ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਂਗਣ ਦੇ ਕੀੜੇ-ਮਕੌੜਿਆਂ ਦੀ ਪਛਾਣ

09:53 AM Aug 10, 2024 IST

ਗੁਰਮੇਲ ਸਿੰਘ ਸੰਧੂ/ਸੁਖਜਿੰਦਰ ਸਿੰਘ ਮਾਨ/ਕਰਮਜੀਤ ਸ਼ਰਮਾ*

Advertisement

ਸਬਜ਼ੀਆਂ ਮਨੁੱਖੀ ਭੋਜਨ ਦਾ ਮਹੱਤਵਪੂਰਨ ਹਿੱਸਾ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਨਰੋਈ ਸਿਹਤ ਲਈ ਸਬਜ਼ੀਆਂ ਦੀ ਪ੍ਰਤੀ ਦਿਨ ਖ਼ਪਤ 400 ਗ੍ਰਾਮ ਪ੍ਰਤੀ ਵਿਅਕਤੀ ਹੋਣੀ ਚਾਹੀਦੀ ਹੈ। ਪਰ ਭਾਰਤ ਵਿੱਚ ਸਬਜ਼ੀਆਂ ਦੀ ਵਰਤੋਂ ਇਸ ਅੰਕੜੇ ਤੋਂ ਕਾਫ਼ੀ ਘੱਟ ਹੈ। ਬੈਂਗਣ ਸਬਜ਼ੀਆਂ ਦੀ ਮੁੱਖ ਫ਼ਸਲ ਹੈ ਤੇ ਪੰਜਾਬ ਵਿੱਚ ਇਸ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ। ਇਸ ਵਿੱਚ ਕਈ ਤਰ੍ਹਾਂ ਦੇ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਲੋਹਾ ਮੁੱਖ ਹਨ। ਪੰਜਾਬ ਵਿੱਚ ਸਾਲ 2021-2022 ਦੌਰਾਨ ਇਸ ਦੀ ਕਾਸ਼ਤ 6280 ਹੈਕਟੇਅਰ ਰਕਬੇ ਵਿੱਚ ਕੀਤੀ ਗਈ। ਇਸ ਫ਼ਸਲ ਅਧੀਨ ਹੋਰ ਰਕਬਾ ਲਿਆਉਣ ਦੀਆਂ ਸੰਭਾਵਨਾਵਾਂ ਹਨ। ਦੂਜੇ ਪਾਸੇ, ਬੈਂਗਣ ਉੱਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਬੈਂਗਣਾਂ ਦਾ ਚੰਗਾ ਝਾੜ ਲੈਣ ਲਈ ਇਨ੍ਹਾਂ ਕੀੜਿਆਂ ਦੀ ਰੋਕਥਾਮ ਜ਼ਰੂਰੀ ਹੈ। ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਤੋਂ ਇਲਾਵਾ ਸਰਵਪੱਖੀ ਰੋਕਥਾਮ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ। ਬੈਂਗਣ ਦੇ ਮੁੱਖ ਕੀੜੇ-ਮਕੌੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ ਹੇਠਾਂ ਦਿੱਤੇ ਗਏ ਅਨੁਸਾਰ ਹਨ:
ਫਲਾਂ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ: ਇਹ ਕੀੜਾ ਬੈਂਗਣ ਦੀ ਫ਼ਸਲ ਦੀ ਮੁੱਖ ਸਮੱਸਿਆ ਹੈ। ਬਰਸਾਤਾਂ ਦੇ ਮੌਸਮ ਦੌਰਾਨ ਇਸ ਦਾ ਗੰਭੀਰ ਹਮਲਾ ਦੇਖਣ ਨੂੰ ਮਿਲਦਾ ਹੈ। ਇਸ ਦਾ ਪਤੰਗਾ ਚਿੱਟੇ ਰੰਗ ਦਾ ਹੁੰਦਾ ਹੈ ਜਿਸ ਦੇ ਸਰੀਰ ਉੱਪਰ ਭੂਰੇ ਅਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਮਾਦਾ ਪਤੰਗੇ ਪੱਤਿਆਂ ਦੇ ਹੇਠਾਂ, ਹਰੇ ਤਣੇ, ਫੁੱਲ ਡੋਡੀਆਂ ਜਾਂ ਫਲ ਉੱਪਰ ਸਲੇਟੀ ਰੰਗ ਦੇ ਆਂਡੇ ਦਿੰਦੇ ਹਨ। ਆਂਡੇ ਵਿੱਚੋਂ ਲਗਪਗ 3-6 ਦਿਨਾਂ ਬਾਅਦ ਸੁੰਡੀ ਨਿਕਲਦੀ ਹੈ, ਜਿਹੜੀ ਨਰਮ ਕਰੂੰਬਲਾਂ (ਲਗਰਾਂ), ਫੁੱਲ ਅਤੇ ਫਲਾਂ ਵਿੱਚ ਵੜ ਕੇ ਖਾਂਦੀ ਹੈੈ। ਜਿਨ੍ਹਾਂ ਲਗਰਾਂ ਵਿੱਚ ਸੁੰਡੀ ਦਾ ਹਮਲਾ ਹੋਇਆ ਹੋਵੇ, ਉਹ ਮੁਰਝਾ ਕੇ ਡਿੱਗ ਪੈਂਦੀਆਂ ਹਨ ਜਾਂ ਝੁਕ ਜਾਂਦੀਆਂ ਹਨ ਅਤੇ ਬਾਅਦ ਵਿੱਚ ਸੁੱਕ ਜਾਂਦੀਆਂ ਹਨ। ਹਮਲੇ ਵਾਲੇ ਫਲ ਕਾਣੇ ਹੋ ਜਾਂਦੇ ਹਨ। ਇਸ ਕੀੜੇ ਦੀ ਸਰਵਪੱਖੀ ਰੋਕਥਾਮ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ:
• ਬੈਂਗਣਾਂ ਦੀ ਮੋਢੀ ਫ਼ਸਲ ਨਾ ਰੱਖੋ।
• ਕਾਣੇ ਫਲ ਤੋੜ ਕੇ ਖੇਤ ਵਿੱਚ ਜਾਂ ਆਲੇ-ਦੁਆਲੇ ਨਾ ਸੁੱਟੋ ਬਲਕਿ ਜ਼ਮੀਨ ਵਿੱਚ ਡੂੰਘੇ ਦੱਬ ਦਿਓ।
• ਜਿਉਂ ਹੀ ਇਸ ਕੀੜੇ ਦਾ ਹਮਲਾ ਹੋਵੇ, 80 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸਜੀ (ਐਮਾਮੈਕਟਿਨ ਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈਸੀ (ਫੈਨਵਲਰੇਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈਸੀ (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈਸੀ (ਡੈਲਟਾਮੈਥਰਿਨ) 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 3-4 ਵਾਰੀ 14 ਦਿਨਾਂ ਦੇ ਵਕਫ਼ੇ ਨਾਲ ਛਿੜਕੋ।
• ਛਿੜਕਾਅ ਕਰਨ ਤੋਂ ਪਹਿਲਾਂ ਪੱਕੇ ਫਲ ਤੋੜ ਲਵੋ।
• ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ ਤਿੰਨ ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ ਸੱਤ ਦਿਨ ਤੱਕ ਬੈਂਗਣ ਨਾ ਤੋੜੋ।
• ਇੱਕ ਹੀ ਕੀਟਨਾਸ਼ਕ ਦਾ ਛਿੜਕਾਅ ਵਾਰ-ਵਾਰ ਨਾ ਕੀਤਾ ਜਾਵੇ ਅਤੇ ਦੁਬਾਰਾ ਲੋੜ ਪੈਣ ’ਤੇ ਗਰੁੱਪ ਬਦਲ ਕੇ ਕੀਟਨਾਸ਼ਕ ਦਾ ਛਿੜਕਾਅ ਕਰੋ।
ਹੱਡਾ ਭੂੰਡੀ: ਇਹ ਬਹੁ-ਫ਼ਸਲੀ ਕੀੜਾ ਹੈ ਜੋ ਕਿ ਬੈਂਗਣ ਤੋਂ ਇਲਾਵਾ ਟਮਾਟਰ, ਆਲੂ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ’ਤੇ ਹਮਲਾ ਕਰਦਾ ਹੈ। ਭੂੰਡੀਆਂ ਅਤੇ ਸੁੰਡੀਆਂ ਦੋਵੇਂ ਹੀ ਬੈਂਗਣਾਂ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਭੂੰਡੀ ਗੂੜੇ ਤਾਂਬੇ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਖੰਭਾਂ ਉੱਪਰ ਕਾਲੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੀਲੇ ਰੰਗ ਦਾ ਹੁੰਦਾ ਹੈ। ਮਾਦਾ ਪੱਤਿਆਂ ਉੱਪਰ ਝੁੰਡਾਂ ਵਿੱਚ ਸਿਗਾਰ ਦੇ ਆਕਾਰ ਵਰਗੇ ਆਂਡੇ ਦਿੰਦੀ ਹੈ ਅਤੇ ਪੱਤਿਆਂ ਨੂੰ ਖੁਰਚ-ਖੁਰਚ ਕੇ ਖਾਂਦੀ ਹੈ। ਹਮਲੇ ਕਾਰਨ ਪੱਤੇ ਛਾਨਣੀ ਵਰਗੇ ਦਿਖਦੇ ਹਨ। ਇਸ ਕੀੜੇ ਦੀ ਰੋਕਥਾਮ ਲਈ ਇਸ ਦੇ ਆਂਡਿਆਂ, ਬੱਚਿਆਂ ਅਤੇ ਬਾਲਗਾਂ ਵਾਲੇ ਪੱਤੇ ਇਕੱਠੇ ਕਰਕੇ ਨਸ਼ਟ ਕਰ ਦਿਉ।
