ਕਾਸ਼! ਮੈਂ ਰੋਟੀ ਖਾ ਈ ਲੈਂਦਾ
ਸਤਵੰਤ ਢਿੱਲੋਂ
ਕੰਮ ਤੋਂ ਥੱਕਿਆ ਟੁੱਟਿਆ ਅਜੇ ਬਿਸਤਰੇ ’ਤੇ ਪਿਆ ਹੀ ਸੀ ਕਿ ਝੱਟ ਦੇਣੀ ਨੀਂਦ ਨੇ ਆਣ ਘੇਰਿਆ ਤੇ ਸੁਫ਼ਨੇ ਵਿੱਚ ਜਾ ਪਹੁੰਚਿਆ ਆਪਣੇ ਸ਼ਹਿਰ ਪਟਿਆਲੇ। ਖਾਲਸਾ ਕਾਲਜ ਤੋਂ ਮੁੜਦਿਆਂ ਅਜੇ ਬੂਹੇ ਅੱਗੇ ਹਾਰਨ ਹੀ ਵਜਾਇਆ ਸੀ ਕਿ ਬੂਹਾ ਵੀ ਇੰਝ ਖੁੱਲ੍ਹਿਆ ਜਿਵੇਂ ਪਹਿਲਾਂ ਤੋਂ ਹੀ ਬੂਹੇ ਨਾਲ ਲੱਗ ਕੇ ਬੇਬੇ ਮੇਰੀ ਉਡੀਕ ਕਰ ਰਹੀ ਹੋਵੇ। ‘‘ਲੈ ਪੁੱਤ ਪਾਣੀ ਪੀ।’’ ਮੇਰੇ ਵੱਲ ਗਲਾਸ ਵਧਾਉਂਦਿਆ ਬੇਬੇ ਨੇ ਆਖਿਆ। ‘‘ਏਨੀ ਕੜਕਦੀ ਧੁੱਪ ’ਚੋਂ ਆਇਆ ਮੇਰਾ ਪੁੱਤੂ’’ ਆਖ ਆਪਣੇ ਲੀੜੇ ਨਾਲ ਝੱਲ ਵੀ ਮਾਰਨ ਲੱਗ ਪਈ।
‘‘ਬੜੀ ਭੁੱਖ ਲੱਗੀ ਆ’’ ਮੇਰੇ ਮੂੰਹੋਂ ਨਿਕਲਣ ਦੀ ਦੇਰ ਹੀ ਸੀ ਕਿ ਮਾਂ ਨੇ ਰੋਟੀ ਵਾਲੀ ਥਾਲੀ ਅੱਗੇ ਆਣ ਧਰੀ। ‘‘ਮੈਥੋਂ ਨੀਂ ਆਹ ਬੇਹਾ ਤੇ ਠੰਢਾ ਤੋਸਾ ਖਾਧਾ ਜਾਂਦਾ’’ ਆਦਤ ਅਨੁਸਾਰ ਨਿੱਘੀ ਤੇ ਕੂਲੀ ਰੋਟੀ ਨੂੰ ਵੀ ਹੱਥ ਲਾ ਕੇ ਨਕਾਰਨ ਦਾ ਨਖਰਾ ਜਿਹਾ ਕੀਤਾ। ‘‘ਪੁੱਤ ਵੈਸੇ ਤੇਰੇ ਆਉਣ ਦੇ ਸਮੇਂ ਨਾਲ ਹੀ ਰੋਟੀ ਬਣਾਈ ਸੀ, ਤੂੰ ਹੀ ਕੁਝ ਲੇਟ ਹੋ ਗਿਐ। ਨਾਲੇ ਅੱਜ ਮੇਰਾ ਪੁੱਤ ਲੇਟ ਕਿਉਂ ਹੋ ਗਿਆ?’’ ਮਾਂ ਨੇ ਆਪਣੀ ਮਮਤਾ ਜਤਾਉਦਿਆਂ ਮੇਰਾ ਪਿੰਡਾ ਪਲੋਸਦਿਆਂ ਪੁੱਛਿਆ।
