ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ...

07:36 AM May 12, 2024 IST
1945-2024

ਸਤਵਿੰਦਰ ਬਸਰਾ
ਲੁਧਿਆਣਾ, 11 ਮਈ
ਉੱਘੇ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ(79) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤਕ ਖੇਤਰ ਵਿੱਚ ਸੋਗ ਫੈਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ, ਸਾਹਿਤਕ ਸੰਸਥਾਵਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਮੌਕੇ ਉਨ੍ਹਾਂ ਦੀਆਂ ਇਹ ਸਤਰਾਂ ‘ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ’ ਚੇਤੇ ਆਉਂਦੀਆਂ ਹਨ।
ਆਪਣੇ ਜੀਵਨ ਦੀ ਆਖਰੀ ਨਜ਼ਮ ‘ਉੱਠ ਜਗਾ ਦੇ ਮੋਮਬੱਤੀਆਂ’ ਪੜ੍ਹਨ ਤੋਂ ਬਾਅਦ ਸ਼ਨਿਚਰਵਾਰ ਸਵੇਰੇ ਡਾ. ਸੁਰਜੀਤ ਪਾਤਰ ਦੇ ਅਚਾਨਕ ਵਿਛੋੜੇ ਨੇ ਸਾਹਿਤਕ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਡਾ. ਪਾਤਰ ਭਾਵੇਂ 80 ਸਾਲ ਦੀ ਉਮਰ ’ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਹ ਆਪਣੀ ਕਲਮ ਰਾਹੀਂ ਲਿਖੇ ਅੱਖਰਾਂ ਸਦਕਾ ਸਾਹਿਤ ਜਗਤ ’ਚ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਪਾਤਰ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਨਾ ਸਿਰਫ ਵੱਡੇ ਸਾਹਿਤਕਾਰ ਸਨ ਸਗੋਂ ਆਪਣੇ ਮਿਲਾਪੜੇ ਸੁਭਾਅ ਕਰਕੇ ਵੀ ਸਮਾਜ ਵਿੱਚ ਵੱਡਾ ਰੁਤਬਾ ਰੱਖਦੇ ਸਨ। ਸੂਤਰਾਂ ਅਨੁਸਾਰ ਡਾ. ਸੁਰਜੀਤ ਪਾਤਰ ਦਾ ਸਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪੁੱਤ ਦੇ ਘਰ ਆਉਣ ’ਤੇ 13 ਮਈ ਨੂੰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਡਾ. ਸੁਰਜੀਤ ਪਾਤਰ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ’ਚ ਵਧੀਆ ਕਾਰਗੁਜ਼ਾਰੀ ਲਈ ਪਦਮ ਸ੍ਰੀ, ਸਰਸਵਤੀ ਐਵਾਰਡ, ਗੰਗਾਧਰ ਰਾਸ਼ਟਰੀ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਐਵਾਰਡ ਮਿਲ ਚੁੱਕੇ ਸਨ। ਉਨ੍ਹਾਂ ਦਾ ਜਨਮ 1945 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ ਸੀ। ਉਨ੍ਹਾਂ ਨੇ ਕਪੂਰਥਲਾ ਦੇ ਰਣਧੀਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚ.ਡੀ ਕੀਤੀ ਸੀ। ਉਨ੍ਹਾਂ ਨੇੇ ਪੀਏਯੂ ਵਿੱਚ ਪ੍ਰੋਫੈਸਰ ਦੀਆਂ ਸੇਵਾਵਾਂ ਤੋਂ ਇਲਾਵਾ ਹੋਰ ਕਈ ਸੰਸਥਾਵਾਂ ’ਚ ਵੱਖ ਵੱਖ ਅਹੁਦਿਆਂ ’ਤੇ ਕੰਮ ਕੀਤਾ ਸੀ।
ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰੰਘ ਗੋਸਲ ਨੇ ਕਿਹਾ ਕਿ ਡਾ. ਪਾਤਰ ਨੇ ਆਪਣੀ ਬਹੁਤੀ ਕਾਵਿ ਸਿਰਜਣਾ ਪੀਏਯੂ ਵਿੱਚ ਰਹਿੰਦਿਆਂ ਕੀਤੀ। ਪੀਏਯੂ ਦੀ ਸਾਹਿਤ ਜਗਤ ਵਿੱਚ ਪਛਾਣ ਗੂੜ੍ਹੀ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡਾ. ਨਿਰਮਲ ਜੌੜਾ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਆਪਣੀ ਸਾਹਿਤਕ ਦੇਣ ਸਦਕਾ ਹਮੇਸ਼ਾ ਯਾਦ ਰੱਖੇ ਜਾਣਗੇ। ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਡਾ. ਪਾਤਰ ਦੇ ਚਲੇ ਜਾਣ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ 2002 ਤੋਂ 2008 ਤੱਕ ਅਕਾਦਮੀ ਦੇ ਪ੍ਰਧਾਨ ਰਹੇ। ਪੰਜਾਬੀ ਸਾਹਿਤ ਲਈ ਇਕ ਕਵੀ ਵਜੋਂ ਉਨ੍ਹਾਂ ਦੀ ਥਾਂ ਸਰਵੋਤਮ ਰਹੇਗੀ। ਉਨ੍ਹਾਂ ਦੀਆਂ ‘ਕੋਲਾਜ’, ‘ਹਵਾ ਵਿਚ ਲਿਖੇ ਹਰਫ਼’, ‘ਬਿਰਖ਼ ਅਰਜ਼ ਕਰੇ’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ, ‘ਪੱਤਝੜ ਦੀ ਪਾਜ਼ੇਬ’, ‘ਸੁਰ ਜ਼ਮੀਨ’, ‘ਚੰਨ ਸੂਰਜ ਦੀ ਵਹਿੰਗੀ’ ਤੋਂ ਇਲਾਵਾ ਦਰਜਨ ਦੇ ਕਰੀਬ ਪੁਸਤਕਾਂ ਦੇ ਅਨੁਵਾਦ ਛਪੇ। ਸਾਲ 1993 ਵਿਚ ਉਨ੍ਹਾਂ ਨੂੰ ‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ’ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਇਸ ਪੁਸਤਕ ’ਤੇ 1997 ਵਿਚ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਗਿਆਨਪੀਠ ਸਾਹਿਤ ਸਮੇਤ ਹੋਰ ਵੀ ਵੱਡੇ ਸਨਮਾਨ ਪਾਤਰ ਸਾਹਿਬ ਨੂੰ ਮਿਲੇ। 2012 ਵਿਚ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਡਾ. ਪਾਤਰ ਦੇ ਅਕਾਲ ਚਲਾਣੇ ’ਤੇ ਡਾ. ਸਰਦਾਰਾ ਸਿੰਘ ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੀਰ ਝੱਜ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ , ਪ੍ਰੇਮ ਸਾਹਿਲ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਅਤੇ ਸਮੂਹ ਮੈਂਬਰਾਂ ਨੇ ਦੁੱਖ ਪ੍ਰਗਟਾਇਆ ਹੈ।

