ਭਾਜਪਾ ਦੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਸਿਆਸਤ ਛੱਡ ਦੇਵਾਂਗਾ: ਉਮਰ
ਸ੍ਰੀਨਗਰ, 12 ਅਪਰੈਲ
ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਕਸ਼ਮੀਰ ਵਾਦੀ ਵਿੱਚ ਲੋਕ ਸਭਾ ਚੋਣਾਂ ਲੜਨ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਉਹ ਸਿਆਸਤ ਛੱਡ ਦੇਣਗੇ।
ਅਬਦੁੱਲਾ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਭਾਜਪਾ ਨੂੰ ਇੱਥੇ ‘ਵਿਕਾਸ ਤੇ ਆਮ ਵਰਗੇ ਹਾਲਾਤ ਹੋਣ’ ਦੇ ਉਸ ਦੇ ਦਾਅਵਿਆਂ ’ਤੇ ਭਰੋਸਾ ਹੈ ਤਾਂ ਪਾਰਟੀ ਨੂੰ ਕਸ਼ਮੀਰ ਵਾਦੀ ਦੀਆਂ ਤਿੰਨੋਂ ਲੋਕ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਪਾਰਟੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਬਾਰਾਮੂਲਾ ਤੋਂ ਅਬਦੁੱਲਾ ਪਾਰਟੀ ਦੇ ਉਮੀਦਵਾਰ ਹੋਣਗੇ, ਉਧਰ ਸ੍ਰੀਨਗਰ ਤੋਂ ਸ਼ੀਆ ਆਗੂ ਆਗਾ ਸਈਦ ਰੁਹੁੱਲਾ ਮਹਿਦੀ ਕਿਸਮਤ ਅਜਮਾਉਣਗੇ।
ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫ਼ਰੰਸ, ਪੀਡੀਪੀ ਅਤੇ ਕਾਂਗਰਸ ’ਤੇ ਕੋਈ ਚੰਗਾ ਕੰਮ ਨਾ ਕਰਨ ਸਬੰਧੀ ਭਾਜਪਾ ਦੇ ਦੋਸ਼ਾਂ ਬਾਰੇ ਪੁੱਛਣ ’ਤੇ ਅਬਦੁੱਲਾ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਮੈਨੂੰ ਪ੍ਰਤੀਕਿਰਿਆ ਦੇਣ ਦੀ ਲੋੜ ਹੈ। ਇਹ ਕੰਮ ਲੋਕਾਂ ਨੂੰ ਕਰਨ ਦਿਓ। ਪ੍ਰਧਾਨ ਮੰਤਰੀ ਜੋ ਕੁਝ ਕਹਿੰਦੇ ਹਨ, ਜੇਕਰ ਉਸ ਵਿੱਚ ਐਨੀ ਹੀ ਸਚਾਈ ਜਾਂ ਤਾਕਤ ਹੈ ਤਾਂ ਉਹ ਭਾਜਪਾ ਦੇ ਉਮੀਦਵਾਰ ਖੜ੍ਹੇ ਕਰਨ ਅਤੇ ਪਾਰਟੀ ਦੇ ਨਾਮ ’ਤੇ ਵੋਟ ਮੰਗਣ।’’ ਉਨ੍ਹਾਂ ਕਿਹਾ, ‘‘ਤੁਸੀਂ (ਭਾਜਪਾ ਨੇ) ਧਾਰਾ 370 ਬਾਰੇ ਜੋ ਕੀਤਾ, ਤੁਸੀਂ ਵਿਕਾਸ ਜਾਂ ਆਮ ਵਰਗੇ ਹਾਲਾਤ ਬਾਰੇ ਜੋ ਦਾਅਵਾ ਕਰਦੇ ਹੋ...ਫਿਰ ਭਾਜਪਾ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰੋ ਅਤੇ ਦੇਖੋ ਕਿ ਉਨ੍ਹਾਂ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ। ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਐਨਾ ਕੰਮ ਕੀਤਾ ਹੈ ਅਤੇ ਅਸੀਂ ਜੰਮੂ ਕਸ਼ਮੀਰ ਵਿੱਚ ਕੁਝ ਨਹੀਂ ਕੀਤਾ ਤਾਂ ਚੋਣਾਂ ਵਿੱਚ ਸਾਡੀ ਜ਼ਮਾਨਤ ਜ਼ਬਤ ਹੋ ਜਾਣੀ ਚਾਹੀਦੀ ਹੈ।’’ ਇਸ ਦੌਰਾਨ ਅਬਦੁੱਲਾ ਦੇ ਨਾਲ ਉਨ੍ਹਾਂ ਦੇ ਪਿਤਾ ਅਤੇ ਪਾਰਟੀ ਦੇ ਪ੍ਰਧਾਨ ਫਾਰੂਕ ਅਬਦੁੱਲਾ ਤੇ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਸਨ। -ਪੀਟੀਆਈ