For the best experience, open
https://m.punjabitribuneonline.com
on your mobile browser.
Advertisement

ਕਾਸ਼...

08:42 AM Jun 13, 2024 IST
ਕਾਸ਼
Advertisement

ਨੀਲ ਕਮਲ ਰਾਣਾ

Advertisement

ਸ਼ਹਿਰ ਪ੍ਰਾਪਰਟੀ ਦਾ ਕੰਮ ਕਰਦੇ ਚਤਰ-ਚਲਾਕ ਤੇ ਵੱਡੇ ਰਸੂਖ ਵਾਲੇ ਚਾਚੇ ਨੇ ਪਿੰਡ ਰਹਿੰਦੇ ਬੁੱਧੂ ਨਾਲ ਵਿਸਾਹਘਾਤ ਕਰਕੇ ਸਾਂਝੀ ਜ਼ਮੀਨ ਦੀ ਵੰਡ ਅਜਿਹੇ ਤਰੀਕੇ ਨਾਲ ਕੀਤੀ ਕਿ ਆਪ ਸਾਰਾ ਕੌਮੀ ਸ਼ਾਹਰਾਹ ਵਾਲਾ ਟੱਕ ਸਾਂਭ ਗਿਆ ਤੇ ਭੋਲੇ-ਭਾਲੇ ਬੁੱਧੂ ਦੇ ਪੱਲੇ ਚਿਰਾਂ ਤੋਂ ਸ਼ਰੀਕਾਂ ਨਾਲ ਚੱਲਦੇ ਰੱਟੇ ਵਾਲੇ ਬੇਤਰਤੀਬੇ ਰੇਤਲੇ ਟਿੱਬੇ ਪਾ ਦਿੱਤੇ। ਪਿਓ ਵਰਗੇ ਚਾਚੇ ਵੱਲੋਂ ਕਮਾਏ ਦਗ਼ੇ ਦਾ ਬੁੱਧੂ ਨੂੰ ਪਤਾ ਲੱਗਿਆ ਤਾਂ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ। ਆਪਣੇ ਹੱਥ ਵਢਾ ਚੁੱਕੇ ਬੇਹੱਦ ਹਤਾਸ਼ ਬੈਠੇ ਬੁੱਧੂ ਕੋਲ ਹੁਣ ਸਿਵਾਏ ਕਿਸਮਤ ਨੂੰ ਕੋਸਣ ਤੋਂ ਕੋਈ ਹੋਰ ਚਾਰਾ ਵੀ ਨਹੀਂ ਸੀ।
ਇੰਨੇ ਨੂੰ ਉਸ ਦਾ ਗੁਆਂਢੀ ਬੰਟੀ ਆ ਗਿਆ ਜੋ ਕਿਸੇ ਬੀਮਾ ਕੰਪਨੀ ਦਾ ਨਵਾਂ-ਨਵਾਂ ਏਜੰਟ ਬਣਿਆ ਸੀ। ‘‘ਬੰਦੇ ਦਾ ਬੀਮਾ ਕਰਵਾਇਆ ਹੋਵੇ ਤਾਂ ਕੋਈ ਹਬੀ-ਨਬੀ ਹੋਣ ’ਤੇ ਪਰਿਵਾਰ ਵਾਲਿਆਂ ਨੂੰ ਕਿਸੇ ਦਾ ਮੂੰਹ ਤੱਕਣ ਦੀ ਲੋੜ ਨਹੀਂ ਰਹਿੰਦੀ, ਜ਼ਿੰਦਗੀ ਸੁਖਾਲੀ ਲੰਘ ਜਾਂਦੀ ਐ।’’ ਨਸੀਹਤ ਜਿਹੀ ਦਿੰਦਿਆਂ ਉਹ ਬੁੱਧੂ ਕੋਲ ਮੰਜੇ ’ਤੇ ਬੈਠ ਗਿਆ। ‘‘ਨਾਲੇ ਹੁਣ ਤਾਂ ਬੀਮਾ ਕੰਪਨੀਆਂ ’ਕੱਲੇ ਬੰਦਿਆਂ ਦਾ ਹੀ ਨ੍ਹੀਂ ਸਗੋਂ ਕਾਰੋਬਾਰ, ਗੱਡੀ, ਸਿਹਤ, ਮਕਾਨ, ਦੁਕਾਨ ਭਾਵ ਕਿਸੇ ਸਾਜ਼ੋ-ਸਾਮਾਨ ਦਾ ਵੀ ਬੀਮਾ ਕਰਨ ਲੱਗੀਆਂ ਨੇ, ਜੇ ਕੋਈ ਨੁਕਸਾਨ ਹੋ ਜਾਵੇ ਤਾਂ ਕੰਪਨੀ ਇਸ ਦੀ ਸ਼ਰਤੀਆ ਸਾਰੀ ਪੂਰਤੀ ਕਰੇਗੀ।’’ ਬੀਮਾ ਕੰਪਨੀ ਵੱਲੋਂ ਗਾਹਕਾਂ ਨੂੰ ਭਰਮਾਉਣ ਲਈ ਆਪਣੇ ਏਜੰਟਾਂ ਨੂੰ ਦਿੱਤੀ ਸਿਖਲਾਈ ਬੰਟੀ ਜਿਵੇਂ ਤੋਤੇ ਵਾਂਗ ਰਟੀ ਬੈਠਾ ਸੀ। ਸਿਰਫ਼ ਆਪਣੇ ਕਮਿਸ਼ਨ ਰੂਪੀ ਮੁਫ਼ਾਦ ਲਈ ਬੁੱਧੂ ਦੀ ਹਾਲਤ ਜਾਣੇ ਬਿਨਾ ਉਸ ਦਾ ਬੀਮਾ ਕਰਨ ਲਈ ਕਾਹਲੇ ਪਏ ਬੰਟੀ ਨੂੰ ਬੁੱਧੂ ਨੇ ਕੁਝ ਪਲ ਤਰਲੇ ਭਰੀਆਂ ਨਜ਼ਰਾਂ ਨਾਲ ਦੇਖਿਆ। ਫਿਰ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਬੋਲਿਆ, ‘‘ਕੀ ਤੇਰੀ ਬੀਮਾ ਕੰਪਨੀ ਰਿਸ਼ਤੇ, ਭਾਵਨਾਵਾਂ, ਮਨੁੱਖੀ ਕਦਰਾਂ ਕੀਮਤਾਂ, ਵਿਸ਼ਵਾਸ, ਇਨਸਾਨੀਅਤ, ਦੋਸਤੀ, ਭਰੋਸੇ, ਯਕੀਨ ਆਦਿ ਦਾ ਵੀ ਬੀਮਾ ਕਰਦੀ ਐ? ਤਾਂ ਜੋ ਇਨ੍ਹਾਂ ਦੇ ਟੁੱਟਣ ਕਾਰਨ ਬੰਦੇ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਜਾਵੇ। ਕਾਸ਼...! ਮਿੱਤਰਾ ਤੇਰੀ ਕੰਪਨੀ ਕੋਈ ਅਜਿਹਾ ਬੀਮਾ ਕਰਦੀ ਤਾਂ ਯਕੀਨ ਮੰਨੀ ਬਹੁਤ ਲੋਕਾਂ ਨੇ ਕਰਵਾ ਲੈਣਾ ਸੀ।’’ ਆਪਣਿਆਂ ਦੀ ਮਾਰੀ ਸੱਟ ਨਾਲ ਰੂਹੋਂ ਫੱਟੜ ਬੁੱਧੂ ਮੂੰਹੋਂ ਪਹਿਲੀ ਵਾਰ ਵੱਡ-ਅਰਥੀ ਗੱਲ ਸੁਣ ਬੰਟੀ ਘੁੱਗੂ ਬਣਿਆ ਦੇਖਦਾ ਰਹਿ ਗਿਆ।
ਸੰਪਰਕ: 98151-71874
* * *

ਸਾਡਾ ਹਾਲ-ਚਾਲ

ਹਰਪ੍ਰੀਤ ਕੌਰ ਪੱਬਰੀ

ਜੀਤੀ ਘਰ ਦੇ ਦਰਵਾਜ਼ੇ ਅੱਗੇ ਡੂੰਘੀ ਸੋਚ ’ਚ ਬੈਠੀ ਸੀ। ਕੋਲੋਂ ਲੰਘਦੀ ਇੱਕ ਗੁਆਂਢਣ ਨੇ ਕਿਹਾ, ‘‘ਕੀ ਹਾਲ ਚਾਲ ਐ ਭੈਣੇ‌‌‍?’’ ਕੋਈ ਜਵਾਬ ਨਾ ਮਿਲਣ ’ਤੇ ਮੋਢਾ ਹਲੂਣਦਿਆਂ ਗੁਆਂਢਣ ਬੋਲੀ, ‘‘ਕਿੱਥੇ ਗੁਆਚੀ ਹੋਈ ਐਂ ਭੈਣੇ, ਬੋਲਦੀ ਹੀ ਨਹੀਂ।’’ ਆਪਣੀ ਸੋਚ ’ਚੋਂ ਬਾਹਰ ਨਿਕਲਦਿਆਂ ਜੀਤੀ ਨੇ ਕਿਹਾ, ‘‘ਮਾਫ਼ ਕਰੀਂ ਭੈਣ ਮੇਰੀਏ, ਤੂੰ ਕੀ ਪੁੱਛਿਆ ਸੀ?’’ ‘‘ਕੁਝ ਨ੍ਹੀਂ ਭੈਣ ਮੇਰੀਏ, ਮੈਂ ਤਾਂ ਬੱਸ ਤੇਰਾ ਹਾਲ-ਚਾਲ ਹੀ ਪੁੱਛਦੀ ਸੀ,’’ ਗੁਆਂਢਣ ਨੇ ਕਿਹਾ। ‘‘ਸਾਡਾ ਹਾਲ-ਚਾਲ ਨਾ ਹੀ ਪੁੱਛੇਂ ਤਾਂ ਠੀਕ ਐ ਭੈਣੇ,’’ ਜੀਤੀ ਦਾ ਜਵਾਬ ਸੁਣ ਕੇ ਗੁਆਂਢਣ ਪ੍ਰੇਸ਼ਾਨ ਹੁੰਦਿਆਂ ਬੋਲੀ, ‘‘ਸੁੱਖ ਤਾਂ ਹੈ ਜੀਤੀ ਭੈਣ? ਤੈਨੂੰ ਤਾਂ ਮੈਂ ਅੱਜ ਤੱਕ ਕਦੇ ਇੰਨੀ ਉਦਾਸ ਨਹੀਂ ਦੇਖਿਆ। ਸ਼ਹਿਰ ਰਹਿੰਦੇ ਤੇਰੇ ਨੂੰਹ ਪੁੱਤ ਤਾਂ ਠੀਕ ਨੇ?’’ ਗੁਆਂਢਣ ਨੇ ਇੱਕੋ ਸਾਹ ਬੋਲਦਿਆਂ ਕਿਹਾ। ‘‘ਇਹੀ ਤਾਂ ਰੋਣਾ ਭੈਣੇ, ਛੇ ਮਹੀਨੇ ਹੋ ਗਏ, ਦੋਹਾਂ ’ਚੋਂ ਕਿਸੇ ਨੇ ਫੋਨ ਵੀ ਨਹੀਂ ਕੀਤਾ ਮੈਨੂੰ,’’ ਅੱਖਾਂ ਭਰਦਿਆਂ ਜੀਤੀ ਬੋਲੀ। ਉਸ ਦੀ ਗੱਲ ਤੇ ਰੋਂਦੀ ਆਵਾਜ਼ ਨੇ ਗੁਆਂਢਣ ਨੂੰ ਵੀ ਸੁੰਨ ਕਰ ਦਿੱਤਾ ਸੀ ਕਿਉਂਕਿ ਸਾਰਾ ਪਿੰਡ ਜਾਣਦਾ ਸੀ ਕਿਵੇਂ ਉਸ ਨੇ ਆਪਣੇ ਪਤੀ ਦੀ ਮੌਤ ਮਗਰੋਂ ਮਿਹਨਤ ਕਰ ਕੇ ਮੁੰਡੇ ਨੂੰ ਪੜ੍ਹਾਇਆ ਸੀ।
ਈ-ਮੇਲ: harpreetpabri94@gmail.com
* * *

