ਪੂਰਨ ਰਾਜ ਦਾ ਦਰਜਾ ਬਹਾਲ ਹੋਣ ਤੱਕ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ: ਉਮਰ ਅਬਦੁੱਲਾ
ਸ੍ਰੀਨਗਰ, 27 ਜੁਲਾਈ
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਘਟਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਕਰਨ ਤੋਂ ਨਿਰਾਸ਼ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪੂਰਨ ਰਾਜ ਦਾ ਦਰਜਾ ਬਹਾਲ ਹੋਣ ਤੱਕ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਹਾਲਾਂਕਿ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਉਮਰ ਅਬਦੁੱਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੀ ਪਾਰਟੀ ਨੈਸ਼ਨਲ ਕਾਨਫ਼ਰੰਸ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਕੰਮ ਜਾਰੀ ਰੱਖਣਗੇ। ਸ੍ਰੀ ਅਬਦੁੱਲਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਰਾਜ ਦੀ ਵਿਧਾਨ ਸਭਾ ਦਾ ਆਗੂ ਰਿਹਾ ਹਾਂ। ਆਪਣੇ ਸਮੇਂ ਦੀ ਇਹ ਸਭ ਤੋਂ ਤਾਕਤਵਰ ਵਿਧਾਨ ਸਭਾ ਸੀ। ਇਸ ਵੇਲੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜੋ ਵਿਧਾਨ ਸਭਾ ਹੈ, ਉਹ ਦੇਸ਼ ਭਰ ਵਿਚ ਸਭ ਤੋਂ ਕਮਜ਼ੋਰ ਵਿਧਾਨ ਸਭਾ ਹੈ ਅਤੇ ਮੈਂ ਇਸ ਦਾ ਮੈਂਬਰ ਨਹੀਂ ਰਹਿ ਸਕਦਾ।’’ ਉਨ੍ਹਾਂ ਕਿਹਾ, ‘‘ਇਹ ਕੋਈ ਧਮਕੀ ਜਾਂ ਬਲੈਕਮੇਲਿੰਗ ਨਹੀਂ ਹੈ, ਇਹ ਕੋਈ ਨਾਰਾਜ਼ਗੀ ਦਾ ਇਜ਼ਹਾਰ ਵੀ ਨਹੀਂ ਹੈ। ਇਹ ਸਿਰਫ਼ ਇਕ ਸਾਧਾਰਨ ਸਵੈ-ਪ੍ਰਵਾਨਗੀ ਹੈ ਕਿ ਮੈਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਜਿਹੀ ਸ਼ਕਤੀਹੀਣ ਵਿਧਾਨ ਸਭਾ ਲਈ ਚੋਣਾਂ ਨਹੀਂ ਲੜਾਂਗਾ।’’ ਸੰਵਿਧਾਨ ਦੀ ਧਾਰਾ 370 ਰੱਦ ਕਰਨ ਦੇ ਆਲੋਚਕ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਿਤ ਕਰਨ ਲਈ ਕਈ ਕਾਰਨ ਦਿੱਤੇ ਗਏ ਪਰ ਉਨ੍ਹਾਂ ਵਿੱਚੋਂ ਕਿਸੇ ਵੀ ਤਰਕ ਦੀ ਕੋਈ ਜਾਂਚ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਲੋਕਤੰਤਰ ਤੇ ਸ਼ਾਂਤੀਪੂਰਨ ਵਿਰੋਧੀ ਧਿਰ ’ਚ ਵਿਸ਼ਵਾਸ ਰੱਖਦੇ ਹਾਂ। ਧਾਰਾ 370 ਅਤਿਵਾਦ ਦੇ ਖ਼ਾਤਮੇ ਲਈ ਰੱਦ ਕੀਤੀ ਗਈ ਸੀ ਪਰ ਸਰਕਾਰ ਸੁਪਰੀਮ ਕੋਰਟ ਵਿੱਚ ਕਹਿ ਰਹੀ ਹੈ ਕਿ ਜੰਮੂ ਕਸ਼ਮੀਰ ’ਚ ਹਿੰਸਾ ਵਧ ਰਹੀ ਹੈ। -ਪੀਟੀਆਈ