ਬਜ਼ੁਰਗ ਦੀ ਕੁੱਟਮਾਰ ਕਰਨ ਵਾਲੇ ਦੀ ਪਛਾਣ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਇੱਕ ਮੁੰਡੇ ਵੱਲੋਂ ਬਜ਼ੁਰਗ ਮਾਂ ਦੀ ਕੁੱਟਮਾਰ ਦਾ ਮਾਮਲਾ ਪੁਲੀਸ ਨੇ ਹੱਲ ਕਰ ਲਿਆ ਹੈ ਪਰ ਇਸ ਮਾਮਲੇ ਵਿੱਚ ਮਾਂ ਵੱਲੋਂ ਆਪਣੇ ਪੁੱਤਰ ਖ਼ਿਲਾਫ਼ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਇਹ ਮਾਮਲਾ ਪੁਲੀਸ ਕਮਿਸ਼ਨਰ ਦੇ ਧਿਆਨ ਵਿੱਚ ਆਉਣ ‘ਤੇ ਉਨ੍ਹਾਂ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਥਾਣਾ ਗੇਟ ਹਕੀਮਾ ਦੀ ਪੁਲੀਸ ਨੇ ਦੋਵਾਂ ਧਿਰਾਂ ਦਾ ਪੱਖ ਸੁਣਿਆ ਹੈ। ਮਾਂ ਦੀ ਕੁੱਟਮਾਰ ਕਰਨ ਵਾਲੇ ਲੜਕੇ ਦੀ ਸ਼ਨਾਖ਼ਤ ਅਮਿਤ ਕੁਮਾਰ ਵਜੋਂ ਹੋਈ ਹੈ ਪਰ ਅਮਿਤ ਕੁਮਾਰ ਦੀ ਮਾਂ ਦੇਵੀ ਨੇ ਆਪਣੇ ਪੁੱਤਰ ਖ਼ਿਲਾਫ਼ ਪੁਲੀਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਜ਼ੁਰਗ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਹੈ। ਉਸ ਦੀ ਨੌਕਰੀ ਵੀ ਚਲੀ ਗਈ ਹੈ। ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਅਜਿਹੀ ਹਰਕਤ ਕੀਤੀ ਸੀ।
ਅਮਿਤ ਨੇ ਆਪਣੀ ਮਾਂ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਮੁੜ ਅਜਿਹੀ ਹਰਕਤ ਨਾ ਕਰਨ ਦਾ ਵਾਅਦਾ ਕਰਦਿਆਂ ਮਾਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ ਹੈ।