ਆਈਸਕ੍ਰੀਮ
ਹਰਿੰਦਰ ਸਿੰਘ ਗੋਗਨਾ
‘‘ਕੱਲ੍ਹ ਐਤਵਾਰ ਹੈ, ਮੌਜਾਂ ਹੀ ਮੌਜਾਂ...।’’ ਸ਼ਨਿਚਰਵਾਰ ਨੂੰ ਜਿਵੇਂ ਹੀ ਸਾਰੀ ਛੁੱਟੀ ਦੀ ਘੰਟੀ ਵੱਜੀ ਤਾਂ ਮਿੰਟੂ ਨੇ ਆਪਣਾ ਬਸਤਾ ਜੋਸ਼ ਤੇ ਉਮੰਗ ਨਾਲ ਚੁੱਕ ਕੇ ਆਪਣੇ ਮੋਢੇ ਟੰਗਦਿਆਂ ਕਿਹਾ। ਉਸ ਦੀਆਂ ਦੋਵੇਂ ਭੈਣਾ ਹਰਲੀਨ ਤੇ ਰੋਜ਼ਲੀਨ ਵੀ ਉਸ ਦੀ ਕਲਾਸ ਵਿੱਚ ਆ ਚੁੱਕੀਆਂ ਸਨ। ਤਿੰਨੋਂ ਭੈਣ-ਭਰਾ ਇੱਕੋ ਸਕੂਲ ਵਿੱਚ ਪੜ੍ਹਦੇ ਸਨ।
‘‘ਨਾਲੇ ਵੀਰੇ, ਅੱਜ ਵੀ ਤਾਂ ਮੌਜਾਂ ਹੀ ਕਰਾਂਗੇ...। ਯਾਦ ਹੈ ਨਾ ਆਈਸਕ੍ਰੀਮ...?’’ ਹਰਲੀਨ ਨੇ ਮਿੰਟੂ ਨੂੰ ਕਿਹਾ।
‘‘ਓਹ ਮੈਂ ਤਾਂ ਭੁੱਲ ਹੀ ਗਿਆ ਸੀ। ਚਲੋ ਘਰ ਜਾਂਦੇ ਹੀ ਮੰਮੀ ਦੀ ਜਮਾਈ ਆਈਸਕ੍ਰੀਮ ਦਾ ਮਜ਼ਾ ਲੈਂਦੇ ਹਾਂ।’’ ਮਿੰਟੂ ਨੇ ਮੁਸਕਰਾ ਕੇ ਰੋਜ਼ਲੀਨ ਵੱਲ ਵੇਖਦਿਆਂ ਕਿਹਾ। ਫਿਰ ਤਿੰਨੇ ਭੈਣ-ਭਰਾ ਘਰ ਵੱਲ ਚੱਲ ਪਏ। ਉਨ੍ਹਾਂ ਦਾ ਘਰ ਸਕੂਲ ਤੋਂ ਥੋੜ੍ਹੀ ਹੀ ਦੂਰ ਸੀ।
ਹੁੰਮਸ ਭਰੀ ਗਰਮੀ ਹੋਣ ਕਾਰਨ ਤਿੰਨੇ ਬੱਚੇ ਜਲਦੀ ਜਲਦੀ ਘਰ ਪਹੁੰਚ ਕੇ ਠੰਢੀ ਠੰਢੀ ਆਈਸਕ੍ਰੀਮ ਖਾਣ ਦਾ ਮਜ਼ਾ ਲੈਣਾ ਚਾਹੁੰਦੇ ਸਨ। ਸਵੇਰੇ ਸਕੂਲ ਆਉਣ ਸਮੇਂ ਮੰਮੀ ਨੇ ਤਿੰਨਾਂ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਵਾਪਸੀ ’ਤੇ ਉਹ ਉਨ੍ਹਾਂ ਨੂੰ ਫਰਿੱਜ ਵਿੱਚ ਜਮਾਈ ਠੰਢੀ ਠੰਢੀ ਆਈਸਕ੍ਰੀਮ ਖੁਆਉਣਗੇ।
ਰਸਤੇ ਵਿੱਚ ਵੀ ਤਿੰਨੇ ਭੈਣ ਭਰਾ ਆਈਸਕ੍ਰੀਮ ਦੀਆਂ ਹੀ ਗੱਲਾਂ ਕਰਦੇ ਰਹੇ। ਹਰਲੀਨ ਆਖ ਰਹੀ ਸੀ, ‘‘ਮੈਂ ਤਾਂ ਆਈਸਕ੍ਰੀਮ ਮਿਲਦੇ ਹੀ ਫਟਾਫਟ ਚੱਟ ਕਰ ਜਾਵਾਂਗੀ।’’ ਰੋਜ਼ਲੀਨ ਕਹਿਣ ਲੱਗੀ, ‘‘ਹਾਂ ਛੇਤੀ ਛੇਤੀ ਖਾ ਲਵਾਂਗੇ ਨਹੀਂ ਤਾਂ ਗਰਮੀ ਏਨੀ ਪੈ ਰਹੀ ਏ ਕਿ ਆਈਸਕ੍ਰੀਮ ਪਿਘਲ ਜਾਏਗੀ ਫਿਰ ਮਜ਼ਾ ਨਹੀਂ ਆਉਣਾ।’’