ਅੱਜ ਦੀ ਪ੍ਰਾਹੁਣਚਾਰੀ

ਅਮਨਦੀਪ ਕੌਰ ਹਾਕਮ ਸਿੰਘ ਵਾਲਾ

ਕੁਝ ਚਿਰ ਪਹਿਲਾਂ ਦੀ ਹੀ ਗੱਲ ਹੈ। ਇੱਕ ਪਿੰਡ ਦਾ ਬਜ਼ੁਰਗ ਜੱਗਰ ਸਿੰਹੁ ਆਪਣੇ ਕਿਸੇ ਰਿਸ਼ਤੇਦਾਰ ਕੋਲ ਸ਼ਹਿਰ ਚਲਾ ਗਿਆ ਅਤੇ ਆਪਣੇ ਖੇਤ ਵਿੱਚ ਬੀਜੀਆਂ ਕੁਝ ਸਬਜ਼ੀਆਂ ਵੀ ਤੋੜ ਕੇ ਲੈ ਗਿਆ। ਉਸ ਨੂੰ ਬੜਾ ਚਾਅ ਸੀ ਬਈ ਆਪਣੇ ਬਚਪਨ ਦੇ ਆੜੀ ਨੈਬ ਸਿੰਹੁ ਨੂੰ ਮਿਲੇ। ਉਸ ਨੇ ਸੋਚਿਆ ‘ਕਿੰਨਾ ਚਿਰ ਹੋ ਗਿਆ, ਅੱਜ ਤਾਂ ਦਿਲ ਦੀਆਂ ਸਾਰੀਆਂ ਗੱਲਾਂ ਕਰੂੰ।’
ਦਰਅਸਲ, ਨੈਬ ਸਿੰਹੁ ਸੱਤ ਸਾਲ ਪਹਿਲਾਂ ਆਪਣੇ ਮੁੰਡੇ ਨਾਲ ਸ਼ਹਿਰ ਵਿੱਚ ਹੀ ਰਹਿਣ ਲੱਗਿਆ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਸ਼ਹਿਰ ਬਣੀ ਬਣਾਈ ਕੋਠੀ ਖਰੀਦ ਲਈ ਸੀ। ਨੈਬ ਸਿੰਹੁ ਦੇ ਨੂੰਹ ਪੁੱਤ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਸਨ। ਕਈ ਸਾਲ ਪਹਿਲਾਂ ਨੈਬ ਸਿੰਹੁ ਦੀ ਪਤਨੀ ਇਸ ਜੱਗ ਨੂੰ ਅਲਵਿਦਾ ਆਖ ਗਈ ਸੀ। ਇਸੇ ਕਰਕੇ ਉਹ ਆਪਣੇ ਪੁੱਤ ਕੋਲ ਸ਼ਹਿਰ ਹੀ ਰਹਿਣ ਲੱਗਿਆ ਸੀ, ਪਰ ਉਸ ਦੀ ਸੁਤਾ ਸਦਾ ਪਿੰਡ ਵਿੱਚ ਹੀ ਰਹਿੰਦੀ। ਉਹ ਕਈ ਵਾਰ ਆਪਣੇ ਪੁੱਤਰ ਨੂੰ ਆਖਦਾ, ‘‘ਕਿਉ ਬਈ ਰੇਸ਼ਮਾ, ਆਪਾਂ ਪਿੰਡ ਗੇੜਾ ਨਾ ਮਾਰ ਆਈਏ?’’ ਅੱਗੋਂ ਰੇਸ਼ਮ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੀ ਨੂੰਹ ਰਾਣੀ ਬੋਲ ਪੈਂਦੀ, ‘‘ਓਹੋ ਡੈਡੀ ਜੀ, ਇੱਕ ਤਾਂ ਛੁੱਟੀ ਹੁੰਦੀ ਐ! ਉਹਦੇ ’ਚ ਵੀ ਅਸੀਂ ਪਿੰਡਾਂ ਦਾ ਘੱਟਾ ਛਾਣਦੇ ਫਿਰੀਏ। ਨਾ ਨਾ! ਡੈਡੀ ਜੀ, ਤੁਸੀਂ ਟਿਕੇ ਰਹੋ। ਨਾਲੇ ਸਾਨੂੰ ਸੁਖ ਦਾ ਸਾਹ ਲੈ ਲੈਣ ਦਿਆ ਕਰੋ।’’ ਨੂੰਹ ਪੁੱਤ ਆਪਸ ’ਚ ਕਲੇਸ਼ ਨਾ ਕਰਨ ਇਸ ਗੱਲੋਂ ਡਰਦਾ ਨੈਬ ਸਿੰਹੁ ਚੁੱਪ ਵੱਟ ਲੈਂਦਾ। ਭਾਵੇਂ ਘਰ ’ਚ ਉਸ ਨੂੰ ਹਰ ਸੁਖ-ਸਹੂਲਤ ਸੀ। ਉਸ ਦੇ ਕੱਪੜੇ ਰੋਜ਼ ਧੋਤੇ ਅਤੇ ਪ੍ਰੈਸ ਕੀਤੇ ਜਾਂਦੇ, ਖਾਣ ਪੀਣ ਦੀ ਵੀ ਕੋਈ ਕਮੀ ਨਹੀਂ ਸੀ, ਕਿੰਨੇ ਹੀ ਪਦਾਰਥ ਉਸ ਵਾਸਤੇ ਹਮੇਸ਼ਾ ਹਾਜ਼ਰ ਹੁੰਦੇ। ਫਿਰ ਵੀ ਉਹ ਖ਼ੁਸ਼ ਨਹੀਂ ਸੀ ਜਾਪਦਾ ਕਿਉਂਕਿ ਘਰ ’ਚ ਉਸ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੀ। ਉਸ ਦੇ ਪੋਤਾ ਪੋਤੀ ਹੋਸਟਲ ਪੜ੍ਹਦੇ ਸਨ ਅਤੇ ਘਰ ’ਚ ਉਸ ਦੇ ਨੂੰਹ ਪੁੱਤ ਹੀ ਸਨ ਜਾਂ ਇੱਕ ਕੰਮਵਾਲੀ ਸੀ ਜੋ ਰੋਜ਼ਾਨਾ ਆਪਣਾ ਕੰਮ ਕਰਦੀ ਅਤੇ ਚਲੀ ਜਾਂਦੀ। ਅੱਜ ਜਦੋਂ ਜੱਗਰ ਸਿੰਹੁ ਉਸ ਦੇ ਘਰ ਪਹੁੰਚਿਆ ਤਾਂ ਨੈਬ ਸਿੰਹੁ ਨੂੰ ਚਾਅ ਚੜ੍ਹ ਗਿਆ ਕਿ ਅੱਜ ਉਹ ਰੱਜ ਕੇ ਪਿੰਡ ਦੀ ਖ਼ਬਰ ਸਾਰ ਲਵੇਗਾ ਅਤੇ ਆਪਣੇ ਵਰਗੇ ਪੁਰਾਣੇ ਖੁੰਢਾਂ ਬਾਰੇ ਵੀ ਜ਼ਰੂਰ ਪੁੱਛੇਗਾ ਬਈ ਕੌਣ ਕੌਣ ਕਿਹੜੇ ਹਾਲਾਤ ਵਿੱਚ ਹੈ। ਜੱਗਰ ਸਿੰਹੁ ਜਿਉਂ ਹੀ ਘਰ ’ਚ ਦਾਖ਼ਲ ਹੋਇਆ ਉਸ ਨੇ ਨੈਬ ਸਿੰਹੁ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਅੱਖਾਂ ਭਰ ਕੇ ਆਖਿਆ, ‘‘ਪਤੰਦਰਾ, ਤੂੰ ਤਾਂ ਜਵਾਂ ਹੀ ਸ਼ਹਿਰੀ ਹੋ ਗਿਆ। ਹੁਣ ਕਦੇ ਗੇੜਾ ਹੀ ਨਹੀਂ ਮਾਰਿਆ।’’ ਨੈਬ ਸਿੰਹੁ ਨੇ ਉਸ ਨੂੰ ਰੱਜ ਕੇ ਵੇਖਿਆ। ਜੱਗਰ ਸਿੰਹੁ ਦੇ ਪੈਰੀਂ ਉਹੀ ਚੰਮ ਦੀ ਜੁੱਤੀ, ਮੋਢੇ ਪਰਨਾ ਅਤੇ ਕੁੜਤੇ ਪਜਾਮੇ ਵਿੱਚ ਵੀ ਕਿੰਨੇ ਹੀ ਵੱਟ ਪਏ ਸਨ, ਪਰ ਉਸ ਦਾ ਚਿਹਰਾ ਸੂਹੇ ਗੁਲਾਬ ਵਾਂਗੂੰ ਖਿੜਿਆ ਹੋਇਆ ਸੀ। ਨੈਬ ਸਿੰਹੁ ਨੇ ਮਨ ਹੀ ਮਨ ਸੋਚਿਆ ਕਿ ਸੋਹਣੇ ਕੱਪੜੇ, ਵੰਨ-ਸੁਵੰਨੇ ਪਕਵਾਨ, ਵੱਡੀਆਂ ਇਮਾਰਤਾਂ, ਗੱਡੀਆਂ ਕਾਰਾਂ ਲੱਖ ਹੋਣ, ਪਰ ਦਿਲ ਦਾ ਸਕੂਨ ਕਿਤੋਂ ਮੁੱਲ ਨਹੀਂ ਮਿਲਦਾ। ਉਹ ਪਿਛਲੇ ਸੱਤ ਸਾਲਾਂ ਤੋਂ ਆਪਣੇ ਲਈ ਖ਼ੁਸ਼ੀ ਹੀ ਤਾਂ ਲੱਭ ਰਿਹਾ ਸੀ ਜੋ ਉਸ ਨੂੰ ਇੰਨੀ ਵੱਡੀ ਆਲੀਸ਼ਾਨ ਕੋਠੀ ਵਿੱਚੋਂ ਕਿਧਰੇ ਨਹੀਂ ਲੱਭੀ ਸੀ। ਜੱਗਰ ਸਿੰਹੁ ਨੇ ਉਸ ਨੂੰ ਖ਼ਿਆਲਾਂ ਵਿੱਚ ਗੁਆਚਿਆ ਵੇਖ ਕੇ ਆਖਿਆ, ‘‘ਓ ਸ਼ਹਿਰੀਆ, ਕੀ ਗੱਲ ਤੈਨੂੰ ਚਾਹ ਪਿਆਉਣ ਦੀ ਫ਼ਿਕਰ ਤਾਂ ਨਹੀਂ ਪੈਗੀ ਕਿਤੇ? ਊਈਂ ਸੋਚੀਂ ਪੈ ਗਿਆ ਤੂੰ ਤਾਂ!’’ ਨੈਬ ਸਿੰਹੁ ਉਸ ਦੀ ਗੱਲ ਸੁਣ ਕੇ ਹੱਸ ਪਿਆ ਅਤੇ ਉਸ ਨੇ ਨੂੰਹ ਨੂੰ ਚਾਹ ਲਿਆਉਣ ਲਈ ਆਖਿਆ। ਕੁਝ ਹੀ ਮਿੰਟਾਂ ਬਾਅਦ ਚਾਹ ਹਾਜ਼ਰ ਹੋ ਗਈ। ਨਾਲ ਕਿੰਨੇ ਹੀ ਤਰ੍ਹਾਂ ਦੀ ਮਠਿਆਈ ਅਤੇ ਸਮੋਸੇ ਵੀ ਮੇਜ਼ ’ਤੇ ਸਜਾ ਦਿੱਤੇ ਗਏ। ਨੈਬ ਸਿੰਹੁ ਦੀ ਨੂੰਹ ਚਾਹ ਰੱਖਣ ਆਈ ਤਾਂ ਜੱਗਰ ਨੇ ਉਸ ਦਾ ਹਾਲ ਚਾਲ ਅਤੇ ਉਸ ਦੇ ਪੇਕੇ ਪਰਿਵਾਰ ਦਾ ਵੀ ਸੁੱਖ ਸੁਨੇਹਾ ਪੁੱਛਿਆ, ਪਰ ਉਹ ਸਤਿ ਸ੍ਰੀ ਅਕਾਲ ਕਹਿ ਕੇ ਹੀ ਤੁਰ ਗਈ। ਜੱਗਰ ਸਿੰਹੁ ਨੂੰ ਬੜਾ ਓਪਰਾ ਜਿਹਾ ਲੱਗਿਆ ਕਿ ਪਤਾ ਨਹੀਂ ਕੀ ਗੱਲ, ਨੂੰਹ ਰਾਣੀ ਨੇ ਜਵਾਬ ਨਹੀਂ ਦਿੱਤਾ। ਫਿਰ ਉਸ ਨੇ ਮਨ ਹੀ ਮਨ ਸੋਚਿਆ, ਖੌਰੇ ਸ਼ਹਿਰਾਂ ਵਾਲੇ ਘੱਟ ਬੋਲਦੇ ਹਨ ਅਤੇ ਮੈਂ ਹੀ ਐਵੇਂ ਵੱਧ ਪੁੱਛ ਲਿਆ। ਖ਼ੈਰ ਉਹ ਨੈਬ ਸਿੰਹੁ ਨਾਲ ਪਿੰਡ ਦੀਆਂ ਗੱਲਾਂ ਛੇੜਨ ਹੀ ਲੱਗਾ ਸੀ ਕਿ ਉਸ ਦੀ ਨੂੰਹ ਆ ਕੇ ਕਹਿਣ ਲੱਗੀ, ‘‘ਡੈਡੀ ਜੀ, ਮੇਰੀ ਇੱਕ ਸਹੇਲੀ ਨੇ ਹੁਣੇ ਘਰ ਆਉਣਾ ਏ ਅਤੇ ਅਸੀਂ ਇਕੱਠੇ ਬੈਠ ਬੱਚਿਆਂ ਦੇ ਪੇਪਰ ਚੈੱਕ ਕਰਨੇ ਹਨ। ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਜੱਗਰ ਸਿੰਹੁ ਅੰਕਲ ਨੂੰ ਜਲਦ ਵਿਦਾ ਕਰ ਦਿਓ ਕਿਉਂਕਿ ਸਕੂਲ ਦਾ ਕੰਮ ਹੈ ਤੁਹਾਡੇ ਰੌਲੇ ਰੱਪੇ ਵਿੱਚ ਕੁਝ ਗ਼ਲਤ ਨਾ ਹੋ ਜਾਵੇ।’’ ਇੰਨੀ ਗੱਲ ਸੁਣ ਨੈਬ ਸਿੰਹੁ ਬਹੁਤ ਸ਼ਰਮਿੰਦਾ ਹੋਇਆ ਅਤੇ ਉਸ ਦੀਆਂ ਅੱਖਾਂ ਨਮ ਹੋ ਗਈਆਂ। ਜੱਗਰ ਸਿੰਹੁ ਨੇ ਉਸ ਦਾ ਹੱਥ ਫੜ ਕੇ ਆਖਿਆ, ‘‘ਓ ਕੋਈ ਨਾ ਨੈਬਿਆ, ਮੈਂ ਫੇਰ ਗੇੜਾ ਮਾਰੂੰ। ਅੱਜ ਮੈਨੂੰ ਵੀ ਥੋੜ੍ਹੀ ਕਾਹਲ ਐ।’’ ਪਰ ਨੈਬ ਜਾਣਦਾ ਸੀ ਕਿ ਜੱਗਰ ਅੰਦਰੋਂ ਟੁੱਟ ਚੁੱਕਿਆ ਹੈ, ਤਾਂ ਹੀ ਆਪ ਹੀ ਜਲਦ ਚਲਾ ਗਿਆ। ਜੱਗਰ ਨੇ ਅੱਡੇ ’ਤੇ ਪਹੁੰਚ ਬੱਸ ਫੜ੍ਹੀ ਅਤੇ ਬੈਠ ਕੇ ਸੋਚਣ ਲੱਗਿਆ ਕਿ ਇਹ ਉਹੀ ਨੈਬਾ ਹੈ ਜਿਹੜਾ ਕਦੇ ਪਿੰਡ ਦੀ ਸੱਥ ’ਚ ਬੈਠਾ ਗੱਲਾਂ ਦੀ ਲੜੀ ਨਹੀਂ ਸੀ ਟੁੱਟਣ ਦਿੰਦਾ, ਕੋਲੋਂ ਲੰਘਦੀ ਹਰ ਧੀ ਭੈਣ ਨੂੰ ਅਦਬ ਸਤਿਕਾਰ ਨਾਲ ਬੁਲਾਉਂਦਾ, ਹਾਣੀਆਂ ਨਾਲ ਹਾਸੇ ਠੱਠੇ ਕਰਦਾ, ਮੌਜਾਂ ਮਾਣਦਾ, ਕਦੇ ਸਕੂਲੋਂ ਤੁਰੇ ਆਉਂਦੇ ਜਵਾਕਾਂ ਨੂੰ ਛੇੜਦਾ, ਕਦੇ ਕਦੇ ਖ਼ੁਸ਼ੀ ਵਿੱਚ ਆਇਆ ਜਵਾਕਾਂ ਨੂੰ ਹੱਟ ਤੋਂ ਪਕੌੜੀਆਂ ਵੀ ਲੈ ਦਿੰਦਾ ਤੇ ਅੱਜ ਇਹੀ ਨੈਬ ਸਿੰਹੁ ਮਿੱਟੀ ਦੀ ਮੂਰਤ ਬਣਿਆ ਬੈਠਾ ਹੈ ਜਿਵੇਂ ਬੰਦਾ ਨਹੀਂ ਚਾਬੀ ਵਾਲਾ ਖਿਡੌਣਾ ਹੋਵੇ! ਇਹੀ ਸੋਚਾਂ ਸੋਚਦਾ ਜੱਗਰ ਆਪਣੇ ਪਿੰਡ ਪਹੁੰਚ ਗਿਆ ਅਤੇ ਵਿਹੜੇ ਵਿੱਚ ਡਾਹੇ ਸੂਤ ਦੇ ਮੰਜੇ ’ਤੇ ਖਾਲੀ ਝੋਲ਼ਾ ਰੱਖ ਮੰਜੇ ਦੀ ਪੈਂਦ ਬੈਠ ਗਿਆ। ਉਸ ਨੂੰ ਘਰੇ ਆਇਆ ਵੇਖ ਉਸ ਦੀ ਨੂੰਹ ਵੀਰੋ ਪਾਣੀ ਦਾ ਗਲਾਸ ਲੈ ਆਈ ਅਤੇ ਆਖਣ ਲੱਗੀ, ‘‘ਬਾਪੂ ਜੀ, ਤੁਸੀਂ ਆਵਦੇ ਆੜੀ ਨੂੰ ਨਾਲ ਨ੍ਹੀਂ ਲਿਆਏ? ਅਸੀਂ ਤਾਂ ਅੱਜ ਮਿੱਠੂ ਚਾਚੇ ਕੇ ਖੇਤੋਂ ਸਾਗ ਲਿਆ ਕੇ ਧਰਿਆ ਵੀ ਪ੍ਰਾਹੁਣੇ ਆਉਂਦੇ ਹੋਣਗੇ ਤੇ ਅੱਜ ਖ਼ੂਬ ਗੱਲਾਂਬਾਤਾਂ ਕਰਾਂਗੇ।’’ ਜੱਗਰ ਸਿੰਹੁ ਸੋਚ ਰਿਹਾ ਸੀ ਕਿ ਹੁਣ ਉਹ ਕੀ ਦੱਸੇ ਬਈ ਉਨ੍ਹਾਂ ਨੇ ਤਾਂ ਉਸ ਨੂੰ ਝੱਟ ਵੀ ਘਰ ਬੈਠਣ ਨਹੀਂ ਦਿੱਤਾ, ਨਾਲ ਭਲਾ ਕੀ ਆਉਣ ਦੇਣਾ ਸੀ। ਪਰ ਉਸ ਨੇ ਆਪਣੀ ਨੂੰਹ ਵੀਰੋ ਵੱਲ ਵੇਖਿਆ ਅਤੇ ਆਖਿਆ, ‘‘ਧੀਏ ਕੋਈ ਗੱਲ ਨਹੀਂ, ਮੈਂ ਉਨ੍ਹਾਂ ਨੂੰ ਸੁਨੇਹਾ ਲਾ ਆਇਆਂ ਉਹ ਜ਼ਰੂਰ ਆਉਣਗੇ ਪਿੰਡ।’’ ਇਹ ਸੁਣ ਕੇ ਵੀਰੋ ਖ਼ੁਸ਼ ਹੋ ਗਈ ਅਤੇ ਘਰ ਦੇ ਕੰਮ ਨੂੰ ਜਾ ਲੱਗੀ। ਜੱਗਰ ਸਿੰਹੁ ਮੰਜੇ ’ਤੇ ਪੈ ਗਿਆ। ਉਸ ਨੇ ਮਨ ਹੀ ਮਨ ਰੱਬ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਸਾਡੇ ਪਿੰਡਾਂ ਵਿੱਚ ਕੁਝ ਕੁ ਮੋਹ ਪਿਆਰ ਅਤੇ ਸਾਂਝ ਹਾਲੇ ਵੀ ਕਾਇਮ ਹੈ।
ਸੰਪਰਕ: 9877654596
* * *

