For the best experience, open
https://m.punjabitribuneonline.com
on your mobile browser.
Advertisement

ਜੇ ਖ਼ੈਰ-ਖ਼ਵਾਹ ਵਿਰੋਧ ਕਰਦੇ ਤਾਂ ਮੈਂ ਖਲਨਾਇਕ ਨਾ ਬਣਦਾ: ਹੰਸ

07:16 AM Apr 20, 2024 IST
ਜੇ ਖ਼ੈਰ ਖ਼ਵਾਹ ਵਿਰੋਧ ਕਰਦੇ ਤਾਂ ਮੈਂ ਖਲਨਾਇਕ ਨਾ ਬਣਦਾ  ਹੰਸ
ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਹੋਏ ਹੰਸ ਰਾਜ ਹੰਸ।
Advertisement

ਸ਼ਗਨ ਕਟਾਰੀਆ
ਜੈਤੋ, 19 ਅਪਰੈਲ
ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਅੱਜ ਇਥੇ ਆਪਣਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਹਿੰਮਤ ਦਿਖਾਈ। ਹੰਸ ਨੇ ਹਰਸਿਮਰਤ ਕੌਰ ਅਤੇ ਬਾਦਲਾਂ ਦਾ ਨਾਮ ਨਾ ਲਏ ਬਗੈਰ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਖੂਬ ਰਗੜੇ ਲਾਏ। ਉਨ੍ਹਾਂ ਅਸਿੱਧੇ ਤੌਰ ’ਤੇ ਆਖਿਆ ਕਿ ਜੇਕਰ ਉਹ ਇਕ ਵਾਰ ਨਾਂਹ ਕਰ ਦਿੰਦੇ ਤਾਂ ਖੇਤੀ ਕਾਨੂੰਨ ਨਾ ਬਣਦੇ। ਹੰਸ ਰਾਜ ਹੰਸ ਨੇ ਆਖਿਆ, ‘ਜਿਨ੍ਹਾਂ ਨੂੰ ਆਪਾਂ ਜ਼ਿਆਦਾ ਖ਼ੈਰ-ਖ਼ਵਾਹ ਮੰਨਦੇ ਸੀ, ਉਹ ਕੇਂਦਰ ’ਚ ਵਜ਼ੀਰ ਸਨ। ਕਈ ਕਿਸਾਨ ਐੱਮਪੀ ਤੇ ਕਈ ਵਜ਼ੀਰ ਸਨ। ਕਾਸ਼! ਉਹ ਵਿਰੋਧ ਕਰ ਦਿੰਦੇ ਤਾਂ ਮੈਂ ਅੱਜ ਖਲਨਾਇਕ ਨਾ ਬਣਦਾ। ਜਦੋਂ ਤਿੰਨੋਂ ਕਾਨੂੰਨ ਬਣਾਉਣ ਲਈ ਆਰਡੀਨੈਂਸ ਪਾਸ ਹੋਇਆ, ਤਾਂ ਉਹੀ ‘ਕਿਸਾਨ’ ਕਹਿੰਦੇ ਸਨ ਕਿ ਸਰਕਾਰ ਨੇ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਹੈ।’ ਭਾਜਪਾ ਆਗੂ ਨੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ‘ਕਿਸਾਨ’ ਸ਼ਬਦ ਉਪਰ ਉਚੇਚੇ ਤੌਰ ’ਤੇ ਜ਼ੋਰ ਦਿੱਤਾ ਅਤੇ ਲੁਕੇ-ਛੁਪੇ ਸ਼ਬਦਾਂ ਰਾਹੀਂ ਬਾਦਲਾਂ ’ਤੇ ਚੋਟ ਮਾਰੀ। ਆਪਣੀ ਗੱਲ ਨੂੰ ਭਾਵੁਕ ਲਹਿਜ਼ੇ ਨਾਲ ਅੱਗੇ ਵਧਾਉਂਦਿਆਂ ਹੰਸ ਨੇ ਕਿਹਾ ਕਿ ਉਹ ਪਹਿਲੀ ਵਾਰ ਰੁਲ-ਖੁਲ ਕੇ ਪਾਰਲੀਮੈਂਟ ਗਏ ਸਨ। ‘ਮੈਂ ਜਦੋਂ ਵੀ ਪੰਜਾਬ ਆਇਆ ਹਾਂ, ਉਦਾਸ ਹੋ ਕੇ ਪਰਤਿਆਂ ਹਾਂ। ਮੈਨੂੰ ਇਕ ਵਾਰ ਵੀ ਪੰਜਾਬ ਨੇ ਨਹੀਂ ਜਿਤਾਇਆ। ਹਾਲਾਂਕਿ ਮੇਰਾ ਕੋਈ ਵੀ ਕਸੂਰ ਨਹੀਂ ਹੈ। ਹਾਂ, ਜੇ ਮੈਂ ਕਿਸਾਨਾਂ ਜਾਂ ਪੰਜਾਬ ਖ਼ਿਲਾਫ਼ ਇੱਕ ਵੀ ਲਫ਼ਜ਼ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਹੁਣੇ ਕੱਟ ਦਿਓ।’ ਉਨ੍ਹਾਂ ਕਿਹਾ ਕਿ ਉਹ ਝੋਲੀ ਚੁੱਕ ਨਹੀਂ ਬਣੇ ਅਤੇ ਹਮੇਸ਼ਾ ਕਿਸਾਨਾਂ ਦੇ ਭਰਾ ਬਣ ਕੇ ਉਨ੍ਹਾਂ ਨਾਲ ਖੜ੍ਹੇ ਰਹੇ। ‘ਤੁਸੀਂ ਇਸ ਵਾਰ ਮਜ਼ਦੂਰ ਦੇ ਪੁੱਤ ’ਤੇ ਯਕੀਨ ਕਰ ਕੇ ਵੇਖ ਲਓ। ਆਪਣੇ ਬੱਚੇ ਦੇ ਸਿਰ ’ਤੇ ਹੱਥ ਰੱਖੋ। ਮੈਂ ਕੇਂਦਰ ਵਿੱਚ ਤੁਹਾਡਾ ਵਕੀਲ ਬਣਾਂਗਾ ਅਤੇ ਜੇ ਫਿਰ ਵੀ ਤੁਹਾਨੂੰ ਬਾਰਡਰਾਂ ’ਤੇ ਅੰਦੋਲਨ ਕਰਨ ਜਾਣਾ ਪਿਆ, ਤਾਂ ਮੈਂ ਉਸੇ ਵੇਲੇ ਸਿਆਸਤ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਵਾਂਗਾ। ਮੈਨੂੰ ਇਕ ਵਾਰ ਸ਼ਾਬਾਸ਼ ਦੇ ਦਿਓ, ਮੈਂ ਤੁਹਾਡਾ ਖਾ-ਖਾ ਕੇ ਪਲਿਆ ਹਾਂ, ਇਸ ਲਈ ਮੈਂ ਤੁਹਾਡੇ ਨਾਲ ਗੱਦਾਰੀ ਨਹੀਂ ਕਰ ਸਕਦਾ।’ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ’ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਟਿਕਟ ਦੇਣ ’ਤੇ ਗਿਲ਼ਾ ਪ੍ਰਗਟਾਇਆ। ਇਸ ਤੋਂ ਇਲਾਵਾ ਦਿੱਲੀ ਕਿਸਾਨ ਅੰਦੋਲਨ ਸਮੇਂ ਕਿਸਾਨਾਂ ’ਤੇ ਦਰਜ ਪੁਲੀਸ ਕੇਸ ਰੱਦ ਕਰਨ, ਫ਼ਸਲਾਂ ’ਤੇ ਐੱਮਐੱਸਪੀ ਦੇਣ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਬੇਰੁਜ਼ਗਾਰੀ ਦਾ ਹੱਲ ਕਰਨ, ਸ਼ੁਭਕਰਨ ਦੀ ਮੌਤ ਦਾ ਇਨਸਾਫ਼, ਮਨੀਪੁਰ ਹਿੰਸਾ ਅਤੇ 13 ਫਰਵਰੀ ਨੂੰ ਕਿਸਾਨਾਂ ਦੇ ‘ਦਿੱਲੀ ਕੂਚ’ ਦੇ ਰਾਹ ’ਚ ਰੁਕਾਵਟਾਂ ਖੜ੍ਹੀਆਂ ਕਰਨ ’ਤੇ ਡੂੰਘੀ ਨਾਰਾਜ਼ਗੀ ਜਤਾਈ।

