ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੋਟੇ ’ਚੋਂ ਪੰਜ ਲੱਖ ਦੇਵਾਂਗਾ : ਬਲਬੀਰ ਸਿੰਘ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਲੰਗ ਤੇ ਮਾਜਰੀ ਅਕਾਲੀਆਂ ਵਿੱਚ ਇਕ ਕਰੋੜ ਰੁਪਏ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਲੰਗ ਵਿੱਚ ਤਾਂ ਉਨ੍ਹਾਂ ਨੇ ਸੂਬੇ ਅੰਦਰ ਗਿੱਲੇ ਕੂੜੇ ਨੂੰ ਖਾਦ ’ਚ ਬਦਲਣ ਵਾਲੀ ਪਹਿਲੀ ਅਤਿ ਆਧੁਨਿਕ ਮਸ਼ੀਨ ਵਾਲੇ ਬਾਇਓ ਕੰਪੋਸਟਰ ਪਲਾਂਟ ਦਾ ਉਦਘਾਟਨ ਵੀ ਕੀਤਾ। ਜਾਣਕਾਰੀ ਅਨੁਸਾਰ ਛੇ ਲੱਖ ਨਾਲ ਲਗਾਇਆ ਗਿਆ ਇਹ ਪਲਾਂਟ 24 ਘੰਟੇ ’ਚ ਹੀ ਗਿੱਲੇ ਕੂੜੇ ਦੀ ਖਾਦ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ 7 ਲੱਖ ਦੀ ਲਾਗਤ ਨਾਲ ਸ਼ੈੱਡ ਵੀ ਪਾਇਆ ਗਿਆ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਮਾਜਰੀ ਅਕਾਲੀਆਂ ਵਿੱਚ 40 ਲੱਖ ਤੇ ਲੰਗ ਵਿੱਚ 52 ਲੱਖ ਦੀ ਲਾਗਤ ਨਾਲ ਬਣੇ ਪੰਚਾਇਤ ਘਰ ਵੀ ਲੋਕਾਂ ਨੂੰ ਸਮਰਪਿਤ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਹਲਕਾ ਪਟਿਆਲਾ ਦਿਹਾਤੀ ਦੇ ਸਾਰੇ 60 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਛੱਪੜਾਂ ਦੇ ਪਾਣੀ ਦੀ ਵਰਤੋਂ ਖੇਤੀ ਲਈ ਕੀਤੀ ਜਾਵੇਗੀ, ਇਸ ਨਾਲ ਜਿਥੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ, ਉਥੇ ਹੀ ਛੱਪੜਾਂ ਦਾ ਪਾਣੀ ਵੀ ਸਾਫ਼ ਰਹੇਗਾ। ਲੰਗ ਦੇ ਛੱਪੜ ਦੇ ਨਵੀਨੀਕਰਨ ਸਮੇਤ ਇਸ ਦੇ ਪਾਣੀ ਦੀ ਵਰਤੋਂ ਖੇਤੀ ਵਿੱਚ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਪੰਚਾਇਤ ਸਰਬਸੰਮਤੀ ਨਾਲ ਚੁਣਨ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਜਿਥੇ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ, ਉਥੇ ਹੀ ਆਪਣੇ ਹਲਕੇ ਦੇ ਅਜਿਹੇ ਪਿੰਡਾਂ ਦੇ ਵਿਕਾਸ ਲਈ ਉਹ ਵੀ ਆਪਣੇ ਅਖਤਿਆਰੀ ਕੋਟੇ ’ਚੋਂ ਵੱਖਰੇ ਤੌਰ ’ਤੇ ਪੰਜ ਪੰਜ ਲੱਖ ਦੀ ਗਰਾਂਟ ਦੇਣਗੇ।
ਇਸ ਮੌਕੇ ਏਡੀਸੀ ਡਾ. ਹਰਜਿੰਦਰ ਸਿੰਘ ਬੇਦੀ, ਐੱਸਡੀਐੱਮ ਡਾ. ਇਸਮਿਤ ਵਿਜੈ ਸਿੰਘ, ਕਰਨਲ ਜੇਵੀ ਸਿੰਘ ਤੇ ਜਸਬੀਰ ਗਾਂਧੀ ਆਦਿ ਵੀ ਮੌਜੂਦ ਸਨ।
ਮਾਲੇਰਕੋਟਲਾ ਵਿੱਚ ਡਾਇਲੇਸਿਸ ਸੈਂਟਰ ਦਾ ਉਦਘਾਟਨ
ਸੰਦੌੜ (ਮੁਕੰਦ ਸਿੰਘ ਚੀਮਾ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਵਿੱਚ ਇੱਕ ਅਤਿ-ਆਧੁਨਿਕ ਡਾਇਲੇਸਿਸ ਕੇਂਦਰ ਦਾ ਉਦਘਾਟਨ ਕੀਤਾ। ਇਸ ਵਰਚੂਅਲ ਉਦਘਾਟਨੀ ਸਮਾਰੋਹ ਵਿਚ ਸਿਹਤ ਮੰਤਰੀ ਨੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਤੋਂ ਸ਼ਮੂਲੀਅਤ ਕਰਕੇ ਮਾਲੇਰਕੋਟਲਾ ਸਮੇਤ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਡਾਇਲੇਸਿਸ ਕੇਂਦਰਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਹੰਸ ਫਾਊਂਡੇਸ਼ਨ ਦੇ ਉਦਾਰ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਇਸ ਸਹੂਲਤ ਦਾ ਉਦੇਸ਼ ਗੰਭੀਰ ਗੁਰਦੇ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਜ਼ਰੂਰੀ ਦੇਖਭਾਲ ਪ੍ਰਦਾਨ ਕਰਨਾ ਹੈ ਜਿਨ੍ਹਾਂ ਨੂੰ ਨਿਯਮਤ ਡਾਇਲੇਸਿਸ ਇਲਾਜ ਦੀ ਲੋੜ ਹੁੰਦੀ ਹੈ, ਉਨ੍ਹਾਂ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ ਸਿਹਤਯਾਬ ਰੱਖਿਆ ਜਾ ਸਕੇ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ-ਉਰ-ਰਹਿਮਾਨ ਨੇ ਸਿਹਤ ਮੰਤਰੀ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ’ਤੇ ਵਧਾਈ ਦਿੱਤੀ। ਸਿਹਤ ਮੰਤਰੀ ਨੇ ਭਰੋਸਾ ਦਵਾਇਆ ਕਿ ਮਾਲੇਰਕੋਟਲਾ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਐੱਮਸੀ ਡਾ. ਰਿਸ਼ਮਾ, ਡੀਐੱਚਓ ਡਾ. ਪੁਨੀਤ ਸਿੱਧੂ, ਬੀਬਾ ਫਰਿਆਲ ਰਹਿਮਾਨ ਸਮੇਤ ਕਈ ‘ਆਪ’ ਆਗੂ ਹਾਜ਼ਰ ਸਨ।