ਜਿੰਨੀ ਦੌਲਤ ਵੜਿੰਗ ਕੋਲ ਹੈ ਕਾਸ਼ ਹਰ ਗਰੀਬ ਕੋਲ ਹੁੰਦੀ: ਮਨਪ੍ਰੀਤ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ
ਗਿੱਦੜਬਾਹਾ ਹਲਕੇ ਤੋਂ ਜ਼ਿਮਨੀ ਚੋਣ ਹਾਰ ਚੁੱਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਰਾਜਾ ਵੜਿੰਗ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵੜਿੰਗ ਆਪਣੇ ਆਪ ਨੂੰ ਗਰੀਬ ਤੇ ਯਤੀਮ ਦੱਸਦਾ ਰਿਹਾ ਹੈ ਪਰ ਜਿੰਨੀ ਦੌਲਤ ਉਸ ਕੋਲ ਹੈ ਕਾਸ਼ ਹਰ ਗਰੀਬ ਕੋਲ ਹੋਵੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਬਾਦਲ ਪਰਿਵਾਰ ਦੀ ਵਿਰਾਸਤ ਦੀ ਨਿੰਦਾ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤਾਂ ਟਿਕਟ ਇਨ੍ਹਾਂ ਨੇ ਆਪਣੇ ਘਰ ’ਚ ਹੀ ਰੱਖਣੀ ਮੁਨਾਸਿਬ ਸਮਝੀ। ਮਨਪ੍ਰੀਤ ਨੇ ਕਿਹਾ,‘ਜਿਨ੍ਹਾਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ’ਤੇ ਭਰੋਸਾ ਕੀਤਾ, ਮੇਰਾ ਸਾਥ ਦਿੱਤਾ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੀ ਹੈ।’ ਮਨਪ੍ਰੀਤ ਨੇ ਕਿਹਾ ਕਿ ਉਹ ਅਗਲੇ ਦੋ ਤਿੰਨ ਮਹੀਨਿਆਂ ’ਚ ਆਪਣੀਆਂ ਕਮੀਆਂ ਤੇ ਗਲਤੀਆਂ ਨੂੰ ਦਰੁਸਤ ਕਰਨਗੇ ਅਤੇ ਇਸ ਹਾਰ ਨੂੰ ਜਿੱਤ ’ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ,‘ਮਨਪ੍ਰੀਤ ਦੀ ਜਿੰਨੀ ਵੀ ਬਕਾਇਆ ਉਮਰ ਹੈ ਇਹ ਮੈਂ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਸੇਵਾ ’ਚ ਖਰਚ ਕਰਾਂਗਾ।’ ਉਨ੍ਹਾਂ ਡਿੰਪੀ ਢਿੱਲੋਂ ਨੂੰ ਚੋਣ ਜਿੱਤਣ ’ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਉਹ ਸਾਰੇ ਵਾਅਦੇ ਪੂਰੇ ਕਰਨਗੇ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਥ ਨਾਲ 2027 ਵਿੱਚ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣਗੇ ਤੇ ਸੁੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ।