ਆਈਸੀਸੀ ਰੈਂਕਿੰਗ: ਬੁਮਰਾਹ ਨੇ ਗੇਂਦਬਾਜ਼ੀ ’ਚ ਨਵਾਂ ਭਾਰਤੀ ਰਿਕਾਰਡ ਬਣਾਇਆ
* ਸੰਨਿਆਸ ਲੈ ਚੁੱਕੇ ਅਸ਼ਿਵਨ ਦੇ 904 ਰੇਟਿੰਗ ਅੰਕਾਂ ਦੇ ਰਿਕਾਰਡ ਨੂੰ ਪਛਾੜਿਆ
* ਕੁੱਲ ਵਕਤੀ ਸੂਚੀ ਵਿੱਚ ਇੰਗਲੈਂਡ ਦੇ ਡੈਰੇਕ ਅੰਡਰਵੁੱਡ ਦੇ ਨਾਲ ਸਾਂਝੇ 17ਵੇਂ ਸਥਾਨ ’ਤੇ ਕਾਇਮ
ਦੁਬਈ, 1 ਜਨਵਰੀ
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਅੱਜ ਜਾਰੀ ਕੀਤੀ ਗਈ ਰੈਂਕਿੰਗਜ਼ ਵਿੱਚ ਗੇਂਦਬਾਜ਼ੀ ’ਚ 907 ਰੇਟਿੰਗ ਅੰਕਾਂ ਦਾ ਅੰਕੜਾ ਛੂਹ ਕੇ ਨਵਾਂ ਭਾਰਤੀ ਰਿਕਾਰਡ ਬਣਾਇਆ। ਬੁਮਰਾਹ ਨੇ ਹਾਲ ਵਿੱਚ ਸੰਨਿਆਸ ਲੈਣ ਵਾਲੇ ਸਪਿੰਨ ਗੇਂਦਬਾਜ਼ ਰਵੀਚੰਦਰਨ ਅਸ਼ਿਵਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 2016 ਵਿੱਚ 904 ਅੰਕਾਂ ਦੀ ਆਪਣੀ ਸਭ ਤੋਂ ਵੱਧ ਉੱਚੀ ਰੇਟਿੰਗ ਹਾਸਲ ਕੀਤੀ ਸੀ। ਬੁਮਰਾਹ ਨੇ ਹਾਲ ਵਿੱਚ ਅਸ਼ਿਵਨ ਦੀ ਬਰਾਬਰੀ ਕੀਤੀ ਅਤੇ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ ’ਤੇ ਉਹ ਨਵਾਂ ਭਾਰਤੀ ਰਿਕਾਰਡ ਬਣਾਉਣ ਵਿੱਚ ਸਫ਼ਲ ਰਿਹਾ। ਬੁਮਰਾਹ 907 ਵੋਟਿੰਗ ਅੰਕਾਂ ਨਾਲ ਹੁਣ ਤੱਕ ਕੁੱਲ ਵਕਤੀ ਸੂਚੀ ਵਿੱਚ ਇੰਗਲੈਂਡ ਦੇ ਡੈਰੇਕ ਅੰਡਰਵੁੱਡ ਦੇ ਨਾਲ ਸਾਂਝੇ 17ਵੇਂ ਸਥਾਨ ਉੱਤੇ ਹੈ। ਇਸ ਤੇਜ਼ ਗੇਂਦਬਾਜ਼ ਨੇ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਨੌਂ ਵਿਕਟਾਂ ਹਾਸਲ ਕੀਤੀਆਂ ਸਨ, ਜਿਸ ਨਾਲ ਉਸ ਨੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਭਾਰਤ, ਹਾਲਾਂਕਿ ਇਸ ਮੈਚ ਵਿੱਚ ਹਾਰ ਗਿਆ ਸੀ। -ਪੀਟੀਆਈ