ਚਿੱਟੀ ਮੱਖੀ: ਇਹ ਬਹੁ-ਫ਼ਸਲੀ ਕੀੜਾ ਹੈ ਜੋ ਕਿ ਫ਼ਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਇਸ ਦੇ ਬੱਚੇ ਹਲਕੇ ਪੀਲੇ, ਗੋਲਾਕਾਰ ਅਤੇ ਸੁਸਤ ਹੁੰਦੇ ਹਨ, ਜੋ ਅਕਸਰ ਪੱਤੇ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਬੈਠੇ ਨਜ਼ਰ ਆਉਂਦੇ ਹਨ। ਇਸ ਦੇ ਬਾਲਗ 1-1.5 ਮਿਲੀਲਿਟਰ ਲੰਮੇ, ਪੀਲੇ ਰੰਗ ਦੇ ਜਿਨ੍ਹਾਂ ਦੇ ਖੰਭ ਚਿੱਟੇ ਮੋਮੀ ਪਦਾਰਥ ਨਾਲ ਢਕੇ ਹੁੰਦੇ ਹਨ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਬੈਂਗਣਾਂ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ, ਜੋ ਚਿਪਚਿਪਾ ਜਿਹਾ ਹੁੰਦਾ ਹੈ। ਹਮਲੇ ਵਾਲੇ ਬੂਟੇ ਦੋ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ, ਰਸ ਚੂਸਣ ਕਰ ਕੇ ਬੂਟੇ ਛੋਟੇ ਰਹਿ ਜਾਂਦੇ ਹਨ ਤੇ ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ, ਕਿਉਂਕਿ ਪੱਤਿਆਂ ਉੱਪਰ ਕਾਲੀ ਉੱਲੀ ਲੱਗ ਜਾਂਦੀ ਹੈ। ਹਮਲੇ ਕਾਰਨ ਝਾੜ ’ਤੇ ਵੀ ਕਾਫ਼ੀ ਮਾੜਾ ਅਸਰ ਪੈਂਦਾ ਹੈ।
• ਬੈਂਗਣ ’ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਇਕਨਾਮਿਕ ਥਰੈਸ਼ਹੋਲਡ (ਆਰਥਿਕ ਪੱਧਰ) ਅਨੁਸਾਰ ਹੀ ਕਰਨਾ ਚਾਹੀਦਾ ਹੈ। ਸਰਵੇਖਣ ਕਰਨ ਲਈ ਖੇਤ ਨੂੰ ਚਾਰ ਬਰਾਬਰ ਹਿੱਸਿਆਂ ਵਿੱਚ ਵੰਡ ਲਵੋ ਅਤੇ ਇਨ੍ਹਾਂ ਵਿੱਚੋਂ 10-10 ਬੂਟਿਆਂ ਦੇ ਉੱਪਰਲੇ, ਵਿਚਕਾਰਲੇ ਅਤੇ ਹੇਠਲ਼ੇ ਹਿੱਸੇ ਵਿੱਚ ਤਿੰਨ ਪੱਤਿਆਂ ਤੋਂ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਸਵੇਰੇ 10 ਵਜੇ ਤੋਂ ਪਹਿਲਾਂ ਕਰੋ। ਜੇ ਚਿੱਟੀ ਮੱਖੀ ਦੀ ਔਸਤਨ ਗਿਣਤੀ ਨੌਂ ਬਾਲ਼ਗ ਪ੍ਰਤੀ ਪੱਤਾ ਜਾਂ ਵਧੇਰੇ ਹੋਵੇ ਤਾਂ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ।
• ਲੋੜ ਪੈਣ ’ਤੇ ਫ਼ਸਲ ਦੀ ਸ਼ੁਰੂਆਤੀ ਹਾਲਤ ਵਿੱਚ ਇੱਕ ਤੋਂ ਦੋ ਛਿੜਕਾਅ 1200 ਮਿਲੀਲਿਟਰ ਪੀਏਯੂ ਘਰ ਦਾ ਬਣਾਇਆ ਨਿੰਮ ਦਾ ਘੋਲ ਜਾਂ 1500 ਮਿਲੀਲਿਟਰ ਮੱਕੀ/ਚਰੀ/ਬਾਜਰਾ ਦਾ ਰਸ 100-125 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
