ਲੋਕ ਸਭਾ ਵਿੱਚ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗਾ: ਰਣਜੀਤ ਢਿੱਲੋਂ
ਗੁਰਿੰਦਰ ਸਿੰਘ
ਲੁਧਿਆਣਾ, 9 ਮਈ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਵਾਰਡ ਨੰਬਰ-72 ਦੇ ਇਲਾਕੇ ਬਾਲਮੀਕਿ ਪਾਰਕ, ਜਵਾਹਰ ਨਗਰ ਕੈਂਪ ਵਿੱਚ ਬਲਵਿੰਦਰ ਸਿੰਘ ਡੁਲਗੱਚ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਮੌਕੇ ਇਲਾਕਾ ਵਾਸੀਆਂ ਨੇ ਰਣਜੀਤ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲ ਕੇ ਭਰੋਸਾ ਦਿੱਤਾ ਕਿ ਇਲਾਕੇ ਦੀ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਪਾਕੇ ਢਿੱਲੋਂ ਨੂੰ ਕਾਮਯਾਬ ਕੀਤਾ ਜਾਵੇਗਾ ਤਾਂ ਜੋ ਉਹ ਸੰਸਦ ਵਿੱਚ ਜਾ ਕੇ ਪੰਜਾਬ ਅਤੇ ਪੰਜਾਬੀਆਂ ਦੇ ਮਸਲੇ ਹੱਲ ਕਰਾ ਸਕਣ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੌਮੀ ਪੱਧਰ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨਾਲ ਬੇਇਨਸਾਫ਼ੀ ਹੀ ਨਹੀਂ ਕੀਤੀ ਬਲਕਿ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ ਜਦਕਿ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਕਈ ਮੋਰਚੇ ਲਗਾ ਕੇ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਲੋਕ ਸਭਾ ਵਿੱਚ ਪੁੱਜ ਕੇ ਪੰਜਾਬ ਦੇ ਹੱਕਾਂ ਲਈ ਅਤੇ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਆਵਾਜ਼ ਬੁਲੰਦ ਕਰਨਗੇ ਜੋ ਪਿਛਲੇ 15 ਜਾਲ ਤੋਂ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁਕਾਬਲੇ ਖੜ੍ਹੇ ਸਾਰੇ ਤਿੰਨ ਉਮੀਦਵਾਰ ਕਾਂਗਰਸੀ ਪਿਛੋਕੜ ਵਾਲੇ ਹਨ ਜਿਨ੍ਹਾਂ ਦੀ ਬਦੌਲਤ ਹੀ ਪੰਜਾਬ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਡੁਲਗੱਚ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਦੱਬੇ ਕੁੱਚਲੇ ਵਰਗ ਦੀਆਂ ਵੋਟਾਂ ਲੈ ਕੇ ਇਨ੍ਹਾਂ ਦੀ ਸਾਰ ਨਹੀਂ ਲਈ ਜਦਕਿ ਅਕਾਲੀ ਦਲ ਨੇ ਇਸ ਵਰਗ ਦੀ ਬਿਹਤਰੀ ਲਈ ਕਈ ਯੋਜਨਾਵਾਂ ਲਾਗੂ ਕਰਕੇ ਸਹੂਲਤਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਇਸ ਮੌਕੇ ਹਿਤੇਸ਼ ਇੰਦਰ ਸਿੰਘ ਗਰੇਵਾਲ, ਪ੍ਰਕਾਸ਼ ਕੁਮਾਰ, ਸਚਿਨ ਧੀਂਗਾ, ਇੰਦਰਪਾਲ ਸਿੰਘ ਬਿੰਦਰਾ, ਚੰਨਾ ਪ੍ਰਧਾਨ ਅਤੇ ਚਾਂਦ ਪ੍ਰਧਾਨ ਵੀ ਹਾਜ਼ਰ ਸਨ।