ਜ਼ਿੰਦਗੀ ਜਿਊਣ ਦਾ ਜ਼ਰੀਆ

ਬਰਜਿੰਦਰ ਕੌਰ ਬਿਸਰਾਓ

ਰਾਮ ਸਿੰਘ ਨੂੰ ਸਰਕਾਰੀ ਬਾਬੂ ਦੀ ਨੌਕਰੀ ਤੋਂ ਸੇਵਾਮੁਕਤ ਹੋਇਆਂ ਪੰਜ ਕੁ ਸਾਲ ਹੋਏ ਸਨ ਕਿ ਉਸ ਦੀ ਪਤਨੀ ਚੰਦ ਕੌਰ ਦਿਲ ਦੀ ਬਿਮਾਰੀ ਕਾਰਨ ਚੱਲ ਵਸੀ। ਜਦੋਂ ਤੋਂ ਉਹ ਸੇਵਾਮੁਕਤ ਹੋਇਆ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੱਦਾਂ ਸਮਾਂ ਨਿਕਲ ਜਾਂਦਾ, ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ। ਸਵੇਰੇ ਸ਼ਾਮ ਦੋਵੇਂ ਪਤੀ ਪਤਨੀ ਸੈਰ ਕਰਨ ਚਲੇ ਜਾਂਦੇ। ਆ ਕੇ ਨਾਸ਼ਤਾ ਪਾਣੀ ਕਰਦੇ ਤੇ ਘਰ ਦੇ ਛੋਟੇ ਛੋਟੇ ਕੰਮ ਕਰਦਿਆਂ ਸਾਰਾ ਦਿਨ ਬੜਾ ਵਧੀਆ ਲੰਘ ਜਾਂਦਾ। ਚਾਹੇ ਕੱਪੜੇ ਧੋਣ ਅਤੇ ਘਰ ਦੀ ਸਾਫ਼-ਸਫ਼ਾਈ ਲਈ ਕੰਮ ਕਰਨ ਵਾਲੀ ਲਗਾਈ ਹੋਈ ਸੀ, ਫਿਰ ਵੀ ਘਰ ਦੇ ਸੌ ਕੰਮਾਂ ਨਾਲ ਪਤੀ ਪਤਨੀ ਆਹਰੇ ਲੱਗੇ ਰਹਿੰਦੇ ਅਤੇ ਇੱਕ ਦੂਜੇ ਦੇ ਜਿਊਣ ਦਾ ਬਹੁਤ ਵਧੀਆ ਜ਼ਰੀਆ ਸਨ। ਕਦੇ ਕਦੇ ਕੋਈ ਰਿਸ਼ਤੇਦਾਰ ਮਿਲਣ ਆ ਜਾਂਦਾ ਤਾਂ ਦਿਨ ਦਾ ਪਤਾ ਹੀ ਨਾ ਲੱਗਦਾ ਕਿਵੇਂ ਨਿਕਲ ਜਾਂਦਾ। ਕਦੇ ਦੋ ਚਾਰ ਦਿਨ ਲਈ ਉਨ੍ਹਾਂ ਦੀ ਧੀ ਜੀਤੀ ਆਪਣੇ ਬੱਚਿਆਂ ਨਾਲ ਆ ਕੇ ਰਹਿ ਜਾਂਦੀ ਤਾਂ ਘਰ ਰੌਣਕ ਲੱਗੀ ਰਹਿੰਦੀ। ਉਸ ਦਾ ਪੁੱਤਰ ਸਵਰਨ ਤੇ ਨੂੰਹ ਹਰਮੀਤ ਦੋਵੇਂ ਬੈਂਕ ਵਿੱਚ ਨੌਕਰੀਆਂ ਕਰਦੇ ਸਨ। ਉਹ ਆਪਣੇ ਦੋ ਬੱਚਿਆਂ ਨਾਲ ਅਲੱਗ ਕੋਠੀ ਬਣਾ ਕੇ ਉਸ ਵਿੱਚ ਰਹਿੰਦੇ ਸਨ। ਕਦੇ ਕਦੇ ਛੁੱਟੀ ਵਾਲੇ ਦਿਨ ਉਹ ਵੀ ਆਪਣੇ ਦੋਹਾਂ ਬੱਚਿਆਂ ਨਾਲ ਆ ਕੇ ਮਿਲ ਜਾਂਦੇ ਸਨ।
ਰਾਮ ਸਿੰਹੁ ਦੀ ਜ਼ਿੰਦਗੀ ਵਿੱਚ ਹੁਣ ਇਸ ਮੋੜ ’ਤੇ ਆ ਕੇ ਖੜੋਤ ਜਿਹੀ ਆ ਗਈ ਸੀ ਤੇ ਉਸ ਨੂੰ ਜ਼ਿੰਦਗੀ ਜਿਊਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਸੀ। ਸਵਰਨ ਨੇ ਇੱਕ ਦਿਨ ਉਸ ਨੂੰ ਕਿਹਾ, ‘‘ਪਾਪਾ ਜੀ... ਹੁਣ ਇੱਥੇ ਤੁਹਾਡਾ ਇਕੱਲੇ ਰਹਿਣਾ ਠੀਕ ਨਹੀਂ। ਅਸੀਂ ਸੋਚਦੇ ਹਾਂ ਕਿ ਤੁਸੀਂ ਸਾਡੇ ਕੋਲ ਆ ਕੇ ਹੀ ਰਹਿਣ ਲੱਗ ਜਾਓ...!’’
‘‘ਪੁੱਤਰ... ਮੇਰੀ ਸਾਰੀ ਉਮਰ ਇਸੇ ਛੋਟੇ ਜਿਹੇ ਘਰ ਵਿੱਚ ਨਿਕਲੀ ਹੈ... ਮੇਰੇ ਬਚਪਨ ਤੋਂ ਲੈ ਕੇ ਤੇਰੀ ਮਾਂ ਦੇ ਮੈਨੂੰ ਛੱਡ ਜਾਣ ਤੱਕ ਦੀਆਂ ਯਾਦਾਂ ਇਸ ਘਰ ਨਾਲ ਜੁੜੀਆਂ ਹਨ... ਜੋ ਅਲਾਹੇ ਪਲਾਹੇ ਆ ਕੇ ਮੇਰਾ ਮਨ ਪਰਚਾਉਂਦੀਆਂ ਰਹਿੰਦੀਆਂ ਨੇ...!’’ ਰਾਮ ਸਿੰਘ ਨੇ ਕਿਹਾ।
‘‘... ਪਾਪਾ ਜੀ ਜਦੋਂ ਤੁਹਾਡਾ ਦਿਲ ਕਰੇ... ਤੁਸੀਂ ਫੋਨ ਕਰ ਦਿਆ ਕਰੋ... ਅਸੀਂ ਤੁਹਾਨੂੰ ਆਪਣੇ ਕੋਲ ਲੈ ਜਾਇਆ ਕਰਾਂਗੇ...।’’ ਸਵਰਨ ਦੀ ਵਹੁਟੀ ਹਰਮੀਤ ਨੇ ਕਿਹਾ।
