ਪੂਛਤੇ ਹੈਂ ਵੋਹ ਕਿ ‘ਉਲਫਤ’ ਕੌਨ ਥਾ...
ਉਂਕਾਰਪ੍ਰੀਤ
ਮਿਲਖਾ ਸਿੰਘ ਬਾਜਵਾ, ਉਰਫ਼ ਉਲਫ਼ਤ ਬਾਜਵਾ ਸਾਡੇ ਸਮਿਆਂ ’ਚ ਉਨ੍ਹਾਂ ’ਚੋਂ ਸੀ ਜਿਨ੍ਹਾਂ ਦੇ ਸਿਰ ’ਤੇ ਗੈਰਤ ਨੇ ਹੱਥ ਰੱਖਿਆ ਹੁੰਦਾ ਹੈ। ਜਿਨ੍ਹਾਂ ਲਈ ਤਖ਼ਤ, ਤਾਜ਼ ਅਤੇ ਤਾਜ਼ਪੋਸ਼ਾਂ ਹੱਥੋਂ ਮਿਲਦੇ ਇਨਾਮ, ਸਨਮਾਨ ਬੇਮਾਅਨੇ ਹੁੰਦੇ ਹਨ।
ਉਨ੍ਹਾਂ ਨੇ ਤਖ਼ਤ ਠੁਕਰਾਏ ਉਨ੍ਹਾਂ ਨੇ ਤਾਜ਼ ਠੁਕਰਾਏ
ਜਿਨ੍ਹਾਂ ਲਾਲਾਂ ਦੇ ਸਿਰ ’ਤੇ ਹੱਥ ਅਪਣਾ ਧਰ ਗਈ ਗੈਰਤ
ਅਜਿਹੇ ਬੰਦਿਆਂ ਦੀ ਡਿਕਸ਼ਨਰੀ ’ਚ ਚਮਚਾਗਿਰੀ ਦਾ ਅਰਥ ‘ਖੁਦਕੁਸ਼ੀ’ ਹੁੰਦਾ ਹੈ। ਤਦ ਹੀ ‘ਉਲਫ਼ਤ’ ਮਰਨ ਵੇਲੇ ਤੀਕ ਜਿਉਂਦਾ ਜਾਗਦਾ ਸੀ।
ਉਲਫ਼ਤ ਬਾਜਵਾ ਸੰਤਾਲੀ ਦੇ ਉਜਾੜੇ ਵੇਲੇ ਨੌਂ ਕੁ ਸਾਲਾਂ ਦਾ ਸੀ। ਉਸ ਦਾ ਪਿੰਡ ਕੁਰਾਰਾ ਬੇਲਾ ਸਿੰਘ ਰਿਆਸਤ ਬਹਾਵਲ ਪੁਰ ’ਚ ਪੈਂਦਾ ਸੀ।
ਤੁਰੇ ਸਨ ਕਾਫ਼ਲੇ ਘਰ ਛੋੜ ਸਨਤਾਲੀ ’ਚ ਲੋਕਾਂ ਦੇ ਚਲੋ ਚਲ ਯਾਦ ਆਉਂਦੀ ਹੈ ਬਹਾਵਲਪੁਰ ਦੇ ਟਿੱਬਿਆਂ ਦੀ ਉਲਫ਼ਤ ਬਾਜਵਾ ਦਾ ਸਰੀਰ ਇਕਹਿਰਾ, ਚੁਸਤ ਅਤੇ ਤਿੱਖੀ ਦਿਖ ਵਾਲਾ ਸੀ। ਸਵਾ ਪੰਜ ਫੁੱਟਾ। ਦੋਧਾਰੀ। ‘ਹੁਨਾਲੇ ਸੜਦੇ ਅਤੇ ਸਿਆਲੇ ਠਰਦੇ’ ਮਿਹਨਤਕਸ਼ਾਂ ਦੀ ਉਮਰ ਲੰਮੀ ਸੰਗਤ ’ਚ ਉਹ ‘ਸਾਫ਼’ ਤੋਂ ‘ਪੱਕੇ ਰੰਗ’ ਵਾਲਾ ਹੋ ਗਿਆ ਸੀ। ਲੰਮੇ ਪਿੰਡ ਦਾ ਘਰ-ਬਾਰ ਅਤੇ ਸਹੁਰੇ ਪਰਿਵਾਰ ਦੇ ਅਮੀਰ ਰਿਸ਼ਤੇਦਾਰ ਛੱਡ ਕੇ ਉਹ ਜਲੰਧਰ ਅਤੇ ਆਸਪਾਸ ਦੇ ਕੱਚੇ ਕੋਠਿਆਂ ਅਤੇ ਛੰਨਾਂ ਢਾਰਿਆਂ ਵਾਲਿਆਂ ਨਾਲ ਆ ਰਲਿਆ ਸੀ। ਉਹ ਸੱਚੀਂ ਮੁੱਚੀਂ ਦਾ ‘ਮਿਲਖਾ’ ਹੋ ਗਿਆ ਸੀ।
ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ
ਮਹਿਲਾਂ ਵਿੱਚ ਸੀ ਦਿਲ ਉਪਰਾਮ ਫ਼ਕੀਰਾਂ ਦਾ
ਬਾਬੇ ਨਾਨਕ ਨੂੰ ਉਹ ਆਪਣਾ ਰਾਹਨੁਮਾ ਮੰਨਦਾ ਸੀ। ਜਿਉਂਦੇ ਜੀਅ ਆਪਣੀ ਇੱਕੋ ਇੱਕ ਪੁਸਤਕ ‘ਸਾਰਾ ਜਹਾਨ ਮੇਰਾ’ ਦਾ ਸਮਰਪਣ ਉਹਨੇ ਇਉਂ ਕੀਤਾ ਹੈ: “ਅਜ਼ੀਮ ਸ਼ਾਇਰ ਬਾਬੇ ਨਾਨਕ ਜੀ ਨੂੰ ਸਮਰਪਿਤ”। ਉਹ ਕਹਿੰਦਾ ਹੁੰਦਾ ਸੀ ਕਿ, “ਬਾਬੇ ਨੇ ਤਾਂ ਕਿਹਾ ਹੀ ਸੀ ‘ਨੀਚਾ ਅੰਦਿਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ’ ਅਤੇ ‘ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।’ ਮੈਂ ਉਨ੍ਹਾਂ ਨਾਲ ਰਹਿਣ ਲਈ ਆ ਗਿਆਂ।”
ਉਹ ਕੱਚੇ ਕੋਠੇ ’ਚ ਕਿਰਾਏ ’ਤੇ ਰਹਿੰਦਾ ਸੀ ਤੇ ਪੱਕੇ ਸ਼ਿਅਰ ਲਿਖਦਾ ਸੀ। ਉਸ ਦੇ ਮਰਨ ਉਪਰੰਤ ਜਦੋਂ ਉਸ ਦਾ ਲੱਕੜ ਦਾ ਸੰਦੂਕ ਫੋਲਿਆ ਗਿਆ ਤਾਂ ਉਸ ’ਚ ਉਸ ਦੀਆਂ ਹਥਲਿਖਤਾਂ ਸਨ, ਪੁਸਤਕਾਂ ਸਨ ਜਾਂ ਉਸ ਦੇ ਚਾਹੁਣ ਵਾਲਿਆਂ ਦੇ ਖ਼ਤ ਪੱਤਰ।
ਉਸ ਦੀ ਲਿਖਾਈ ਬੜੀ ਸਾਫ਼ ਅਤੇ ਖ਼ੁਸ਼ਖ਼ਤ ਸੀ। ਹੂ-ਬ-ਹੂ ਉਸ ਦੇ ਦਿਲ ਵਰਗੀ। ਉਸ ਦੇ ਅੱਖਰਾਂ ਦੀ ਦਿੱਖ ਰਿੱਖ ’ਚ ਇੱਕ ਰੋਹ ਸੀ। ਐਮਰਜੈਂਸੀ ਦੇ ਦਿਨੀਂ ਕਦੇ ਉਸ ਨੇ ਹੀ ਇਸੇ ਰੋਹੀਲੀ ਲਿਖਾਈ ਨਾਲ ਲੇਖਕਾਂ ਵੱਲੋਂ ਸਰਕਾਰ ਵਿਰੁੱਧ ਮੈਮੋਰੰਡਮ ਲਿਖਿਆ ਸੀ ਅਤੇ ਸ਼ਰੇਆਮ ਸਟੇਜ ’ਤੇ ਜਾ ਫੜਾਇਆ ਸੀ। ਖ਼ਾਸ ਕਰ ਓਦੋਂ ਜਦ ਸਭ ਕਹਿੰਦੀਆਂ ਕਹਾਉਂਦੀਆਂ ਤੋਪਾਂ ਖਾਮੋਸ਼ ਸਨ, ਬੇਹੋਸ਼ ਜਾਂ ਰੂਪੋਸ਼।