‘‘ਯਾਰਾਂ ਦੋਸਤਾਂ ਨਾਲ ਗੱਪਸ਼ੱਪ ਮਾਰਦਿਆਂ ਸਮਾਂ ਲੱਗ ਈ ਜਾਂਦੈ।’’ ਬੇਰੁਖੀ ਜਿਹੀ ਵਿੱਚ ਆਖਦਿਆਂ ਮੈਂ ਟੀਵੀ ਆਨ ਕਰ ਲਿਆ। ‘‘ਚਲੋ ਕੋਈ ਨਾ ਮੈਂ ਦੁਬਾਰਾ ਰੋਟੀ ਬਣਾ ਦੇਨੀ ਆਂ’’ ਆਖ ਮਾਂ ਨੇ ਤਪਦੀ ਕੜਕਦੀ ਧੁੱਪੇ ਜਾ ਚੁੱਲ੍ਹਾ ਬਾਲਿਆ ਤੇ ਫਿਰ ਗਰਮਾ ਗਰਮ ਰੋਟੀ ਥਾਲੀ ਵਿੱਚ ਲਿਆ ਰੱਖੀ। ਮੁੜਕੋ ਮੁੜਕੀ ਹੋਈ ਮਾਂ ਮੇਰਾ ਮੂੰਹ ਨਿਹਾਰਦੀ ਅਜੇ ਮੇਰੇ ਸਾਹਮਣੇ ਬੈਠਣ ਈ ਲੱਗੀ ਸੀ ਤਾਂ ਮੈਂ ਪਹਿਲਾਂ ਆਚਾਰ ਤੇ ਫਿਰ ਪਾਣੀ ਦਾ ਹੁਕਮ ਚਾੜ੍ਹ ਦਿੱਤਾ। ਮਾਂ ਨੇ ਝੱਟ ਦੇਣੀ ਵਾਰੋ ਵਾਰੀ ਦੋਵੇਂ ਚੀਜ਼ਾਂ ਹਾਜ਼ਰ ਕਰ ਦਿੱਤੀਆਂ। ਅਸ਼ਨੇ ਪਸ਼ਨੇ ਕਰਦਿਆਂ ਅਜੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਹੀ ਲੱਗਿਆ ਸੀ ਤਾਂ ਅਚਾਨਕ ਅਲਾਰਮ ਵੱਜ ਗਿਆ। ਇੱਕਦਮ ਅੱਖ ਖੁੱਲ੍ਹੀ ਤਾਂ ਉੱਥੇ ਨਾ ਮਾਂ ਸੀ ਨਾ ਹੀ ਰੋਟੀ ਪਾਣੀ। ਘੜੀ ਕੰਮ ’ਤੇ ਜਾਣ ਦਾ ਇਸ਼ਾਰਾ ਕਰ ਰਹੀ ਸੀ। ਜਲਦੀ ਨਾਲ ਉੱਠਿਆ ਅਤੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਲੇਟ ਹੋ ਜਾਣ ਦੇ ਡਰੋਂ ਭੁੱਖਣ ਭਾਣੇ ਈ ਕੰਮ ਲਈ ਚੱਲ ਪਿਆ। ਭੱਜੋ ਭਜਾਈ ਵਿੱਚ ਕੰਮ ਵੱਲ ਜਾਂਦਿਆਂ ਸੋਚ ਰਿਹਾ ਸੀ, ‘‘ਕਾਸ਼! ਮੈਂ ਰੋਟੀ ਖਾ ਈ ਲੈਂਦਾ...ਬਗ਼ੈਰ ਨਖਰੇ ਤੋਂ...ਮਾਂ ਦੀ ਪਰੋਸੀ ਥਾਲੀ ਵਿੱਚੋਂ ਚਾਰ ਬੁਰਕੀਆਂ ਖਾ ਲੈਂਦਾ।’’ ਮੇਰੀਆਂ ਅੱਖਾਂ ’ਚੋਂ ਡਿਗਦੇ ਹੰਝੂ ਅਹਿਸਾਸ ਵੀ ਕਰਵਾ ਰਹੇ ਸਨ ਕਿ ਕੋਲ ਹੁੰਦੀ ਚੀਜ਼ ਦੀ ਕਦਰ ਨਹੀਂ ਪੈਂਦੀ ਪਰ ਵਕਤ ਦਾ ਪਹੀਆ ਖਿਸਕਣ ਨਾਲ ਯਾਦਾਂ ਦੀ ਕਿਆਰੀ ਵਿੱਚ ਪਛਤਾਵਾ ਜਿਉਂ ਦਾ ਤਿਉਂ ਕਾਇਮ ਰਹਿੰਦਾ ਹੈ।
ਸੰਪਰਕ: +61421864658