ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਦਾ ਮੁੱਦਾ ਵਿਧਾਨ ਸਭਾ ’ਚ ਚੁੱਕਾਂਗਾ: ਕੋਟਲੀ
ਪੱਤਰ ਪ੍ਰੇਰਕ
ਭੋਗਪੁਰ, 20 ਅਗਸਤ
ਬਰਸਾਤ ਦੇ ਮੌਸਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਪੰਜਾਬ ਦੇ ਖੇਤੀ ਸੈਕਟਰ ਵਿੱਚ ਨੁਕਸਾਨ ਦੀ ਭਰਪਾਈ ਕਰਨੀ ਸਰਕਾਰ ਅਤੇ ਕਿਸਾਨਾਂ ਲਈ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋਈ ਪਈ ਹੈ। ਇਸ ਦੇ ਕਸੂਰਵਾਰ ਖੁਦ ਸਰਕਾਰ ਅਤੇ ਲੋਕ ਹਨ ਕਿਉਂਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਜੋ ਬਕਾਇਦਾ ਬਰਸਾਤੀ ਨਾਲੇ ਹਨ, ’ਤੇ ਵਿਵਹਾਰਿਕ ਰੂਪ ਵਿੱਚ ਅਖੌਤੀ ਕਾਲੋਨਾਈਜ਼ਰਾਂ ਨੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਲੋਨੀਆਂ ਬਣਾ ਕੇ ਰਿਹਾਇਸ਼ੀ ਅਤੇ ਕਰਮਸ਼ੀਅਲ ਇਮਾਰਤਾਂ ਬਣਾ ਲਈਆਂ। ਜਿਥੇ ਕਿਤੇ ਨਿਕਾਸੀ ਨਾਲੇ ਹੋਂਦ ਵਿੱਚ ਹਨ ਤਾਂ ਉਹਨਾਂ ਦੀ ਸਫਾਈ ਵੱਲ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ। ਇਸ ਸਮਸਿਆ ਬਾਰੇ ਜਦੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਣਗੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਉਣੀ ਦੀ ਫਸਲ ਤੋਂ ਬਾਅਦ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਸਖ਼ਤੀ ਨਾਲ ਉਹਨਾਂ ਉੱਤੇ ਕੀਤੇ ਕਬਜ਼ੇ ਛੁਡਵਾ ਕੇ ਸਾਫ ਕਰਾ ਕੇ ਅਤੇ ਨੀਵੇਂ ਕਰਕੇ ਪਾਣੀ ਦੇ ਵਹਾਅ ਯੋਗ ਬਣਾ ਦੇਵੇ ਤਾਂ ਪੰਜਾਬ ਵਿੱਚ ਹੜ ਦਾ ਪਾਣੀ ਨੁਕਸਾਨ ਹੀ ਨਹੀਂ ਕਰ ਸਕਦਾ ਅਤੇ ਛੱਪੜ ਵੀ ਨੱਕੋ ਨੱਕ ਨਹੀਂ ਭਰਨਗੇ ਜਿਸ ਨਾਲ ਨਿਕਾਸੀ ਪਾਣੀ ਦੀ ਸਮਸਿਆ ਬਿੱਲਕੁਲ ਹੱਲ ਜਾਵੇਗੀ।