ਜੰਮੂ ਕਸ਼ਮੀਰ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਰਹਿਣ ਤੱਕ ਅਸੈਂਬਲੀ ਚੋਣਾਂ ਨਹੀਂ ਲੜਾਂਗਾ: ਉਮਰ ਅਬਦੁੱਲਾ
ਸ੍ਰੀਨਗਰ, 14 ਅਪਰੈਲ
ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਜੰਮੂੁ ਅਤੇ ਕਸ਼ਮੀਰ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣੇ ਰਹਿਣ ਤੱਕ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਮਰ ਨੇ ਆਖਿਆ, ‘‘ਮੈਂ ਕਿਸੇ ਵੀ ਚੀਜ਼ ਲਈ ਆਪਣੀਆਂ ਸੰਭਾਵਨਾਵਾਂ ਦੀ ਕਲਪਨਾ ਨਹੀਂ ਕਰਦਾ ਹਾਂ। ਮੈਂ ਮੁੱਖ ਮੰਤਰੀ ਅਹੁਦੇ ਦੀ ਇੱਛਾ ਨਹੀਂ ਰੱਖਦਾ ਅਤੇ ਮੇਰੀ ਯਕੀਨੀ ਤੌਰ ’ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਅਗਵਾਈ ਕਰਨ ਦੀ ਇੱਛਾ ਨਹੀਂ ਹੈ।’’
ਉਮਰ ਅਬਦੁੱਲਾ ਨੇ ਸ਼ਨਿਚਰਵਾਰ ਨੂੰ ਇੱਥੇ ਇੱਕ ਇੰਟਰਵਿਊ ’ਚ ਆਖਿਆ, ‘‘ਮੈਂ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਜਿਸ ਮੌਜੂਦਾ ਸਥਿਤੀ ਵਿੱਚ ਹੈ, ਉਸ ਵਿੱਚ ਮੈਂ ਵਿਧਾਨ ਸਭਾ ਚੋਣਾਂ ਨਹੀਂ ਲੜ ਰਿਹਾ ਹਾਂ। ਮੈਂ 2020 ਤੋਂ ਹੀ ਇਹੀ ਗੱਲ ਆਖੀ ਹੈ ਅਤੇ ਮੇਰੇ ਸਟੈਂਡ ਬਦਲਿਆ ਨਹੀਂ ਹੈ।’’ ਬਾਰਾਮੂਲਾ ਤੋਂ ਚੋਣ ਲੜਨ ਲਈ ਸ੍ਰੀਨਗਰ ਲੋਕ ਸਭਾ ਸੀਟ ਦੇ ਪਰਿਵਾਰਕ ਗੜ੍ਹ ਨੂੰ ਛੱਡਣ ਪਿੱਛੇ ਤਰਕ ਦੇ ਸਵਾਲ ’ਤੇ ਤਿੰਨ ਵਾਰ ਦੇ ਸੰਸਦ ਮੈਂਬਰ ਉਮਰ ਅਬਦੁੱਲਾ ਨੇ ਕਿਹਾ ਕਿ ਸੌਖੇ ਰਸਤੇ ’ਤੇ ਚੱਲਣਾ ਉਨ੍ਹਾਂ ਦੀ ਆਦਤ ਨਹੀਂ ਹੈ। -ਪੀਟੀਆਈ
ਆਜ਼ਾਦ ’ਤੇ ਧਰਮ ਨਿਰਪੱਖ ਵੋਟਾਂ ਵੰਡਣ ’ਚ ਭਾਜਪਾ ਦੀ ਮਦਦ ਕਰਨ ਦਾ ਦੋਸ਼
ਬਨਿਹਾਲ: ਉਮਰ ਅਬਦੁੱਲਾ ਨੇ ਅੱਜ ਭਾਜਪਾ ’ਤੇ ਸ਼ਪੱਸ਼ਟ ਨਿਸ਼ਾਨਾ ਸੇਧਦਿਆਂ ਉਸ ’ਤੇ ਫਿਰਕੂ ਏਕਤਾ ਨੂੰ ‘‘ਨਸ਼ਟ’’ ਕਰਨ ਦੋਸ਼ ਲਾਇਆ ਹੈ। ਰਾਮਬਨ ਜ਼ਿਲ੍ਹੇ ’ਚ ਇੰਡੀਆ ਗੱਠਜੋੜ ਦੇ ਉੁਮੀਦਵਾਰ ਚੌਧਰੀ ਲਾਲ ਸਿੰਘ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਇਹ ਦੋਸ਼ ਵੀ ਲਾਇਆ ਕਿ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੀ ਡੀਪੀਏਪੀ ਜੰਮੂ-ਕਸ਼ਮੀਰ ਵਿੱਚ ਧਰਮ ਨਿਰਪੱਖ ਵੋਟਾਂ ਨੂੰ ਵੰਡਣ ’ਚ ਭਗਵਾ ਪਾਰਟੀ ਦੀ ਮਦਦ ਕਰ ਰਹੀ ਹੈ। ਕਿਸੇ ਦਾ ਵੀ ਨਾਂ ਲਏ ਬਿਨਾਂ ਉਨ੍ਹਾਂ ਨੇ ਆਖਿਆ, ‘‘ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਹਨ, ਇਕ ਜਿਹੜੀ ਨਫ਼ਰਤ ਫੈਲਾਉਣ, ਫਿਰਕੂ ਏਕਤਾ ਨੂੰ ਤਬਾਹ ਕਰਨ, ਮਸਜਿਦਾਂ ਢਾਹੁਣ ਅਤੇ ਖੂਨ ਖਰਾਬਾ ਸ਼ੁਰੂ ਕਰਨ ਲਈ ਯਾਤਰਾਵਾਂ ਕੱਢ ਰਹੀ ਹੈ ਜਦਕਿ ਦੂਜੀ ਦਾ ਮਕਸਦ ਦੇਸ਼ ਨੂੰ ਇਕਜੁੱਟ ਕਰਨਾ, ਭਾਈਚਾਰੇ ਨੂੰ ਸੁਰਜੀਤ ਕਰਨ ਅਤੇ ਸ਼ਾਂਤੀ ਯਕੀਨੀ ਬਣਾਉਣਾ ਹੈ।’’ -ਪੀਟੀਆਈ