ਸਟੇਡੀਅਮ ਵਿੱਚ ਕੁੱਤਾ ਘੁੰਮਾਉਣ ਵਾਲੀ ਆਈਏਐੱਸ ਜਬਰੀ ਸੇਵਾਮੁਕਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਇੱਥੇ ਅੱਜ ਆਈਏਐੱਸ ਅਧਿਕਾਰੀ ਨੂੰ ਸਟੇਡੀਅਮ ਵਿੱਚ ਕੁੱਤਾ ਘੁੰਮਾਉਣਾ ਮਹਿੰਗਾ ਪਿਆ। ਉਸ ਨੇ ਪਾਲਤੂ ਕੁੱਤੇ ਨੂੰ ਘੁੰਮਾਉਣ ਲਈ ਸਟੇਡੀਅਮ ਖਾਲੀ ਕਰਵਾ ਲਿਆ ਸੀ। ਇਸ ਦੌਰਾਨ ਖਿਡਾਰੀਆਂ ਨੂੰ ਬਾਹਰ ਭੇਜਣ ਵਾਲੀ ਅਧਿਕਾਰੀ ਨੂੰ ਹੀ ਨੌਕਰੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਦਿੱਲੀ ਦੇ ਸਟੇਡੀਅਮ ਵਿੱਚ ਕੁੱਤੇ ਨੂੰ ਘੁੰਮਾਉਣ ਵਾਲੇ ਆਈਏਐੱਸ ਅਧਿਕਾਰੀ ਰਿੰਕੂ ਦੁੱਗਾ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਵਿੱਚ ਸੇਵਾ ਕਰ ਰਹੇ ਆਈਏਐਸ ਅਧਿਕਾਰੀ ਨੂੰ ਸਰਕਾਰ ਨੇ ਲਾਜ਼ਮੀ ਤੌਰ ’ਤੇ ਸੇਵਾਮੁਕਤ ਕਰ ਦਿੱਤਾ ਹੈ।1994-ਬੈਚ ਦੇ ਏਜੀਐੱਮ ਯੂਟੀ (ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕਾਡਰ ਦੇ ਅਧਿਕਾਰੀ ਰਿੰਕੂ ਦੁੱਗਾ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਸਵਦੇਸ਼ੀ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ। ਉਹ ਅਤੇ ਉਸ ਦੇ ਪਤੀ ਸੰਜੀਵ ਖੀਰਵਾਰ ਜੋ 1994 ਬੈਚ ਦੇ ਆਈਏਐੱਸ ਅਧਿਕਾਰੀ ਹਨ ਅਤੇ ਇਸ ਸਮੇਂ ਲੱਦਾਖ ਵਿੱਚ ਤਾਇਨਾਤ ਹਨ ਨੂੰ ਪਿਛਲੇ ਸਾਲ ਇੱਕ ਅਖ਼ਬਾਰ ਦੀ ਰਿਪੋਰਟ ਤੋਂ ਬਾਅਦ ਦਿੱਲੀ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਉਨ੍ਹਾਂ ਖਿਡਾਰੀਆਂ ਦਾ ਸਟੇਡੀਅਮ ਖਾਲੀ ਕਰਵਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਦੁੱਗਾ ਨੂੰ ਉਸ ਦੇ ਸੇਵਾ ਰਿਕਾਰਡ ਦੇ ਮੁਲਾਂਕਣ ਤੋਂ ਬਾਅਦ ਕੇਂਦਰੀ ਸਵਿਲ ਸੇਵਾਵਾਂ (ਸੀਸੀਐੱਸ) ਪੈਨਸ਼ਨ ਨਿਯਮ, 1972 ਦੇ ਬੁਨਿਆਦੀ ਨਿਯਮਾਂ (ਐੱਫਆਰ) 56 (ਜੇ), ਨਿਯਮ 48 ਦੇ ਤਹਿਤ ਲਾਜ਼ਮੀ ਤੌਰ ’ਤੇ ਸੇਵਾਮੁਕਤ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਸੇਵਾਮੁਕਤ ਕਰਨ ਦਾ ਅਧਿਕਾਰ ਹੈ ਜੇ ਸਰਕਾਰ ਸੋਚਦੀ ਹੈ ਕਿ ਅਜਿਹਾ ਕਰਨਾ ਜਨਤਕ ਹਿੱਤ ਵਿੱਚ ਹੈ।