ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਵਿੱਚ ਹੀ ਰਹਾਂਗਾ ਪਰ ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ: ਸਾਂਪਲਾ

08:36 AM Apr 25, 2024 IST
ਹੁਸ਼ਿਆਰਪੁਰ ’ਚ ਵਿਜੈ ਸਾਂਪਲਾ ਨਾਲ ਮੁਲਾਕਾਤ ਕਰਦੇ ਹੋਏ ਸੁਨੀਲ ਜਾਖੜ ਤੇ ਵਿਜੈ ਰੂਪਾਨੀ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਅਪਰੈਲ
ਟਿਕਟ ਕੱਟੇ ਜਾਣ ਕਾਰਨ ਪਾਰਟੀ ਤੋਂ ਖਫ਼ਾ ਚੱਲ ਰਹੇ ਵਿਜੈ ਸਾਂਪਲਾ ਨੇ ਆਖਿਰਕਾਰ ਆਪਣੀ ਚੁੱਪ ਤੋੜਦਿਆਂ ਅੱਜ ਇੱਥੇ ਕਿਹਾ ਕਿ ਉਹ ਭਾਜਪਾ ਦੇ ਸਿਪਾਹੀ ਹੀ ਰਹਿਣਗੇ ਪਰ ਪਾਰਟੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਪਰ ਵਫ਼ਾਦਾਰੀ ਉਨ੍ਹਾਂ ਲਈ ਦੇਣਦਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਦਿੰਦੀ ਤਾਂ ਉਹ ਸਾਰੇ ਆਲੋਚਨਾਕਾਰ ਚੁੱਪ ਹੋ ਜਾਂਦੇ ਜੋ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਤੇ ਹੋਰ ਦੋਸ਼ ਲਾ ਰਹੇ ਹਨ। ਉਨ੍ਹਾਂ ਨੇ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ। ਜਦੋਂ ਉਨ੍ਹਾਂ ਨੂੰ ਐੱਸਸੀ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਮਿੰਟ ਨਹੀਂ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੰਗਠਨ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਅਤੇ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਕਰਨ ਕਰਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਹੱਲਾਸ਼ੇਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਭ੍ਰਿਸ਼ਟ ਜਾਂ ਦਾਗਦਾਰ ਹਨ ਤਾਂ ਪਾਰਟੀ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਕੇ ਜੇਲ੍ਹ ਭੇਜ ਦੇਵੇ ਤੇ ਜੇ ਉਹ ਪਾਕ ਸਾਫ਼ ਹਨ ਤਾਂ ਪਾਰਟੀ ਦੇ ਅੰਦਰ ਬੈਠੇ ਉਨ੍ਹਾਂ ਬੰਦਿਆਂ ਖਿਲਾਫ਼ ਕਾਰਵਾਈ ਕਰੇ ਜੋ ਉਨ੍ਹਾਂ ਦਾ ਅਤੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਕਰਨਾ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ।
ਸ੍ਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਅੱਗੇ ਰੱਖ ਦਿੱਤੀ ਹੈ ਅਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਇਹ ਮਸਲੇ ਪਾਰਟੀ ਹਾਈ ਕਮਾਨ ਕੋਲ ਉਠਾਉਣਗੇ। ਸ੍ਰੀ ਸਾਂਪਲਾ ਨੂੰ ਮਨਾਉਣ ਲਈ ਅੱਜ ਜਾਖੜ ਅਤੇ ਰੂਪਾਨੀ ਉਨ੍ਹਾਂ ਦੇ ਘਰ ਆਏ ਸਨ ਪਰ ਲੰਬਾ ਸਮਾਂ ਗੱਲਬਾਤ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਰਾਜ਼ੀ ਨਹੀਂ ਕਰ ਸਕੇ ਅਤੇ ਦੋਵੇਂ ਆਗੂਆਂ ਨੂੰ ਇਕੱਲਿਆਂ ਹੀ ਪਾਰਟੀ ਦੀ ਚੋਣ ਮੀਟਿੰਗ ਦੌਰਾਨ ਹੋਟਲ ਵਿੱਚ ਜਾਣਾ ਪਿਆ। ਵਿਜੈ ਰੂਪਾਨੀ ਨੇ ਕਿਹਾ ਕਿ ਸਾਂਪਲਾ ਪਾਰਟੀ ਦੇ ਬੇਹੱਦ ਸੀਨੀਅਰ ਆਗੂ ਹਨ। ਉਨ੍ਹਾਂ ਦੇ ਅੰਦਰ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਭਾਜਪਾ ਲਈ ਕੰਮ ਕਰਦੇ ਰਹਿਣਗੇ।

