ਆਈਸੀਸੀ ਰੈਂਕਿੰਗ: ਅਸ਼ਿਵਨ ਸਿਖਰ ’ਤੇ ਕਾਇਮ
ਦੁਬਈ, 31 ਜਨਵਰੀ
ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਨੇ ਅੱਜ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਹਮਵਤਨ ਜਸਪ੍ਰੀਤ ਬੁਮਰਾਹ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਖ਼ਿਲਾਫ਼ ਸ਼ੁਰੂਆਤੀ ਟੈਸਟ ਵਿੱਚ ਭਾਰਤ ਦੀ 28 ਦੌੜਾਂ ਦੀ ਹਾਰ ਦੌਰਾਨ ਅਸ਼ਿਵਨ ਨੇ ਮੈਚ ਵਿੱਚ ਛੇ ਵਿਕਟਾਂ ਲਈਆਂ ਸਨ। ਉਸ ਦੇ ਨਾਮ 853 ਰੇਟਿੰਗ ਅੰਕ ਹਨ। ਤੇਜ਼ ਗੇਂਦਬਾਜ਼ ਬੁਮਰਾਹ ਨੇ ਵੀ ਇਸ ਮੈਚ ਵਿੱਚ ਛੇ ਵਿਕਟਾਂ ਲਈਆਂ, ਜਿਸ ਸਦਕਾ ਉਹ ਚੌਥੇ ਸਥਾਨ ’ਤੇ ਪਹੁੰਚ ਗਿਆ। ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰਲੇ 10 ’ਚ ਤੀਜਾ ਭਾਰਤੀ ਖੱਬੇ ਹੱਥ ਦਾ ਸਪਿੰਨਰ ਰਵਿੰਦਰ ਜਡੇਜਾ ਹੈ, ਜੋ ਛੇਵੇਂ ਨੰਬਰ ’ਤੇ ਹੈ। ਟੈਸਟ ਆਲਰਾਊਂਡਰ ਰੈਂਕਿੰਗ ਵਿੱਚ ਜਡੇਜਾ ਸਿਖਰ ’ਤੇ ਹੈ। ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਇੰਗਲੈਂਡ ਦਾ ਜੋਅ ਰੂਟ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਹ ਜੇਕਰ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਵਿੱਚ ਸਫ਼ਲ ਰਿਹਾ ਤਾਂ ਇਸ ਸੂਚੀ ਵਿੱਚ ਸਿਖਰਲੇ ਤਿੰਨ ਸਥਾਨ ’ਤੇ ਕਾਬਜ਼ ਖਿਡਾਰੀਆਂ ਜਡੇਜਾ, ਅਸ਼ਿਵਨ ਅਤੇ ਸ਼ਾਕਬਿ ਅਲ ਹਸਨ ਨੂੰ ਸਖ਼ਤ ਟੱਕਰ ਦੇ ਸਕਦਾ ਹੈ। ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਣ ਵਾਲੇ ਰੂਟ ਨੇ ਹੈਦਰਾਬਾਦ ਟੈਸਟ ਵਿੱਚ ਪੰਜ ਵਿਕਟਾਂ ਲਈਆਂ ਸੀ। ਅਕਸ਼ਰ ਪਟੇਲ ਇਸ ਸੂਚੀ ਵਿੱਚ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ। ਵਿਰਾਟ ਕੋਹਲੀ ਛੇਵੇਂ ਸਥਾਨ ਨਾਲ ਸਿਖਰਲੇ 10 ਬੱਲੇਬਾਜ਼ਾਂ ਵਿੱਚ ਇਕਲੌਤਾ ਭਾਰਤੀ ਖਿਡਾਰੀ ਹੈ। ਭਾਰਤ ਖ਼ਿਲਾਫ਼ ਦੂਜੀ ਪਾਰੀ ਵਿੱਚ 196 ਦੌੜਾਂ ਬਣਾਉਣ ਵਾਲਾ ਇੰਗਲੈਂਡ ਦਾ ਓਲੀ ਪੋਪ 20 ਸਥਾਨ ਦੇ ਸੁਧਾਰ ਨਾਲ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