ਰਾਮ ਸਿੰਘ ਨੇ ਹਾਂ ਵਿੱਚ ਸਿਰ ਹਿਲਾ ਕੇ ਜਵਾਬ ਦੇ ਦਿੱਤਾ। ਇੱਕ ਦਿਨ ਜੀਤੀ ਨੇ ਰਾਮ ਸਿੰਘ ਨੂੰ ਆਪਣੇ ਜਵਾਕਾਂ ਨਾਲ ਮਿਲਣ ਆਈ ਨੇ ਕਿਹਾ, ‘‘ਪਾਪਾ ਜੀ... ਕਦੇ ਮੇਰੇ ਕੋਲ ਚਾਰ ਦਿਨ ਰਹਿ ਆਇਆ ਕਰੋ... ਤੁਹਾਡਾ ਦਿਲ ਲੱਗਿਆ ਰਿਹਾ ਕਰੂ...।’’
‘‘... ਧੀਆਂ ਦੇ ਘਰ ਪਿਓ ਰਹਿੰਦੇ ਚੰਗੇ ਨਹੀਂ ਲੱਗਦੇ ਧੀਏ... ਘੜੀ ਦੀ ਘੜੀ ਮਿਲਣ ਦੀ ਗੱਲ ਹੋਰ ਹੁੰਦੀ ਹੈ...!’’ ਉਸ ਨੇ ਜੀਤੀ ਨੂੰ ਕਿਹਾ।
ਜੀਤੀ ਨੂੰ ਆਪਣੇ ਸ਼ਰਾਬੀ ਪਤੀ ਦੇ ਸੁਭਾਅ ਦਾ ਪਤਾ ਸੀ। ਇਸ ਕਰਕੇ ਉਸ ਨੇ ਕੋਈ ਬਹੁਤਾ ਜ਼ੋਰ ਨਹੀਂ ਪਾਇਆ।
ਰਾਮ ਸਿੰਘ ਨੇ ਇੱਕ ਦਿਨ ਆਪਣੇ ਪੁੱਤਰ ਨੂੰਹ ਕੋਲ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਲਿਜਾਣ ਲਈ ਫੋਨ ਕੀਤਾ ਤਾਂ ਉਹ ਝੱਟ ਆ ਕੇ ਆਪਣੇ ਕੋਲ ਲੈ ਗਏ। ਰਾਮ ਸਿੰਘ ਸਵੇਰੇ ਜਲਦੀ ਉੱਠਦਾ ਤਾਂ ਸਾਰਾ ਟੱਬਰ ਹਾਲੇ ਸੁੱਤਾ ਪਿਆ ਹੁੰਦਾ ਸੀ। ਜਦ ਤੱਕ ਉਹ ਸੈਰ ਕਰਕੇ ਘਰ ਮੁੜਦਾ ਤਾਂ ਬੱਚੇ ਸਕੂਲ ਜਾਣ ਲਈ ਤਿਆਰ ਬੈਠੇ ਹੁੰਦੇ ਸਨ। ਬਾਅਦ ਵਿੱਚ ਸਵਰਨ ਤੇ ਹਰਮੀਤ ਵੀ ਜਲਦੀ ਜਲਦੀ ਤਿਆਰ ਹੋ ਕੇ ਨੌਕਰੀਆਂ ’ਤੇ ਨਿਕਲ ਜਾਂਦੇ। ਹਰਮੀਤ ਜਾਂਦੀ ਜਾਂਦੀ ਆਖ ਜਾਂਦੀ, ‘‘ਪਾਪਾ ਜੀ... ਤੁਹਾਡਾ ਨਾਸ਼ਤਾ ਤਿਆਰ ਹੈ...। ਤੁਸੀਂ ਪਾ ਕੇ ਖਾ ਲਿਓ। ਦੁਪਹਿਰ ਨੂੰ ਖਾਣਾ ਬਣਾਉਣ ਵਾਲੀ ਤੁਹਾਨੂੰ ਤਾਜ਼ੇ ਫੁਲਕੇ ਬਣਾ ਕੇ ਦੇ ਜਾਵੇਗੀ... ਖਾ ਲੈਣਾ....!’’
ਸ਼ਾਮ ਨੂੰ ਆ ਕੇ ਬੱਚੇ ਟਿਊਸ਼ਨਾਂ ’ਤੇ ਪੜ੍ਹਨ ਚਲੇ ਜਾਂਦੇ। ਸਵਰਨ ਤੇ ਹਰਮੀਤ ਹਨੇਰੇ ਹੋਏ ਆਉਂਦੇ ਤਾਂ ਉਹ ਰਾਤ ਦੇ ਖਾਣੇ ਦੇ ਨਾਲ ਨਾਲ ਆਪਣੀ ਅਤੇ ਬੱਚਿਆਂ ਦੀ ਅਗਲੀ ਸਵੇਰ ਦੀ ਤਿਆਰੀ ਕਰਨ ਲੱਗ ਜਾਂਦੇ। ਰਾਮ ਸਿੰਘ ਉਨ੍ਹਾਂ ਦਾ ਕੀ ਕਸੂਰ ਕੱਢਦਾ ਜਦੋਂਕਿ ਉਨ੍ਹਾਂ ਨੂੰ ਆਪਣੇ ਆਪ ਲਈ ਵਿਹਲ ਨਹੀਂ ਮਿਲਦੀ ਸੀ। ਇੱਥੇ ਤਾਂ ਉਹ ਆਪਣੇ ਘਰ ਨਾਲੋਂ ਵੀ ਇਕੱਲਾ ਮਹਿਸੂਸ ਕਰਦਾ ਕਿਉਂਕਿ ਉੱਥੇ ਤਾਂ ਉਸ ਦਾ ਯਾਦਾਂ ਹੀ ਮਨ ਪਰਚਾਈ ਰੱਖਦੀਆਂ ਸਨ। ਰਾਮ ਸਿੰਘ ਉਨ੍ਹਾਂ ਦੇ ਕੰਮਾਂ ਵਿੱਚ ਹੱਥ ਵੀ ਨਹੀਂ ਵਟਾ ਸਕਦਾ ਸੀ ਕਿਉਂਕਿ ਸਵਰਨ ਤੇ ਹਰਮੀਤ ਉਸ ਦੀ ਬੈਠੇ ਬਿਠਾਏ ਦੀ ਸੇਵਾ ਕਰਨੀ ਚਾਹੁੰਦੇ ਸਨ ਤਾਂ ਜੋ ਕੋਈ ਉਨ੍ਹਾਂ ’ਤੇ ਉਂਗਲ ਨਾ ਚੁੱਕੇ। ਰਾਮ ਸਿੰਘ ਨੇ ਦਸ ਕੁ ਦਿਨ ਉੱਥੇ ਰਹਿ ਕੇ ਘਰ ਵਾਪਸ ਆਉਣ ਦੀ ਇੱਛਾ ਜਤਾਈ ਤਾਂ ਸਵਰਨ ਉਸ ਨੂੰ ਉਨ੍ਹਾਂ ਦੇ ਘਰ ਛੱਡ ਗਿਆ।