ਉਲਫ਼ਤ ਬਾਜਵਾ ਦੀ ਹਰ ਗੱਲ, ਹਰ ਮਸਲੇ ਅਤੇ ਵਿਸ਼ੇ ’ਚ ਦਿੱਤੀ ਦਲੀਲ ਅਗਲੇ ਨੂੰ ਕਾਇਲ ਕਰ ਲੈਂਦੀ ਸੀ। ਆਪਣੀਆਂ ਗ਼ਜ਼ਲਾਂ ’ਚ ਪੇਸ਼ ਬਾਕਮਾਲ ਦਲੀਲਾਂ ਦੇ ਨਾਲ ਨਾਲ ਨਿੱਜੀ ਜੀਵਨ ’ਚ ਵੀ ਉਲਫ਼ਤ ਬਾਜਵਾ ਕਮਾਲ ਦੀਆਂ ਦਲੀਲਾਂ ਲਈ ਜਾਣਿਆ ਜਾਂਦਾ ਸੀ।
ਇੱਕ ਇੰਗਲੈਂਡੀਏ ਕਵੀ ਨੇ ਉਲਫ਼ਤ ਦੀ ਕਿਤਾਬ ‘ਸਾਰਾ ਜਹਾਨ ਮੇਰਾ’ ’ਚੋਂ ਕੁਝ ਗ਼ਜ਼ਲਾਂ ਚੋਰੀ ਕਰਕੇ ਹੂ-ਬ-ਹੂ ਅਪਣੇ ਨਾਮ ਹੇਠ ਕਿਤਾਬ ਵਿੱਚ ਛਪਵਾ ਲਈਆਂ ਸਨ। ਬਾਜਵੇ ਨੂੰ ਕੁਝ ਕਵੀ ਦੋਸਤਾਂ ਨੇ ਸਲਾਹ ਦਿੱਤੀ ਕਿ ਉਸ ਚੋਰ-ਕਵੀ ’ਤੇ ਦਾਅਵਾ ਠੋਕਿਆ ਜਾਵੇ। ਦੋਸਤਾਂ ਨੇ ਚੋਰ-ਕਵੀ ਇੰਗਲੈਂਡੀਆ ਹੋਣ ਕਾਰਨ ਪੈਸੇ ਮਿਲਣ ਦੀ ਵੀ ਆਸ ਜਗਾਈ।
ਉਲਫ਼ਤ ਨੇ ਕਿਹਾ: “ਪੈਸੇ ਨਹੀਂ ਚਾਹੀਦੇ। ਬਾਕੀ ਗੱਲ ਗ਼ਜ਼ਲਾਂ ਚੋਰੀ ਕਰਨ ਦੀ, ਜਦੋਂ ਕੋਈ ਚੋਰ ਆਉਂਦੈ ਘਰ ’ਚ ਚੋਰੀ ਕਰਨ ਤਾਂ ਉਹ ਘਰ ’ਚੋਂ ਰਜਾਈਆਂ, ਤਲਾਈਆਂ, ਲੋਗੜ ਤਾਂ ਨਹੀਂ ਲਿਜਾਂਦਾ ‘ਸੋਨਾ’ ਹੀ ਚੋਰੀ ਕਰਦਾ ਹੁੰਦਾ। ਬਾਕੀ ਵੀ ਤਾਂ ਗ਼ਜ਼ਲਾਂ ਦੀਆਂ ਐਨੀਆਂ ਕਿਤਾਬਾਂ ਹਨ, ਉਨ੍ਹਾਂ ’ਚੋਂ ਨਾ ਚੋਰੀ ਹੋ ਗਿਆ ਕੁਛ।” ਦੋਸਤ ਕਵੀ ਨਿਰਉੱਤਰ ਹੋ ਗਏ। ਉਸ ਦੇ ਤੁਰ ਜਾਣ ਮਗਰੋਂ ਹਾਲੇ ਅਣਛਪੀਆਂ ਗਜ਼ਲਾਂ ਵਾਚਦਿਆਂ ਉਸ ਦਾ ਇੱਕ ਸ਼ਿਅਰ ਨਜ਼ਰੀਂ ਪਿਆ, ਜਿਸ ’ਚ ਉਸ ਨੇ ਅਪਣੀਆਂ ‘ਤਿੰਨ ਕਾਪੀਆਂ ਅਣਛਪੀਆਂ ਗਜ਼ਲਾਂ’ ਦੀਆਂ ਚੋਰੀ ਹੋਣ ਦਾ ਵੀ ਜ਼ਿਕਰ ਕੀਤੈ।
ਸੰਪਰਕ: 647-455-5629