ਫ਼ਰੀਦਕੋਟ ਵਿੱਚ 50 ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖਤ
ਫ਼ਰੀਦਕੋਟ: ਭਾਰਤ ਦੇ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਸੰਵੇਦਨਸ਼ੀਲ ਐਲਾਨੇ ਜਾਂਦੇ ਬੂਥਾਂ ਦਾ ਇਸ ਵਾਰ ਨਾਮ ਬਦਲ ਕੇ ‘ਵੈਂਡਰੇਬਲ ਸਟੇਸ਼ਨ’ (ਵੋਟਰਾਂ ਨੂੰ ਭਟਕਾਉਣ, ਖਰੀਦਣ ਜਾਂ ਡਰਾਉਣ ਵਾਲਾ ਖੇਤਰ) ਰੱਖ ਦਿੱਤਾ ਹੈ। ਸੂਚਨਾ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ ਅਜਿਹੇ 50 ਸਟੇਸ਼ਨਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 30 ਸਟੇਸ਼ਨ ਸ਼ਹਿਰੀ ਹਨ ਅਤੇ 20 ਸਟੇਸ਼ਨ ਪੇਂਡੂ ਖੇਤਰਾਂ ਵਿੱਚ ਹਨ। ਅਜਿਹੇ ਸਟੇਸ਼ਨਾਂ ਦੀ ਸ਼ਨਾਖਤ ਕਰਨ ਲਈ ਪਹਿਲਾਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਅਤੇ ਅਜਿਹੇ ਬੂਥਾਂ ਦੀ ਸ਼ਨਾਖਤ ਕੀਤੀ ਗਈ ਸੀ ਜਿੱਥੇ ਕਿਸੇ ਵੇਲੇ ਬਹੁਤ ਘੱਟ ਵੋਟਾਂ ਜਾਂ ਬਹੁਤ ਵੱਧ ਵੋਟਾਂ ਪਈਆਂ ਹੋਣ। ਇਹ ਵੀ ਪੜਤਾਲ ਕੀਤੀ ਗਈ ਕਿ ਜਿਨ੍ਹਾਂ ਬੂਥਾਂ ਉੱਪਰ ਪਹਿਲੀਆਂ ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਦੀ ਵਰਤੋਂ ਦੀਆਂ ਸ਼ਿਕਾਇਤਾਂ ਆਈਆਂ ਹੋਣ ਅਤੇ ਝਗੜੇ ਹੋਏ ਹੋਣ। ਚੋਣ ਕਮਿਸ਼ਨ ਨੇ ਇਹ ਸਰਵੇਖਣ ਮੁਕੰਮਲ ਹੋਣ ਤੋਂ ਬਾਅਦ ਫ਼ਰੀਦਕੋਟ ਵਿੱਚ 50 ਸਟੇਸ਼ਨਾਂ ਨੂੰ ਵੈਂਡਰੇਬਲ ਐਲਾਨਿਆ ਹੈ। ਫ਼ਰੀਦਕੋਟ ਵਿੱਚ 282 ਥਾਵਾਂ ’ਤੇ 511 ਪੋਲਿੰਗ ਬੂਥ ਬਣਾਏ ਗਏ ਹਨ। -ਨਿੱਜੀ ਪੱਤਰ ਪ੍ਰੇਰਕ