ਪੂਰਨ ਰਾਜ ਦਾ ਦਰਜਾ ਬਹਾਲ ਹੋਣ ਤੱਕ ਅਸੈਂਬਲੀ ਚੋਣਾਂ ਨਹੀਂ ਲੜਾਂਗਾ: ਉਮਰ ਅਬਦੁੱਲਾ
ਸ੍ਰੀਨਗਰ, 27 ਜੁਲਾਈ
ਧਾਰਾ 370 ਮਨਸੂਖ ਕਰਕੇ ਜੰਮੂ ਤੇ ਕਸ਼ਮੀਰ ਰਾਜ ਦਾ ਦਰਜਾ ਘਟਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਕਰਨ ਤੋਂ ਨਿਰਾਸ਼ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪੂਰਨ ਰਾਜ ਦਾ ਦਰਜਾ ਬਹਾਲ ਹੋਣ ਤੱਕ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਉਮਰ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਆਪਣੀ ਪਾਰਟੀ ਨੈਸ਼ਨਲ ਕਾਨਫ਼ਰੰਸ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਕੰਮ ਜਾਰੀ ਰੱਖਣਗੇ। ਉਮਰ ਨੇ ਕਿਹਾ, ‘ਇਹ ਕੋਈ ਧਮਕੀ ਜਾਂ ਬਲੈਕਮੇਲਿੰਗ ਨਹੀਂ ਹੈ, ਤੇ ਨਾ ਹੀ ਨਾਰਾਜ਼ਗੀ ਦਾ ਇਜ਼ਹਾਰ ਹੈ। ਇਹ ਸਾਧਾਰਨ ਸਵੈ-ਪ੍ਰਵਾਨਗੀ ਹੈ ਕਿ ਮੈਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਜਿਹੀ ਸ਼ਕਤੀਹੀਣ ਵਿਧਾਨ ਸਭਾ ਲਈ ਚੋਣਾਂ ਨਹੀਂ ਲੜਾਂਗਾ।’ ਇਸ ਦੌਰਾਨ ਉਮਰ ਅਬਦੁੱਲਾ ਨੇ ਇਕ ਅੰਗਰੇਜ਼ੀ ਰੋਜਨਾਮਚਾ ਵਿੱਚ ਲਿਖੇ ਆਪਣੇ ਇਕ ਮਜ਼ਮੂਨ ਵਿੱਚ ਕਿਹਾ ਕਿ ਪਿਛਲੇ ਸਾਲ 5 ਅਗਸਤ ਨੂੰ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਮਨਸੂਖ ਕੀਤੇ ਜਾਣ ਤੋਂ ਕੁਝ ਦਨਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ’ਚ ਕੀਤੀ ਮੀਟਿੰਗ ਛੇਤੀ ਉਨ੍ਹਾਂ ਦੇ ਚੇਤਿਆਂ ’ਚੋਂ ਮਿਟਣ ਵਾਲੀ ਨਹੀਂ ਹੈ। ਉਮਰ ਨੇ ਲਿਖਿਆ, ‘ਇਕ ਦਨਿ ਮੈਂ ਇਸ ਬਾਰੇ ਲਿਖਾਂਗਾ। ਪਰ ਮਰਿਯਾਦਾ ਮੈਨੂੰ ਜ਼ਿਆਦਾ ਕੁਝ ਬੋਲਣ ਤੋਂ ਰੋਕਦੀ ਹੈ ਕਿਉਂਕਿ ਮੀਟਿੰਗ ਦੌਰਾਨ ਸਾਨੂੰ ਜੋ ਭਰੋਸਾ ਦਿੱਤਾ ਗਿਆ, ਅਗਲੇ 72 ਘੰਟਿਆਂ ਵਿੱਚ ਐਨ ਉਸ ਤੋਂ ਉਲਟ ਹੋਇਆ। ਸਾਨੂੰ ਜਿਸ ਚੀਜ਼ ਦਾ ਖ਼ੌਫ਼ ਸਤਾ ਰਿਹਾ ਸੀ, ਹੋਇਆ ਉਹੀ।’