‘‘ਮੈਂ ਤਾਂ ਆਈਸਕ੍ਰੀਮ ’ਤੇ ਸਜਾਈ ਚੈਰੀ ਖਾਵਾਂਗਾ ਫਿਰ ਆਈਸਕ੍ਰੀਮ...। ਮੈਨੂੰ ਠੰਢੀ ਠੰਢੀ ਚੈਰੀ ਬੜੀ ਸੁਆਦ ਲੱਗਦੀ ਹੈ।’’ ਮਿੰਟੂ ਨੇ ਆਪਣੇ ਬੁੱਲ੍ਹਾਂ ’ਤੇ ਜੀਭ ਫੇਰਦਿਆਂ ਕਿਹਾ। ਫਿਰ ਤਿੰਨੇ ਭੈਣ-ਭਰਾ ਘਰ ਪੁੱਜ ਗਏ। ਘਰ ਪੁੱਜਦੇ ਹੀ ਉਹ ਆਪੋ ਆਪਣੇ ਬਸਤੇ ਇੱਕ ਪਾਸੇ ਰੱਖ ਫਰਿੱਜ ਵੱਲ ਵਧੇ। ਤਦੇ ਮੰਮੀ ਨੇ ਉਨ੍ਹਾਂ ਨੂੰ ਆਵਾਜ਼ ਦੇ ਕੇ ਕਿਹਾ, ‘‘ਰੁਕੋ ਰੁਕੋ, ਅਜੇ ਤੁਹਾਡੀ ਆਈਸਕ੍ਰੀਮ ਜੰਮੀ ਨਹੀਂ। ਸਵੇਰ ਦੀ ਤਾਂ ਬਿਜਲੀ ਗਈ ਹੋਈ ਏ। ਤੁਸੀਂ ਨਹਾ ਧੋ ਲਓ। ਬਿਜਲੀ ਆਉਣ ਤੋਂ ਬਾਅਦ ਹੀ ਆਈਸਕ੍ਰੀਮ ਜੰਮੇਗੀ।’’
ਤਿੰਨੇ ਬੱਚਿਆਂ ਦੀਆਂ ਉਮੀਦਾਂ ’ਤੇ ਜਿਵੇਂ ਪਾਣੀ ਫਿਰ ਗਿਆ ਸੀ। ਆਈਸਕ੍ਰੀਮ ਫਟਾਫਟ ਖਾਣ ਦੀ ਰੀਝ ਜਿਵੇਂ ਮਨ ਵਿੱਚ ਹੀ ਦੱਬ ਕੇ ਰਹਿ ਗਈ ਸੀ। ਉਹ ਲਟਕੇ ਚਿਹਰਿਆਂ ਨਾਲ ਇੱਕ ਦੂਜੇ ਵੱਲ ਵੇਖਣ ਲੱਗੇ। ਗਰਮੀ ਕਾਰਨ ਪਹਿਲਾਂ ਹੀ ਉਹ ਪਰੇਸ਼ਾਨ ਸਨ। ਫਿਰ ਸਭ ਨੇ ਫਰਿੱਜ ਦਾ ਠੰਢਾ ਪਾਣੀ ਪੀਤਾ ਤੇ ਮੰਮੀ ਦਾ ਮੋਬਾਈਲ ਚੁੱਕ ਉਸ ਵਿੱਚ ਕਾਰਟੂਨ ਫਿਲਮ ਵੇਖਣ ਲੱਗੇ। ਤਿੰਨਾਂ ਨੂੰ ਹੁਣ ਬਿਜਲੀ ਆਉਣ ਦੀ ਉਡੀਕ ਸੀ ਤਾਂ ਕਿ ਆਈਸਕ੍ਰੀਮ ਜੰਮੇ ਤੇ ਉਹ ਖਾਣ।
ਹਰਲੀਨ ਫਰਿੱਜ ਵੱਲ ਆਈ ਤੇ ਫਰੀਜ਼ਰ ਖੋਲ੍ਹ ਕੇ ਆਈਸਕ੍ਰੀਮ ਦੀ ਉੱਪਰਲੀ ਪਰਤ ’ਤੇ ਹੱਥ ਲਗਾ ਕੇ ਮੁੜ ਗਈ। ਥੋੜ੍ਹੀ ਦੇਰ ਬਾਅਦ ਮਿੰਟੂ ਫਰਿੱਜ ਵੱਲ ਆਇਆ ਤੇ ਫਰੀਜ਼ਰ ਖੋਲ੍ਹ ਕੇ ਉਸ ਵਿੱਚ ਰੱਖੀ ਆਈਸਕ੍ਰੀਮ ਤੋਂ ਥੋੜ੍ਹੀ ਕੁ ਚੈਰੀ ਲਾਹ ਕੇ ਖਾਣ ਲੱਗਾ। ਮੰਮੀ ਨੇ ਵੇਖਿਆ ਤਾਂ ਆਖਿਆ, ‘‘ਥੋੜ੍ਹਾ ਵੀ ਸਬਰ ਨਹੀਂ ਤੁਹਾਡੇ ਬੱਚਿਆਂ ਵਿੱਚ। ਬਿਜਲੀ ਆ ਜਾਏਗੀ ਤਾਂ ਜੀਅ ਭਰ ਖਾ ਲੈਣਾ ਆਈਸਕ੍ਰੀਮ...।’’
