰ ਸਕਦੇ ਹੋ?
* ਸੰਸਾਰ ਨੂੰ ਕੀ ਚਾਹੀਦਾ ਹੈ?
ਸਪੱਸ਼ਟ ਹੈ ਕਿ ਜੋ ਤੁਹਾਨੂੰ ਪਸੰਦ ਹੈ ਅਤੇ ਜਿਸ ਵਿੱਚ ਤੁਸੀਂ ਚੰਗੇ ਹੋ, ਦਾ ਕਾਟ ਤੁਹਾਡੀ ਪ੍ਰੇਰਨਾ ਬਣਦਾ ਹੈ। ਤੁਸੀਂ ਜਿਸ ਵਿੱਚ ਚੰਗੇ ਹੋ ਅਤੇ ਜਿਸ ਲਈ ਤੁਹਾਨੂੰ ਭੁਗਤਾਨ ਕੀਤਾ ਜਾਂਦਾ ਹੈ, ਇਹ ਮਿਲ ਕੇ ਤੁਹਾਡਾ ਕਿੱਤਾ ਬਣਾਉਂਦੇ ਹਨ। ਜੋ ਸੰਸਾਰ ਚਾਹੁੰਦਾ ਹੈ ਅਤੇ ਜੋ ਤੁਹਾਨੂੰ ਪਸੰਦ ਹੈ, ਦੀ ਕਾਟ ਤੁਹਾਡਾ ਮਕਸਦ ਜਾਂ ਨਿਸ਼ਾਨਾ ਬਣਦਾ ਹੈ। ਜੋ ਸੰਸਾਰ ਚਾਹੁੰਦਾ ਹੈ ਅਤੇ ਜਿਸ ਲਈ ਤੁਹਾਨੂੰ ਭੁਗਤਾਨ ਕੀਤਾ ਜਾਵੇ, ਇਸ ਕਾਟ ਤੋਂ ਤੁਹਾਡੀ ਯੋਗਤਾ ਦਾ ਪਤਾ ਲੱਗਦਾ ਹੈ। ਜਿਥੇ ਇਹ ਸਾਰੇ ਕੱਟਦੇ ਹਨ ਯਾਨੀ ਤੁਹਾਡੀ ਪ੍ਰੇਰਨਾ, ਤੁਹਾਡਾ ਨਿਸ਼ਾਨਾ, ਤੁਹਾਡੀ ਯੋਗਤਾ ਅਤੇ ਤੁਹਾਡਾ ਪੇਸ਼ਾ ਮਿਲ ਕੇ ਕੇਂਦਰੀ ਬਿੰਦੂ ਇਕੀਗਾਈ ਬਣਾਉਂਦੇ ਹਨ। ਇੱਕ ਉਦਾਹਰਨ ਨਾਲ ਗੱਲ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਮੈਂ ਸੰਕਟ-ਕਾਊਂਸਲਿੰਗ ਨੂੰ ਪਸੰਦ ਕਰਦਾ ਹਾਂ, ਇਸ ਵਿੱਚ ਮਾਹਿਰ ਵੀ ਹਾਂ, ਸੰਸਾਰ ਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਵੀ ਹੈ ਅਤੇ ਇਸ ਵਿੱਚ ਬੇਅੰਤ ਨੌਕਰੀਆਂ ਵੀ ਹਨ ਤਾਂ ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣਾ ਇਕੀਗਾਈ ਲੱਭ ਲਿਆ ਹੈ।
ਜਪਾਨ ਸੰਸਾਰ ਵਿੱਚ ਲੰਮੀ ਜ਼ਿੰਦਗੀ ਜਿਊਣ ਵਾਲਾ ਦੂਜਾ ਦੇਸ਼ ਹੈ। ਇੱਥੇ ਔਰਤਾਂ ਔਸਤਨ 88.09 ਸਾਲ ਅਤੇ ਮਰਦ ਔਸਤਨ 81.91 ਸਾਲ ਜਿਊਂਦੇ ਹਨ। ਭਾਵੇਂ ਖੁਰਾਕ ਅਤੇ ਵਾਤਾਵਰਨ ਆਦਿ ਦਾ ਲੰਮੀ ਉਮਰ ਵਿੱਚ ਯੋਗਦਾਨ ਮੰਨਿਆ ਜਾਂਦਾ ਹੈ ਪਰ ਜਪਾਨੀ ਲੋਕਾਂ ਦਾ ਵਿਸ਼ਵਾਸ ਹੈ ਕਿ ਇਕੀਗਾਈ ਉਨ੍ਹਾਂ ਦੀ ਲੰਮੀ ਅਤੇ ਖ਼ੁਸ਼ਹਾਲ ਜ਼ਿੰਦਗੀ ਦਾ ਮੁੱਖ ਕਾਰਨ ਹੈ। ਆਪਣੇ ਇਕੀਗਾਈ ਨੂੰ ਪਛਾਣਨਾ ਬੜਾ ਵੱਡਾ ਮਕਸਦ ਹੈ। ਇਸ ਲਈ ਹੇਠ ਲਿਖੇ ਨੁਕਤੇ ਕੰਮ ਆ ਸਕਦੇ ਹਨ:
