ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੇ ਮੁੱਦੇ ਸੰਸਦ ਵਿੱਚ ਚੁੱਕਾਂਗਾ: ਕੰਗ
ਮਿਹਰ ਸਿੰਘ
ਕੁਰਾਲੀ, 6 ਜੂਨ
ਆਮ ਆਦਮੀ ਪਾਰਟੀ ਦੀ ਸਥਾਨਕ ਟੀਮ ਨੇ ਅੱਜ ਹਲਕਾ ਆਨੰਦਪੁਰ ਸਾਹਿਬ ਦੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਆਗੂਆਂ ਨੇ ਸ੍ਰੀ ਕੰਗ ਨੂੰ ਵਧਾਈ ਦਿੱਤੀ ਜਦ ਕਿ ਸ੍ਰੀ ਕੰਗ ਨੇ ਹਲਕੇ ਦੇ ਮੁੱਦੇ ਲੋਕ ਸਭਾ ਵਿੱਚ ਉਭਾਰ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਅਤੇ ਕੌਂਸਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਵਿੱਚ ‘ਆਪ’ ਦੇ ਸਥਾਨਕ ਆਗੂਆਂ ਕੌਂਸਲਰ ਨੰਦੀਪਾਲ ਬਾਂਸਲ, ਡਾ. ਅਸ਼ਵਨੀ ਸ਼ਰਮਾ, ਪਰਦੀਪ ਰੂੜਾ, ਰਾਜਿੰਦਰ ਸਿੰਘ, ਅਮਿੱਤ ਖੁੱਲਰ ਨੇ ਅੱਜ ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਆਗੂਆਂ ਨੇ ਸ੍ਰੀ ਕੰਗ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਕੰਗ ਨੇ ਸਥਾਨਕ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਹਰ ਵਾਲੰਟੀਅਰ ਨੇ ਉਨ੍ਹਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਅਤੇ ਪਾਰਟੀ ਵਾਲੰਟੀਅਰਾਂ ਦੇ ਹਮੇਸ਼ਾਂ ਰਿਣੀ ਰਹਿਣਗੇ। ਇਸੇ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਜਿਨ੍ਹਾਂ ਉਮੀਦਾਂ ਨਾਲ ਉਨ੍ਹਾਂ ਦੇ ਵਿਸ਼ਵਾਸ਼ ਜਤਾਇਆ ਹੈ ਉਹ ਉਸ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਲੋਕ ਸਭਾ ਵਿੱਚ ਹਲਕੇ ਤੇ ਪੰਜਾਬ ਦੀ ਆਵਾਜ਼ ਬਣ ਕੇ ਨਿਭਾਉਣਗੇ। ਸ੍ਰੀ ਕੰਗ ਨੇ ਕਿਹਾ ਕਿ ਹਲਕੇ ਦੇ ਬਹੁਤ ਸਾਰੇ ਮਸਲੇ ਅਤੇ ਮੰਗਾਂ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਧਿਆਲ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਉਹ ਪਾਰਲੀਮੈਂਟ ਵਿੱਚ ਚੁੱਕ ਕੇ ਹੱਲ ਕਰਵਾਉਣਗੇ।