ਫਿਰ ਅਚਾਨਕ ਬਿਜਲੀ ਆ ਗਈ। ਤਿੰਨੇ ਬੱਚਿਆਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ ਪਰ ਮੰਮੀ ਨੇ ਦੱਸ ਦਿੱਤਾ ਕਿ ਅਜੇ ਵੀ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ। ਤਿੰਨੇ ਇੱਕ ਵਾਰ ਫਿਰ ਨਿਰਾਸ਼ ਜਿਹਾ ਹੋ ਕੇ ਬਿਸਤਰ ’ਤੇ ਲੇਟ ਗਏ। ਉਨ੍ਹਾਂ ਨੇ ਦੋ-ਤਿੰਨ ਘੰਟੇ ਬੜੀ ਮੁਸ਼ਕਲ ਨਾਲ ਗੁਜ਼ਾਰੇ। ਫਿਰ ਰੋਜ਼ਲੀਨ ਨੇ ਫਰਿੱਜ ਖੋਲ੍ਹ ਕੇ ਆਈਸਕ੍ਰੀਮ ਦੀ ਉੱਪਰਲੀ ਪਰਤ ਵਿੱਚ ਉਂਗਲ ਗੱਡ ਕੇ ਵੇਖੀ ਤਾਂ ਥੋੜ੍ਹਾ ਚਹਿਕ ਕੇ ਬੋਲੀ, ‘‘ਮੰਮੀ ਆਈਸਕ੍ਰੀਮ ਜੰਮ ਰਹੀ ਏ। ਹੁਣ ਖਾ ਲਈਏ...। ਹੋਰ ਇੰਤਜ਼ਾਰ ਨਹੀਂ ਹੁੰਦਾ।’’
ਮੰਮੀ ਨੇ ਆ ਕੇ ਵੇਖਿਆ ਤਾਂ ਕਿਹਾ, ‘‘ਅਜੇ ਹੋਰ ਸਮਾਂ ਲੱਗੇਗਾ...।’’ ਪਰ ਮਿੰਟੂ ਤੇ ਹਰਲੀਨ ਕਹਿਣ ਲੱਗੇ, ‘‘ਜਿਵੇਂ ਦੀ ਵੀ ਹੈ ਸਾਨੂੰ ਆਈਸਕ੍ਰੀਮ ਦੇ ਦਿਓ।’’ ਮੰਮੀ ਨੇ ਥੋੜ੍ਹਾ ਝੁੰਜਲਾ ਕੇ ਕਿਹਾ, ‘‘ਆਪਣੀ ਮਰਜ਼ੀ ਕਰੋ ਤੇ ਖਾ ਲਓ।’’
ਤਿੰਨੇ ਫਰਿੱਜ ਵੱਲ ਦੌੜੇ ਤੇ ਫਿਰ ਆਈਸਕ੍ਰੀਮ ਦਾ ਰੱਖਿਆ ਬਰਤਨ ਬਾਹਰ ਕੱਢ ਲਿਆਏ ਪਰ ਬਰਤਨ ਥੋੜ੍ਹਾ ਟੇਢਾ ਹੁੰਦਿਆਂ ਹੀ ਦੁੱਧ ਦੀਆਂ ਬੂੰਦਾਂ ਛਲਕ ਪਈਆਂ। ਆਈਸਕ੍ਰੀਮ ਅਜੇ ਪੂਰੀ ਤਰ੍ਹਾਂ ਜੰਮੀ ਨਹੀਂ ਸੀ ਪਰ ਤਿੰਨਾਂ ਨੂੰ ਸੰਤੁਸ਼ਟੀ ਸੀ। ਜਿਵੇਂ ਕੋਈ ਧਨ ਮਿਲ ਗਿਆ ਹੋਵੇ। ਤਿੰਨਾਂ ਨੇ ਆਪਸ ਵਿੱਚ ਬਰਾਬਰ ਆਈਸਕ੍ਰੀਮ ਵੰਡ ਲਈ ਤੇ ਫਿਰ ਇੱਕ ਥਾਂ ਬੈਠ ਕੇ ਖਾਣ ਲੱਗੇ। ਉਨ੍ਹਾਂ ਦੇ ਖਿੜੇ ਚਿਹਰੇ ਵੇਖ ਕੇ ਉਨ੍ਹਾਂ ਦੀ ਮੰਮੀ ਦਾ ਚਿਹਰਾ ਵੀ ਖ਼ੁਸ਼ੀ ਨਾਲ ਖਿੜ ਗਿਆ ਸੀ।
ਸੰਪਰਕ: 98723-25960