* ਆਪਣਾ ਆਦਰਸ਼ ਕੰਮ ਕਰਨ ਦਾ ਤਰੀਕਾ ਤਿਆਰ ਕਰਨਾ।
* ਕੰਮ ਦੇ ਸਥਾਨ ’ਤੇ ਮਜ਼ਬੂਤ ਸਮਾਜਿਕ ਸਬੰਧ ਸਥਾਪਿਤ ਕਰਨੇ।
* ਕੰਮ ਅਤੇ ਜ਼ਿੰਦਗੀ ਵਿੱਚ ਤੰਦਰੁਸਤ ਸੰਤੁਲਨ ਪੈਦਾ ਕਰਨਾ।
* ਆਪਣੇ ਕਰੀਅਰ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ।
ਆਪਣੇ ਕੰਮ ਵਿੱਚੋਂ ਆਨੰਦ ਲੱਭਣਾ।
ਇਨ੍ਹਾਂ ਨੁਕਤਿਆਂ ਨੂੰ ਸਾਹਮਣੇ ਰੱਖ ਕੇ ਅਸੀਂ ਆਪਣੇ ਕੰਮ ਨੂੰ ਹੋਰ ਰੀਝ ਨਾਲ ਅਤੇ ਦਿਲਚਸਪੀ ਨਾਲ ਕਰਾਂਗੇ। ਜਦੋਂ ਕੰਮ ਦਿਲਚਸਪੀ ਨਾਲ ਕਰਾਂਗੇ ਤਾਂ ਉਸ ਦਾ ਫ਼ਲ ਸਾਨੂੰ ਵੱਧ ਮਿਹਨਤਾਨੇ ਦੇ ਰੂਪ ਵਿੱਚ ਮਿਲੇਗਾ। ਸਾਡੇ ਸਮਾਜਿਕ ਸਬੰਧ ਸੁਧਰਨਗੇ। ਸਾਡਾ ਮਨ ਚੜ੍ਹਦੀ ਕਲਾ ਵਿੱਚ ਰਹੇਗਾ। ਸਾਡੇ ਸਰੀਰ ਦੇ ਨੇੜੇ ਕੋਈ ਬਿਮਾਰੀ ਨਹੀਂ ਆ ਸਕੇਗੀ, ਸਿੱਟੇ ਵਜੋਂ ਅਸੀਂ ਲੰਮੀ ਉਮਰ ਵੀ ਜੀਅ ਸਕਾਂਗੇ। ਲੰਮੀ ਅਤੇ ਖ਼ੁਸ਼ਹਾਲ ਮਕਸਦਪੂਰਨ ਜ਼ਿੰਦਗੀ ਜਿਊਣਾ ਹੀ ਸਾਡਾ ਇੱਕਮਾਤਰ ਨਿਸ਼ਾਨਾ ਹੋਣਾ ਚਾਹੀਦਾ ਹੈ ਜੋ ਆਪਣੇ ਆਪ ਹੀ ਨਾ ਕੇਵਲ ਵਿਅਕਤੀਗਤ ਵਿਕਾਸ ਅਤੇ ਆਨੰਦ ਲਿਆਵੇਗਾ, ਸਗੋਂ ਸੰਸਾਰ ਦੇ ਵਿਕਾਸ ਅਤੇ ਕਲਿਆਣ ਵਿੱਚ ਵੀ ਸਹਾਈ ਹੋਵੇਗਾ। ਆਓ, ਅੱਜ ਹੀ ਜੁਟ ਜਾਈਏ, ਆਪਣੇ ਇਕੀਗਾਈ ਨੂੰ ਪਛਾਣਨ ਵਿੱਚ। ਇੱਕ ਵਾਰੀ ਅਸੀਂ ਇਸ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ ਤਾਂ ਆਪਣਾ ਪੂਰਾ ਬਲ, ਪੂਰੀ ਇੱਛਾ ਸ਼ਕਤੀ ਅਤੇ ਪੂਰੀ ਸਮਰੱਥਾ ਇਸ ਨੂੰ ਪੂਰਾ ਕਰਨ ਵਿੱਚ ਲਗਾ ਦੇਵੋ। ਤੁਸੀਂ ਕਰਾਮਾਤ ਵਾਪਰਦੀ ਆਪਣੇ ਅੱਖੀਂ ਦੇਖੋਗੇ। ਆਪ ਵੀ ਖ਼ੁਸ਼ ਰਹੋਗੇ ਅਤੇ ਹੋਰਾਂ ਨੂੰ ਵੀ ਖ਼ੁਸ਼ੀਆਂ ਵੰਡੋਗੇ।
ਸੰਪਰਕ: 98147-15796
Advertisement
Advertisement
Author Image

sukhwinder singh

View all posts

Advertisement