• ਨਿੰਮ ਦਾ ਘੋਲ ਤਿਆਰ ਕਰਨ ਲਈ 4 ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ ਸਣੇ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਘੋਲ ਠੰਢਾ ਹੋਣ ’ਤੇ ਛਾਣ ਲਵੋ ਅਤੇ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ।
• ਜੇ ਹਮਲਾ ਵਧੇਰੇ ਹੋਵੇ ਤਾਂ 15 ਦਿਨਾਂ ਦੇ ਵਕਫ਼ੇ ’ਤੇ 200 ਗ੍ਰਾਮ ਪੈਗਾਸਸ 50 ਤਾਕਤ (ਡਾਇਆਫੈਨਥੀਯੁਰੋਨ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ ਵਿੱਚ ਘੋਲ ਬਣਾ ਕੇ ਛਿੜਕੋ।
• ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਸੜਕਾਂ ਦੇ ਕਿਨਾਰਿਆਂ, ਖਾਲੀ ਥਾਵਾਂ, ਖਾਲੀ ਜ਼ਮੀਨ, ਖਾਲਿਆਂ ਦੀ ਵੱਟਾਂ ਆਦਿ ਉੱਪਰ ਉੱਗੇ ਚਿੱਟੀ ਮੱਖੀ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ।
• ਜੇ ਫ਼ਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਹੋਵੇ ਤਾਂ ਫਲਾਂ ਅਤੇ ਲਗਰਾਂ ਵਿੱਚ ਮੋਰੀਆਂ ਕਰਨ ਵਾਲੀ ਸੁੰਡੀ ਦੀ ਰੋਕਥਾਮ ਲਈ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕਰੋ।
ਮਕੌੜਾ ਜੂੰ: ਮਕੌੜਾ ਜੂੰ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ ਵਿੱਚ ਜ਼ਿਆਦਾ ਹੁੰਦਾ ਹੈ। ਛੋਟੀਆਂ ਅਤੇ ਵੱਡੀਆਂ ਜੂੰਆਂ ਪੱਤਿਆਂ ਦੇ ਹੇਠਲੇ ਪਾਸਿਓਂ ਹਰਾ ਹਿੱਸਾ ਖੁਰਚ ਕੇ ਰਸ ਚੂਸਦੀਆਂ ਹਨ। ਹਮਲੇ ਕਾਰਨ ਸ਼ੁਰੂ ਵਿੱਚ ਪੱਤਿਆਂ ’ਤੇ ਚਿੱਟੇ ਬਾਰੀਕ ਧੱਬੇ ਜਿਹੇ ਪੈ ਜਾਂਦੇ ਹਨ। ਬਾਅਦ ਵਿੱਚ ਪੱਤਿਆਂ ’ਤੇ ਜਾਲੇ ਬਣ ਜਾਂਦੇ ਹਨ ਜਿਨ੍ਹਾਂ ’ਤੇ ਧੂੜ ਜੰਮ੍ਹ ਜਾਂਦੀ ਹੈ ਅਤੇ ਪੱਤੇ ਝੜ ਜਾਂਦੇ ਹਨ।
• ਇਸ ਦੀ ਰੋਕਥਾਮ ਲਈ ਬੈਂਗਣ ਦੀ ਮੋਢੀ ਫ਼ਸਲ ਨਾ ਰੱਖੋ।
• ਖੁਸ਼ਕ ਮੌਸਮ ਦੌਰਾਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਸਿੰਜਾਈ ਕਰਦੇ ਰਹੋ।
• ਸਿੰਥੈਟਿਕ ਕੀਟਨਾਸ਼ਕਾਂ ਦੀ ਵਰਤੋਂ ਜ਼ਰੂਰਤ ਨਾਲੋਂ ਜ਼ਿਆਦਾ ਨਾ ਕਰੋ।
• ਲੋੜ ਪੈਣ ’ਤੇ 300 ਮਿਲੀਲਿਟਰ ਉਮਾਈਟ 57 ਤਾਕਤ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਕਿਸਾਨ ਬੈਂਗਣਾਂ ਦਾ ਵਧੀਆ ਝਾੜ ਲੈ ਸਕਦੇ ਹਨ। ਇਸ ਤੋਂ ਇਲਾਵਾ ਜੇ ਕੋਈ ਸਮੱਸਿਆ ਆਵੇ ਤਾਂ ਖੇਤੀ ਮਾਹਿਰਾਂ ਦੀ ਰਾਇ ਜ਼ਰੂਰ ਲੈਣੀ ਚਾਹੀਦੀ ਹੈ।
*ਕ੍ਰਿਸ਼ੀ ਵਿਗਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ।

Advertisement
Advertisement
Advertisement