ਮੈਂ ਫੋਨ ਵੀ ਚੁੱਕਾਂਗਾ ਤੇ ਲੁਧਿਆਣਾ ਨਾਲ ਦੋਸਤੀ ਵੀ ਨਿਭਾਵਾਂਗਾ: ਰਾਜਾ ਵੜਿੰਗ
ਟ੍ਰਿਬਿਊੁਨ ਨਿਊਜ਼ ਸਰਵਿਸ
ਲੁਧਿਆਣਾ, 17 ਮਈ
ਸ਼ਹਿਰ ’ਚ ਉਮੀਦਵਾਰ ਚੋਣ ਮੁੱਦੇ ਭੁੱਲ ਕੇ ਇੱਕ-ਦੂਜੇ ’ਤੇ ਤਨਜ਼ ਕੱਸ ਰਹੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਭਾਜਪਾ ਤੇ ਕਾਂਗਰਸ ਵੱਲੋਂ ਬੋਰਡ ਲਗਾਏ ਗਏ ਹਨ। ਇੱਕ ਬੋਰਡ ਉੱਤੇ ਬਿੱਟੂ ’ਤੇ ਫੋਨ ਨਾ ਚੁੱਕਣ ਦੇ ਦੋਸ਼ ਲਾਉਣ ਦਾ ਨਾਅਰਾ ਲਿਖਿਆ ਹੈ। ਉੱਧਰ, ਰਾਜਾ ਵੜਿੰਗ ਨੇ ਬੋਰਡ ਲਗਾਏ ਹਨ, ‘‘ਮੈਂ ਫੋਨ ਵੀ ਚੁੱਕਾਂਗਾ ਤੇ ਲੁਧਿਆਣਾ ਨਾਲ ਦੋਸਤੀ ਵੀ ਨਿਭਾਵਾਂਗਾ।’’ ਇਸ ਮਗਰੋਂ ਬਿੱਟੂ ਵੀ ਸੋਸ਼ਲ ਮੀਡੀਆ ਰਾਹੀਂ ਰਾਜਾ ਵੜਿੰਗ ਨੂੰ ਫੋਨ ਆਪ੍ਰੇਟਰ ਲੱਗਣ ਤੱਕ ਦੀ ਗੱਲ ਆਖ ਦਿੱਤੀ ਹੈ। ਰਾਜਾ ਵੜਿੰਗ ਨੇ ਪਹਿਲੇ ਦਿਨ ਹੀ ਲੁਧਿਆਣਾ ਆਉਂਦਿਆਂ ਕਿਹਾ ਸੀ ਕਿ ਭਾਜਪਾ ਉਮੀਦਵਾਰ ਬਿੱਟੂ ਨੇ 10 ਸਾਲ ਵਿੱਚ ਲੁਧਿਆਣਾ ਦੇ ਲੋਕਾਂ ਦੇ ਫੋਨ ਨਹੀਂ ਚੁੱਕੇ। ਉਸ ਮਗਰੋਂ ਉਨ੍ਹਾਂ ਨੂੰ ਗੱਦਾਰ ਤੱਕ ਆਖ ਦਿੱਤਾ ਗਿਆ। ਇਸ ਤੋਂ ਬਾਅਦ ਸੰਸਦ ਮੈਂਬਰ ਬਿੱਟੂ ਨੇ ਰਾਜਾ ਵੜਿੰਗ ਨੂੰ ਬਾਹਰੀ ਉਮੀਦਵਾਰ ਦੇ ਨਾਲ ਇਹ ਵੀ ਆਖ ਦਿੱਤਾ, ‘‘ਵੜਿੰਗ ਦੋਸ਼ ਲਾ ਰਿਹਾ ਹੈ ਕਿ ਬਿੱਟੂ ਫੋਨ ਨਹੀਂ ਚੁੱਕਦਾ, ਜੇਕਰ ਅਜਿਹਾ ਹੈ ਤਾਂ ਰਾਜਾ ਵੜਿੰਗ ਉਨ੍ਹਾਂ ਦਾ ਫੋਨ ਆਪ੍ਰੇਟਰ ਲੱਗ ਜਾਵੇ।’’ ਇਸ ਮਗਰੋਂ ਰਾਜਾ ਵੜਿੰਗ ਨੇ ਬਿੱਟੂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਫੋਨ ਦੀ ਕਾਲ ਡਾਇਵਰਟ ’ਤੇ ਲਾ ਦੇਣ ਤਾਂ ਜੋ ਉਹ ਸਾਰੇ ਲੋਕਾਂ ਦੇ ਫੋਨ ਚੁੱਕ ਕੇ ਉਨ੍ਹਾਂ ਨੂੰ ਜਵਾਬ ਜ਼ਰੂਰ ਦੇ ਸਕਣ। ਦੋਵਾਂ ਆਗੂਆਂ ਦੀ ਜ਼ੁਬਾਨੀ ਜੰਗ ਨੇ ਚੋਣਾਂ ਦੇ ਮਾਹੌਲ ਵਿੱਚ ਕਾਫ਼ੀ ਗਰਮੀ ਲਿਆਂਦੀ ਹੋਈ ਹੈ।