Advertisement

ਸਵੇਰੇ ਸੁੱਤੇ ਨਹੀਂ ਉੱਠੇ...

ਸੁਰਜੀਤ ਪਾਤਰ ਸ਼ੁੱਕਰਵਾਰ ਤੱਕ ਬਿਲਕੁਲ ਠੀਕ ਸਨ, ਪਰ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਭੁਪਿੰਦਰ ਕੌਰ ਅਤੇ ਦੋ ਪੁੱਤਰ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਹਨ। ਇਨ੍ਹਾਂ ਵਿਚੋਂ ਇਕ ਪੁੱਤ ਆਸਟਰੇਲੀਆ ਵਿਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਸਵੇਰੇ ਸਾਢੇ ਛੇ ਵਜੇੇ ਦੇ ਕਰੀਬ ਭੁਪਿੰਦਰ ਕੌਰ ਨੇ ਡਾ.ਪਾਤਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਡਾ. ਸੁਰਜੀਤ ਪਾਤਰ ਦਾ ਸਸਕਾਰ 13 ਮਈ ਨੂੰ ਸਵੇਰੇ 11 ਵਜੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨ ਘਾਟ ’ਚ ਹੋਵੇਗਾ।


'ਪੰਜਾਬ ਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਪਿਛਲੇ ਕਰੀਬ ਚਾਰ ਦਹਾਕੇ ਪੰਜਾਬ ਦੇ ਹਰ ਦੁੱਖ-ਦਰਦ ਦੀ ਤਰਜਮਾਨੀ ਆਪਣੀ ਕਵਿਤਾ ਰਾਹੀਂ ਕੀਤੀ। ਉਨ੍ਹਾਂ ਪੰਜਾਬ ਦੇ ਅਤੀਤ ਤੇ ਵਰਤਮਾਨ ਨੂੰ ਅਜਿਹੇ ਸ਼ਬਦਾਂ ’ਚ ਪਰੋਇਆ ਜੋ ਸਦਾ ਲਈ ਚੇਤਿਆਂ ’ਚ ਉੱਕਰਿਆ ਗਿਆ। ਉਨ੍ਹਾਂ ਦਾ ਵਿਛੋੜਾ ਅਸਹਿ ਹੈ ਅਤੇ ਇਹ ਘਾਟਾ ਪੂਰਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਹਰਫ਼ ਹਮੇਸ਼ਾ ਸਾਡੇ ਨਾਲ ਹਨ:
‘‘ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ।’’
-ਐੱਨ ਐੱਨ ਵੋਹਰਾ
(ਸਾਬਕਾ ਰਾਜਪਾਲ, ਜੰਮੂ-ਕਸ਼ਮੀਰ)
ਚੇਅਰਮੈਨ, ਦਿ ਟ੍ਰਿਬਿਊਨ ਟਰੱਸਟ

Advertisement


ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਨਾਲ ਨਾਲ ਸਮੁੱਚੇ ਪੰਜਾਬੀ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਸੁਰਜੀਤ ਪਾਤਰ ਨੇ ਆਪਣੀ ਸ਼ਾਇਰੀ ਵਿਚ ਪੰਜਾਬੀ ਸਮਾਜ ਵਿਚ ਆ ਰਹੇ ਬਦਲਾਉ ਤੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਤੇ ਦੁੱਖਾਂ-ਦੁਸ਼ਵਾਰੀਆਂ ਦੀ ਸਹੀ ਤਸਵੀਰਕਸ਼ੀ ਕੀਤੀ ਹੈ। ਉਨ੍ਹਾਂ ਨੇ ਸਾਹਿਤਕ ਯੋਗਦਾਨ ਦੇ ਨਾਲ ਨਾਲ ਪੰਜਾਬ ਦੀ ਬੌਧਿਕ ਅਗਵਾਈ ਵੀ ਕੀਤੀ। ਉਨ੍ਹਾਂ ਦੀ ਸਾਹਿਤਕ ਤੇ ਸਮਾਜਿਕ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
-ਗੁਰਬਚਨ ਜਗਤ (ਸਾਬਕਾ ਰਾਜਪਾਲ ਮਨੀਪੁਰ)
ਟਰੱਸਟੀ, ਦਿ ਟ੍ਰਿਬਿਊਨ ਟਰੱਸਟ

Advertisement