Advertisement

ਵਿਜੈ ਸਾਂਪਲਾ ਨਾਲ ਮੁਲਾਕਾਤ ਕਰਕੇ ਸ਼ੰਕੇ ਦੂਰ ਕੀਤੇ: ਜਾਖੜ

ਅੰਮ੍ਰਿਤਸਰ/ਲੁਧਿਆਣਾ (ਗੁਰਿੰਦਰ ਸਿੰਘ/ਜਗਤਾਰ ਲਾਂਬਾ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਵੱਡੇ ਫਰਕ ਨਾਲ ਚੋਣਾਂ ਜਿੱਤਣਗੇ। ਸ੍ਰੀ ਜਾਖੜ ਅੱਜ ਇੱਥੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ ਕਰਨ ਲਈ ਪੁੱਜੇ ਸਨ। ਮੀਟਿੰਗ ਵਿੱਚ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ, ਸਕੱਤਰ ਸ੍ਰੀ ਨਿਵਾਸਲੂ ਸਣੇ ਹੋਰ ਆਗੂ ਸ਼ਾਮਲ ਸਨ। ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਵਿਜੇ ਸਾਂਪਲਾ ਨਾਲ ਮੁਲਾਕਾਤ ਹੋਈ ਹੈ ਅਤੇ ਉਨ੍ਹਾਂ ਦੇ ਮਨ ਦੇ ਕੁਝ ਸ਼ੰਕੇ ਸਨ ਜੋ ਦੂਰ ਕੀਤੇ ਗਏ ਹਨ। ਉਹ ਵੀ ਲੋਕ ਸਭਾ ਚੋਣ ਲੜਨ ਦੇ ਇੱਛੁਕ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਸਾਂਪਲਾ ਹੁਣ ਭਾਜਪਾ ਨਾਲ ਹੀ ਰਹਿਣਗੇ ਅਤੇ ਹੁਣ ਕੋਈ ਮਤਭੇਦ ਨਹੀਂ ਹਨ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ, ਰਾਣਾ ਗੁਰਮੀਤ ਸਿੰਘ ਸੋਢੀ ਆਦਿ ਹਾਜ਼ਰ ਸਨ। ਇਸੇ ਦੌਰਾਨ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ ਅੱਜ ਇੱਥੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਇਹ ਕੰਧ ’ਤੇ ਲਿਖਿਆ ਹੋਇਆ ਹੈ ਕਿ ਭਾਜਪਾ 2024 ਵਿੱਚ ਭਾਰੀ ਬਹੁਮਤ ਨਾਲ ਮੁੜ ਸਰਕਾਰ ਬਣਾਏਗੀ। ਇਸੇ ਲਈ ਕਾਂਗਰਸ ਦੇ ਵੱਡੇ ਆਗੂ ਵੀ ਭਾਜਪਾ ਵੱਲ ਰੁਖ਼ ਕਰ ਰਹੇ ਹਨ। ਉਹ ਅੱਜ ਇੱਥੇ ਲੋਕ ਸਭਾ ਲੁਧਿਆਣਾ ਦੀ ਚੋਣ ਸਮੀਖਿਆ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ।

Advertisement
Advertisement
Advertisement