ਘਰ ਆ ਕੇ ਹਮੇਸ਼ਾ ਦੀ ਤਰ੍ਹਾਂ ਰਾਮ ਸਿੰਘ ਰੋਜ਼ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਜਾਂਦਾ ਤਾਂ ਉਸ ਨੂੰ ਉਸ ਵਰਗੇ ਕਈ ਸੰਗੀ ਸਾਥੀ ਮਿਲਦੇ। ਇੱਕ ਬਜ਼ੁਰਗ ਉਸ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਭਰਮਾਉਂਦਿਆਂ ਆਖਣ ਲੱਗਾ, ‘‘ਸਰਦਾਰ ਸਾਹਿਬ... ਤੁਸੀਂ ਦੇਖਣ ਨੂੰ ਤਕੜੇ ਪਏ ਹੋ। ਜ਼ਿੰਦਗੀ ਦਾ ਕੀ ਪਤਾ ਕਿੰਨੀ ਕੁ ਲੰਮੀ ਚੱਲੇ... ਕਦ ਤੱਕ ਇਸ ਤਰ੍ਹਾਂ ਇਕੱਲੇ ਕੰਧਾਂ ਨਾਲ ਟੱਕਰਾਂ ਮਾਰੋਗੇ। ਧੀਆਂ ਪੁੱਤਰ ਸਭ ਆਪੋ ਆਪਣੇ ਪਰਿਵਾਰਾਂ ਵਿੱਚ ਮਸਤ ਹੋ ਜਾਂਦੇ ਨੇ। ਬਜ਼ੁਰਗਾਂ ਨੂੰ ਕੋਈ ਨਹੀਂ ਪੁੱਛਦਾ। ਆਪਣੇ ਬਾਰੇ ਆਪ ਈ ਸੋਚਣਾ ਪੈਂਦਾ...।’’
‘‘ਵਰਮਾ ਸਾਹਬ... ਮੈਂ ਸਮਝਿਆ ਨ੍ਹੀਂ ਥੋਡੀ ਗੱਲ... ਬੱਚਿਆਂ ’ਤੇ ਮੈਂ ਆਪ ਹੀ ਬੋਝ ਨਹੀਂ ਬਣਨਾ ਚਾਹੁੰਦਾ... ਉਹ ਤਾਂ ਮੇਰਾ ਖਿਆਲ ਰੱਖਦੇ ਨੇ...!’’
‘‘ਮੇਰੀ ਰਿਸ਼ਤੇਦਾਰੀ ’ਚੋਂ ਸਾਲ਼ੀ ਹੈ ਜੋ ਵਿਧਵਾ ਹੈ। ਮੁੰਡਾ ਤੇ ਕੁੜੀ ਵਿਆਹੇ ਹੋਏ ਨੇ। ਜੇ ਆਖੋ ਤਾਂ ਉਹਦਾ ਰਿਸ਼ਤਾ ਤੁਹਾਨੂੰ ਕਰਵਾ ਦਿਆਂ...?’’
ਰਾਮ ਸਿੰਘ ਉਸ ਨੂੰ ਬਿਨਾਂ ਕੋਈ ਜਵਾਬ ਦਿੱਤੇ ਘਰ ਵੱਲ ਨੂੰ ਤੁਰ ਪਿਆ। ਘਰ ਆ ਕੇ ਵੀ ਸਾਰੀ ਰਾਤ ਉਹ ਸੌਂ ਨਹੀਂ ਸਕਿਆ। ਉਸ ਦੇ ਦਿਮਾਗ਼ ਵਿੱਚ ਸੋਚਾਂ ਦਾ ਤੂਫ਼ਾਨ ਘੁੰਮ ਰਿਹਾ ਸੀ। ਉਹ ਸੋਚਦਾ, ‘‘ਚੰਦ ਕੌਰ ਦੇ ਹੁੰਦੇ ਜ਼ਿੰਦਗੀ ਕਿੰਨੀ ਆਸਾਨ ਸੀ। ਜੀਵਨ ਸਾਥੀ ਬਿਨਾਂ ਮਨੁੱਖ ਕਿੰਨਾ ਇਕੱਲਾ ਪੈ ਜਾਂਦਾ ਹੈ। ਕਿਸ ਦੀ ਮੰਨਾਂ? ਦੂਜਾ ਵਿਆਹ...! ਨਾ ਨਾ ਨਾ... ਚੰਦ ਕੌਰ ਨੂੰ ਮੈਂ ਕੀ ਜਵਾਬ ਦੇਵਾਂਗਾ? ਲੋਕ ਕੀ ਕਹਿਣਗੇ...! ਸਾਰੀ ਉਮਰ ਦੀ ਕਮਾਈ ਇੱਜ਼ਤ ਖੂਹ ਵਿੱਚ ਪੈ ਜਾਵੇਗੀ। ਬੱਚਿਆਂ ਅੱਗੇ ਕੀ ਮੂੰਹ ਲੈ ਕੇ ਜਾਵਾਂਗਾ... ਜਾਇਦਾਦ ਦੇ ਝਗੜੇ... ਨਹੀਂ ਨਹੀਂ ਨਹੀਂ... ਕਦੇ ਨਹੀਂ...!’’
ਰਾਮ ਸਿੰਘ ਨੇ ਕੁਰਸੀ ’ਤੇ ਬੈਠਿਆਂ ਚੰਦ ਕੌਰ ਦੀ ਯਾਦ ਵਿੱਚ ਕੁਝ ਸਤਰਾਂ ਲਿਖੀਆਂ। ਅਗਲੇ ਦਿਨ ਅਚਾਨਕ ਉਹ ਇੱਕ ਮਹਿਫ਼ਿਲ ਵਿੱਚ ਸੁਣਾ ਦਿੱਤੀਆਂ ਤਾਂ ਲੋਕਾਂ ਵੱਲੋਂ ‘ਵਾਹ ਵਾਹ’ ਸੁਣ ਕੇ ਉਸ ਦਾ ਹੌਸਲਾ ਵਧ ਗਿਆ। ਉਹ ਰੋਜ਼ ਦੇਰ ਰਾਤ ਤੱਕ ਲਿਖਦਾ। ਉਸ ਦੀਆਂ ਲਿਖਤਾਂ ਨੂੰ ਜਿੰਨਾ ਦੁਨੀਆਂ ਸਲਾਹੁੰਦੀ ਓਨਾ ਉਹ ਹੋਰ ਲਿਖਦਾ। ਉਸ ਨੂੰ ਜ਼ਿੰਦਗੀ ਜਿਊਣ ਦਾ ਜ਼ਰੀਆ ਮਿਲ ਗਿਆ ਸੀ। ਉਹ ਕੁਝ ਸਮੇਂ ਵਿੱਚ ਹੀ ਇੱਕ ਨਾਮਵਰ ਲੇਖਕ ਬਣ ਗਿਆ ਸੀ। ਉਸ ਦੇ ਧੀਆਂ ਪੁੱਤਰ ਤਾਂ ਪਹਿਲਾਂ ਵੀ ਇੱਜ਼ਤ ਕਰਦੇ ਸਨ, ਹੁਣ ਹੋਰ ਕਰਨ ਲੱਗ ਪਏ ਸਨ। ਸਮਾਜ ਵਿੱਚ ਉਸ ਦਾ ਰੁਤਬਾ ਬੁਲੰਦ ਹੋ ਗਿਆ। ਸਭਾਵਾਂ ਵਿੱਚ ਉਸ ਨੂੰ ਮਾਣ ਸਨਮਾਨ ਮਿਲਦੇ। ਘਰ ਵਿੱਚ ਉਸ ਨੂੰ ਇਕੱਲਾਪਣ ਮਹਿਸੂਸ ਨਾ ਹੁੰਦਾ। ਹੁਣ ਉਸ ਨੂੰ ਲੱਗਦਾ ਕਿ ਉਸ ਦੀਆਂ ਲਿਖਤਾਂ ਦੇ ਜ਼ਰੀਏ ਚੰਦ ਕੌਰ ਬਾਕੀ ਦੀ ਜ਼ਿੰਦਗੀ ਜਿਊਣ ਦਾ ਜ਼ਰੀਆ ਬਣ ਚੁੱਕੀ ਸੀ।
ਸੰਪਰਕ: 99889-01324

Advertisement
Author Image

joginder kumar

View all posts

Advertisement
Advertisement
×