ਮੋਗਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਵਾਲੇ ਸੌ ਪਿੰਡਾਂ ਦੀ ਪਛਾਣ
ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ 100 ਪਿੰਡਾਂ ਦੀ ਪਛਾਣ ਕੀਤੀ ਹੈ ਜਿੱਥੇ ਪਿਛਲੇ ਸੀਜ਼ਨ ਦੌਰਾਨ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜ਼ਿਲ੍ਹੇ ’ਚ ਪਿਛਲੇ ਵਰ੍ਹੇ ਕਿਸਾਨਾਂ ਖ਼ਿਲਾਫ਼ 183 ਐਫ਼ਆਈਆਰ ਦਰਜ ਕੀਤੀਆਂ ਗਈਆਂ ਸਨ। ਇਸ ਵਾਰ ਪ੍ਰਸ਼ਾਸਨ ਹੋਰ ਸਖ਼ਤੀ ਦੇ ਰੌਂਅ ਵਿੱਚ ਹੈ। ਸੂਬੇ ਵਿਚ ਹਰ ਸਾਲ ਜਦੋਂ ਝੋਨੇ ਦੀ ਕਟਾਈ ਮੌਕੇ ਪਰਾਲੀ ਦੀ ਸਾਂਭ-ਸੰਭਾਲ ਦੇ ਮਸਲੇ ਦੇ ਨਾਲ ਪ੍ਰਦੂਸ਼ਣ ਨਾਲ ਨਜਿੱਠਣ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਦਮਾਂ ਦਾ ਮਸਲਾ ਵੀ ਚਰਚਾ ਦਾ ਵਿਸ਼ਾ ਬਣਾ ਜਾਂਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਦਾ ਹੈ। ਸੂਬਾ ਸਰਕਾਰਾਂ ਵੀ ਹਰ ਵਾਰ ਠੋਸ ਕਦਮ ਚੁੱਕਣ ਦਾ ਦਾਅਵਾ ਕਰਦੀਆਂ ਹਨ ਪਰ ਹਾਲੇ ਤੱਕ ਇਸ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਸਕਿਆ ਹੈ। ਡਿਪਟੀ ਕਮਿਸ਼ਨਰ ਵਿਸੇਸ਼ ਸਾਰੰਗਲ ਨੇ ਕਿਹਾ ਕਿ ਪਿਛਲੇ ਸੀਜਨ ਵਿੱਚ ਸਬ ਡਵੀਜਨ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਪੋਂ ਵਿੱਚ ਸਭ ਤੋਂ ਵੱਧ 46 ਅੱਗਾਂ ਲੱਗੀਆਂ ਸਨ, ਜਦਕਿ ਪਿੰਡ ਵਾਂਦਰ ਵਿੱਚ 45, ਹਿੰਮਤਪੁਰਾ ਤੇ ਲੰਗੇਆਣਾ ਨੀਵਾਂ ਵਿੱਚ 43, ਭਲੂਰ ਤੇ ਸੈਦੋਕੇ ਵਿੱਚ 42, ਰੌਂਤਾ ਵਿੱਚ 40, ਬੁੱਟਰ ਤੇ ਦੌਧਰ ਸਰਕੀ ਵਿੱਚ 39 ਅਤੇ ਪਿੰਡ ਰਾਉਕੇ ਕਲਾਂ ਵਿੱਚ 38 ਅੱਗਾਂ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ। ਜਿਲ੍ਹੇ ’ਚ ਪਿਛਲੇ ਵਰ੍ਹੇ ਕਿਸਾਨਾਂ ਖ਼ਿਲਾਫ਼ 183 ਐਫ਼ਆਈਆਰ ਦਰਜ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਿੰਡਾਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਸਨ ਉਨ੍ਹਾਂ ਪਿੰਡਾਂ ਵਿੱਚ ਖੇਤੀ ਮਸ਼ੀਨਰੀ ਦੀ ਵੀ ਕੋਈ ਕਮੀ ਨਹੀਂ ਸੀ। ਕਈ ਪਿੰਡ ਤਾਂ ਅਜਿਹੇ ਸਨ ਜਿੱਥੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਦੁੱਗਣੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਉਪਲਬਧ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਕੇਂਦਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਇਸ ਵਾਰ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ।