ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ...
ਅਜੀਤ ਖੰਨਾ
“ਸਾਢੇ 5 ਫੁੱਟ ਦਾ ਕੱਦ, ਜੋ ਸਿੱਧਾ ਕੀਤਾ ਜਾ ਸਕੇ ਤਾਂ 6 ਫੁੱਟ ਦਾ ਹੋ ਜਾਏ, ਲੰਬੀਆਂ ਲੰਬੀਆਂ ਟੰਗਾ, ਪਤਲੀ ਜਿਹੀ ਕਮਰ, ਚੌੜੀ ਛਾਤੀ, ਚਿਹਰੇ ’ਤੇ ਚੇਚਕ ਦੇ ਦਾਗ਼, ਤਿੱਖਾ ਨੱਕ, ਸੋਹਣੀਆਂ ਅੱਖਾਂ, ਲੰਬੇ ਵਾਲ, ਜਿਸਮ ’ਤੇ ਕਮੀਜ਼, ਮੁੜੀ ਹੋਈ ਪਤਲੂਨ ਅਤੇ ਹੱਥ ਵਿੱਚ ਸਿਗਰਟਾਂ ਦਾ ਟਿਨ।” ਇਹ ਸੀ ਦੋਸਤ ਕੈਫੀ ਆਜ਼ਮੀ ਦੀ ਨਜ਼ਰ ਵਿੱਚ ਸਾਹਿਰ ਲੁਧਿਆਣਵੀ।
‘ਤਲਖ਼ੀਯਾਂ’ ਕਾਵਿ ਸੰਗ੍ਰਹਿ ਨਾਲ ਮਸ਼ਹੂਰ ਹੋਏ ਸਾਹਿਰ ਲੁਧਿਆਣਵੀ ਦਾ ਜਨਮ ਚੌਧਰੀ ਫਜ਼ਲ ਮੁਹੰਮਦ ਦੀ 11ਵੀਂ ਪਤਨੀ ਸਰਦਾਰ ਬੇਗ਼ਮ ਦੀ ਕੁੱਖੋਂ 8 ਮਾਰਚ 1921 ਨੂੰ ਲੁਧਿਆਣਾ ਵਿੱਚ ਹੋਇਆ। ਉਸ ਦਾ ਅਸਲ ਨਾਮ ਅਬਦੁਲ ਹਈ ਸੀ। ਉਸ ਦੇ ਮਾਪਿਆਂ ਦੇ ਰਿਸ਼ਤਿਆਂ ਵਿੱਚ ਸੁਖਾਵਾਂਪਣ ਨਾ ਹੋਣ ਕਰਕੇ ਅਬਦੁਲ ਹਈ ਦੇ ਜੀਵਨ ’ਤੇ ਅਸਰ ਪੈਣਾ ਸੁਭਾਵਿਕ ਸੀ। ਮਾ-ਪਿਓ ਅਲੱਗ ਰਹਿੰਦੇ ਸਨ ਅਤੇ ਅਬਦੁਲ ਆਪਣੀ ਮਾਂ ਨਾਲ ਰਹਿੰਦਾ ਸੀ।
ਦੁਨੀਯਾ ਨੇ ਤਜਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ
ਜੋ ਕੁਛ ਮੁਝੇ ਦੀਯਾ ਹੈ ਵੁਹ ਲੌਟਾ ਰਹਾ ਹੂੰ ਮੈਂ
ਉਸ ਦੇ ਸ਼ਾਇਰੀ ਰਾਹੀਂ ਬਿਆਨ ਇਹ ਜਜ਼ਬਾਤ ਅਸਲ ਹਕੀਕਤ ਦੇ ਬੇਹੱਦ ਨੇੜੇ ਸਨ। ਉਹ ਜਗੀਰਦਾਰਾਂ ਦਾ ਮੁੰਡਾ ਸੀ। ਬਚਪਨ ਦੇ ਕੁਝ ਵਰ੍ਹੇ ਚੰਗੇ ਗੁਜ਼ਰੇ, ਪਰ ਕੁਝ ਸਮੇਂ ਪਿੱਛੋਂ ਉਦੋਂ ਸਭ ਕੁਝ ਉਥਲ ਪੁਥਲ ਹੋ ਗਿਆ, ਜਦੋਂ ਉਸ ਦੇ ਮਾਪਿਆਂ ਵਿੱਚ ਅਣਬਣ ਹੋ ਗਈ ਤੇ ਉਸ ਨੂੰ ਦੋਵਾਂ ’ਚੋਂ ਇੱਕ ਨੂੰ ਚੁਣਨਾ ਪਿਆ। ਉਸ ਨੇ ਆਪਣੀ ਮਾਂ ਨੂੰ ਚੁਣਿਆ। ਉਸ ਨੂੰ ਤੰਗੀਆਂ ਤਰੁਸ਼ੀਆਂ ਦੀ ਅਸਲ ਹਕੀਕਤ ਬਾਰੇ ਵੀ ਗਿਆਨ ਹੋ ਗਿਆ। ਘਰੇਲੂ ਕਾਰਨਾਂ ਸਦਕਾ ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ ਘੋਰ ਨਫ਼ਰਤ ਹੋ ਗਈ ਤੇ ਉਹ ਬਾਗ਼ੀ ਹੋ ਗਿਆ।
ਅਬਦੁਲ ਹਈ ਨੇ 1937 ਵਿੱਚ ਦਸਵੀਂ ਕਲਾਸ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਹੋ ਗਿਆ। ਜਦੋਂ ਕਾਲਜ ਵਿੱਚ ਦਾਖਲਾ ਲਿਆ ਤਾਂ ਉਸ ਵਕਤ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੀ ਆਵਾਜ਼ ਫਿਜ਼ਾ ਵਿੱਚ ਪੂਰੀ ਤਰ੍ਹਾਂ ਗੂੰਜ ਰਹੀ ਸੀ। ਮਾਰਕਸਵਾਦੀ ਵਿਚਾਰਧਾਰਾ ਵੱਲ ਖਿੱਚਿਆ ਉਹ ਵਿਦਿਆਰਥੀ ਆਗੂ ਬਣ ਗਿਆ। ਉਸ ਦੀਆਂ ਰਚਨਾਵਾਂ ‘ਕਿਰਤੀ’ ਤੇ ਹੋਰਨਾਂ ਖੱਬੇ ਪੱਖੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਉਹ ਪ੍ਰੌਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿੱਚ ਹੈਦਰਾਬਾਦ ਵਿੱਚ ਹੋਈ ਤਰੱਕੀ ਪਸੰਦ ਲੇਖਕਾਂ ਦੀ ਕਾਨਫਰੰਸ ਵਿੱਚ ਉਹ ਪੰਜਾਬ ਤੋਂ ਸ਼ਾਮਲ ਹੋਣ ਵਾਲਾ ਇਕਲੌਤਾ ਮੈਂਬਰ ਸੀ। ਅਬਦੁਲ ਹਈ ਕਾਲਜ ਵਿੱਚ ਆਪਣੀ ਸ਼ਾਇਰੀ ਲਈ ਬਹੁਤ ਮਸ਼ਹੂਰ ਸੀ। ਪਹਿਲੇ ਸਾਲ ਹੀ ਉਸ ਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਅਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਫਿਰ ਉਹ ਲਾਹੌਰ ਦਿਆਲ ਸਿੰਘ ਕਾਲਜ ਵਿੱਚ ਦਾਖਲ ਹੋ ਗਿਆ, ਪਰ ਉੱਥੋਂ ਵੀ ਉਸ ਨੂੰ ਇਨਕਲਾਬੀ ਸ਼ਾਇਰੀ ਕਰਕੇ ਕੱਢ ਦਿੱਤਾ ਗਿਆ। ਉਸ ਪਿੱਛੋਂ ਉਹ ਇਸਲਾਮੀਆ ਕਾਲਜ ਲਾਹੌਰ ਵਿੱਚ ਦਾਖਲ ਹੋਇਆ, ਪਰ ਬੀਏ ਦੇ ਇਮਤਿਹਾਨ ਤੋਂ ਪਹਿਲਾਂ ਹੀ ਫਿਰ ਕਾਲਜ ਤੋਂ ਬਾਹਰ ਹੋ ਗਿਆ। ਉਹ ਲਗਭਗ 9 ਮਹੀਨੇ ਪਾਕਿਸਤਾਨ ਵਿੱਚ ਗੁਜ਼ਾਰਨ ਮਗਰੋਂ ਜੂਨ 1948 ਵਿੱਚ ਲਾਹੌਰ ਤੋਂ ਭੱਜ ਆਇਆ। ਅਬਦੁਲ ਹਈ ਨੂੰ ਸ਼ਾਇਰੀ ਦਾ ਸ਼ੌਕ ਸਕੂਲ ਸਮੇਂ ਤੋਂ ਹੀ ਸੀ ਜਿਸ ਵਿੱਚ ਕਾਲਜ ਦੇ ਸਾਹਿਤਕ ਮਾਹੌਲ ਨਾਲ ਹੋਰ ਨਿਖਾਰ ਆਇਆ।
ਅਬਦੁਲ ਹਈ ਨੇ ਜਦੋਂ ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਇਹ ਸ਼ਿਅਰ ਪੜਿ੍ਹਆ;
ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ ਸੈਂਕੜੋਂ
ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ
ਇਸ ਪਿੱਛੋਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ। ਉਸ ਦਾ ਅਸਲੀ ਨਾਂ ਅਬਦੁਲ ਹਈ ਘੱਟ ਲੋਕਾਂ ਨੂੰ ਹੀ ਪਤਾ ਸੀ। ਬਾਅਦ ਵਿੱਚ ਉਸ ਨੇ ਆਪਣੇ ਪੈਦਾਇਸ਼ੀ ਸ਼ਹਿਰ ਲੁਧਿਆਣੇ ਦਾ ਨਾਂ ਆਪਣੇ ਨਾਮ ਦਾ ਹਿੱਸਾ ਬਣਾ ਕੇ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। ਲਾਹੌਰ ਵਿੱਚ ਉਸ ਦਾ ਪ੍ਰਸਿੱਧ ਸ਼ਾਇਰਾਂ ਨਾਲ ਮੇਲ-ਜੋਲ ਹੋ ਗਿਆ। 