Advertisement

‘ਇਹ ਜੋ ਠੰਢੀ-ਠੰਢੀ ਆਉਂਦੀ ਏ ਹਵਾ, ਕਮਲ ਦਾ ਫੁੱਲ ਖਿੜੇਗਾ’

ਕਿਸਾਨਾਂ ਨਾਲ ਵਾਰਤਾਲਾਪ ਕਰਨ ਮਗਰੋਂ ਹੰਸ ਰਾਜ ਹੰਸ ਚੋਣ ਸਮਾਗਮ ’ਚ ਗਏ। ਇਥੇ ਉਨ੍ਹਾਂ ਬੀਜੇਪੀ ਵਰਕਰਾਂ ਨੂੰ ਚੋਣਾਂ ਲਈ ਇਕਮੁੱਠ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਈ ਵਾਅਦੇ ਵੀ ਕੀਤੇ। ਉਨ੍ਹਾਂ ਅੱਧੀ ਦਰਜਨ ਵਿਅਕਤੀਆਂ ਨੂੰ ਭਾਜਪਾ ਵਿੱਚ ਰਸਮੀ ਸ਼ਮੂਲੀਅਤ ਕਰਵਾਈ। ਵਰਕਰਾਂ ’ਚ ਉਤਸ਼ਾਹ ਭਰਨ ਦੇ ਉਦੇਸ਼ ਨਾਲ ਹੰਸ ਨੇ ਇਥੇ ਤਰੰਨਮ ’ਚ ਗਾਇਆ ‘ਇਹ ਜੋ ਠੰਢੀ-ਠੰਢੀ ਆਉਂਦੀ ਏ ਹਵਾ, ਕਮਲ ਦਾ ਫੁੱਲ ਖਿੜੇਗਾ’।

Advertisement

Advertisement
Author Image

sukhwinder singh

View all posts

Advertisement