ਸ਼ਾਹ ਝੁੱਗੀ-ਝੌਂਪੜੀ ਵਾਲਿਆਂ ਖਿਲਾਫ਼ ਕੇਸ ਵਾਪਸ ਲੈਣ ਤਾਂ ਮੈਂ ਚੋਣਾਂ ਨਹੀਂ ਲੜਾਂਗਾ: ਕੇਜਰੀਵਾਲ
ਨਵੀਂ ਦਿੱਲੀ, 12 ਜਨਵਰੀ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਅਗਾਮੀ ਅਸੈਂਬਲੀ ਚੋਣਾਂ ਵਿਚ ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਖ਼ਤਮ ਕਰ ਦੇਵੇਗੀ। ਸਾਬਕਾ ਮੁੱਖ ਮੰਤਰੀ ਨੇ ਸ਼ਕੂਰ ਬਸਤੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਝੁੱਗੀ-ਝੌਂਪੜੀ ਵਾਲਿਆਂ ਦੀ ਭਲਾਈ ਦੀ ਥਾਂ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਤਰਜੀਹ ਦਿੰਦੀ ਹੈ। ਕੇਜਰੀਵਾਲ ਨੇ ਭਾਜਪਾ ਦੇ ਹਵਾਲੇ ਨਾਲ ਕਿਹਾ, ‘‘ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਤੁਹਾਡੀਆਂ ਵੋਟਾਂ ਤੇ ਮਗਰੋਂ ਤੁਹਾਡੀ ਜ਼ਮੀਨ ਚਾਹੀਦੀ ਹੈ।’’ ਕੇਜਰੀਵਾਲ ਨੇ ਦਾਅਵਾ ਕੀਤਾ, ‘‘ਜੇ ਅਮਿਤ ਸ਼ਾਹ ਝੁੱਗੀ-ਝੌਂਪੜੀ ਵਾਲਿਆਂ ਜਾਂ ਘਰੋਂ ਬੇਘਰ ਕੀਤੇ ਲੋਕਾਂ ਖਿਲਾਫ਼ ਦਾਖ਼ਲ ਸਾਰੇ ਕੇਸ ਵਾਪਸ ਲੈਣ ਤਾਂ ਉਹ ਚੋਣਾਂ ਨਹੀਂ ਲੜਨਗੇ। ਜੇ ਭਾਜਪਾ ਨਾਕਾਮ ਰਹਿੰਦੀ ਹੈ ਤਾਂ ਮੈਂ ਚੋਣਾਂ ਲੜਾਂਗਾ ਤੇ ਝੁੱਗੀ-ਝੌਂਪੜੀ ਵਾਲਿਆਂ ਦੀ ਢਾਲ ਬਣ ਕੇ ਖੜ੍ਹਾਂਗਾ।’’ ਕੇਜਰੀਵਾਲ ਨੇ ਭਾਜਪਾ ਦੀ ‘ਜਹਾਂ ਝੁੱਗੀ ਵਹਾਂ ਮਕਾਨ’ ਸਕੀਮ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਮਹਿਜ਼ ਖਾਨਾਪੂਰਤੀ ਦੱਸਿਆ। ਕੇਜਰੀਵਾਲ ਨੇ ਕਿਹਾ, ‘‘ਪਿਛਲੇ ਦਸ ਸਾਲਾਂ ਵਿਚ ਉਨ੍ਹਾਂ ਝੁੱਗੀ-ਝੌਂਪੜੀ ਵਾਲਿਆਂ ਲਈ ਸਿਰਫ਼ 4700 ਫਲੈਟ ਬਣਾਏ ਹਨ। ਦਿੱਲੀ ਵਿਚ 4 ਲੱਖ ਝੁੱਗੀਆਂ ਹਨ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਸ਼ਹਿਰ ਦੇ ਸਾਰੇ ਝੁੱਗੀ-ਝੌਂਪੜੀ ਵਾਲਿਆਂ ਨੂੰ ਮਕਾਨ ਮੁਹੱਈਆ ਕਰਵਾਉਣ ਵਿਚ 1000 ਸਾਲ ਲੱਗਣਗੇ।’’ -ਪੀਟੀਆਈ