ਆਪਣੇ ਪਿਤਾ ਖਿਲਾਫ਼ ਇਕ ਸ਼ਬਦ ਨਹੀਂ ਸੁਣਾਂਗੀ: ਸੁਪ੍ਰਿਆ ਸੂਲੇ
ਮੁੰਬਈ: ਲੋਕ ਸਭਾ ਮੈਂਬਰ ਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ ਨੇ ਪਾਰਟੀ ਤੋਂ ਬਾਗ਼ੀ ਹੋਏ ਚਚੇਰੇ ਭਰਾ ਅਜੀਤ ਪਵਾਰ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਖਿਲਾਫ਼ ਇਕ ਵੀ ਸ਼ਬਦ ਬਰਦਾਸ਼ਤ ਨਹੀਂ ਕਰੇਗੀ। ਸੂਲੇ ਨੇ ਕਿਹਾ, ‘‘ਕੋਈ ਵੀ ਮੈਨੂੰ ਜਾਂ ਕਿਸੇ ਵੀ ਹੋਰ ਵਿਅਕਤੀ ਦੀ ਨੁਕਤਾਚੀਨੀ ਕਰ ਸਕਦਾ ਹੈ, ਪਰ ਮੈਂ ਆਪਣੇ ਪਿਤਾ ਖਿਲਾਫ਼ ਇਕ ਸ਼ਬਦ ਨਹੀਂ ਸੁਣਾਂਗੀ...ਉਹ ਪਾਰਟੀ ਵਰਕਰਾਂ ਲਈ ਪਿਤਾ ਤੋਂ ਵੀ ਵਧ ਕੇ ਹਨ।’’ ਸੂਲੇ ਨੇ ਨਵੰਬਰ 2019 ਵਿੱਚ ਵੱਡੇ ਤੜਕੇ ਹੋਏ ਸਹੁੰ ਚੁੱਕ ਸਮਾਗਮ, ਜਿਸ ਵਿੱਚ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੇ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ (ਹਾਲਾਂਕਿ ਦੋਵਾਂ ਨੂੰ ਹੀ ਕੁਝ ਦਿਨਾਂ ਮਗਰੋਂ ਅਸਤੀਫ਼ਾ ਦੇੇਣਾ ਪਿਆ) ਦੇ ਹਵਾਲੇ ਨਾਲ ਕਿਹਾ, ‘‘ਪੰਜ ਸਾਲ ਪਹਿਲਾਂ ਮੈਂ ਬਹੁਤ ਭਾਵੁਕ ਸੀ, ਪਰ ਹੁਣ ਮੈਂ ਪਹਿਲਾਂ ਨਾਲੋਂ ਵੀ ਮਜ਼ਬੂਤ ਹਾਂ। ਮੈਂ ੳੁਨ੍ਹਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਮਜ਼ਬੂਤ ਬਣਾੲਿਆ। ਸਾਡੀ ਅਸਲ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ਼ ਨਹੀਂ ਬਲਕਿ ਭਾਜਪਾ ਦੇ ਕੰਮ ਕਰਨ ਦੇ ਢੰਗ ਤਰੀਕੇ ਨੂੰ ਲੈ ਕੇ ਹੈ।’’ ਸੂਲੇ ਨੇ ਅਜੀਤ ਪਵਾਰ ਨੂੰ ਟਕੋਰ ਕਰਦੇ ਹੋਏ ਕਿਹਾ, ‘‘ਧੀਆਂ ਵਜੋਂ ਅਸੀਂ ਉਨ੍ਹਾਂ ਪੁੱਤਰਾਂ ਨਾਲੋਂ ਕਿਤੇ ਬਿਹਤਰ ਹਾਂ, ਜੋ ਆਪਣੇ ਪਿਤਾ ਨੂੰ ਘਰ ਬੈਠਣ ਲਈ ਆਖਦੇ ਹਨ।’’ -ਪੀਟੀਆਈ