1944 ਵਿੱਚ ਉਸ ਦੀ ਕਿਤਾਬ ‘ਤਲਖ਼ੀਯਾਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਿਆ। ਲਾਹੌਰ ਤੋਂ ਉਸ ਨੇ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਵੱਲ ਰੁਖ਼ ਕੀਤਾ। ਜਿੱਥੇ ਉਸ ਦੇ ਪੈਰ ਨਾ ਜੰਮੇ ਅਤੇ 14 ਅਗਸਤ 1947 ਨੂੰ ਦੇਸ਼ ਵੰਡਿਆ ਗਿਆ। ਲੁਧਿਆਣੇ ਤੋਂ ਉਸ ਦੀ ਮਾਂ ਨੂੰ ਉਸ ਦੇ ਦੋਸਤਾਂ ਨੇ ਲਾਹੌਰ ਭੇਜਿਆ। ਸਤੰਬਰ 1947 ਵਿੱਚ ਆਪਣੀ ਮਾਂ ਦੀ ਭਾਲ ਵਿੱਚ ਸਾਹਿਰ ਵੀ ਲਾਹੌਰ ਪਹੁੰਚ ਗਿਆ। ਉੱਥੇ ਉਹ ਕਮਿਊਨਿਸਟ ਰਸਾਲੇ ‘ਸਵੇਰਾ’ ਦਾ ਸੰਪਾਦਕ ਬਣ ਗਿਆ, ਪਰ ਜਦ ਉਸ ਦੀ ਗ੍ਰਿਫ਼ਤਾਰੀ ਦੇ ਵਰੰਟ ਨਿਕਲੇ ਤਾਂ ਜੂਨ 1948 ਵਿੱਚ ਸਾਹਿਰ ਆਪਣੀ ਮਾਂ ਸਣੇ ਮੁੜ ਮੁਬੰਈ ਪਰਤ ਗਿਆ। ਉੱਥੇ ਉਸ ਨੇ ਫਿਲਮੀ ਖੇਤਰ ਵਿੱਚ ਪੈਰ ਜਮਾਉਣ ਦੇ ਯਤਨ ਜਾਰੀ ਰੱਖੇ।
ਸਾਲ 1950 ਵਿੱਚ ਰਿਲੀਜ਼ ਹੋਈ ਫਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ ਜਿਸ ਤਰ੍ਹਾਂ ‘ਤਲਖ਼ੀਯਾਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ। ਉਸ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ। ਇੱਕ ਸੰਗੀਤ ਡਾਇਰੈਕਟਰ ਨੇ ਮਿਹਣਾ ਮਾਰਿਆ ਕਿ ਸਾਹਿਰ ਦੇ ਗੀਤ ਇਸ ਕਰਕੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਨੂੰ ਲਤਾ ਮੰਗੇਸ਼ਕਰ ਗਾਉਂਦੀ ਹੈ। ਸਾਹਿਰ ਬੜਾ ਅਣਖੀ ਸੀ। ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫਿਲਮ ਲਈ ਗੀਤ ਲਿਖੇਗਾ ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣ। ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ, ਪਰ ਮੁੱਖ ਤੌਰ ’ਤੇ ਉਹ ਨਜ਼ਮ ਦਾ ਸ਼ਾਇਰ ਸੀ। ਉਸ ਦੀਆਂ ਨਜ਼ਮਾਂ ਥੋੜ੍ਹੀਆਂ ਹਨ, ਪਰ ਇਨ੍ਹਾਂ ਦਾ ਪੱਧਰ ਬਹੁਤ ਉੱਚਾ ਹੈ। ਬਹੁਤੀਆਂ ਵਿੱਚ ਰੁਮਾਂਸ ਰਚਿਆ ਹੋਇਆ ਹੈ। ਕੁਝ ਵਿੱਚ ਇਨਕਲਾਬੀ ਰੰਗ ਹੈ। ਉਸ ਦੀ ਇੱਕੋ- ਇੱਕ ਲੰਮੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ।
ਹਿੰਦਾਂ ਫਿਲਮਾਂ ਲਈ ਉਸ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਗੀਤ ਲਿਖੇ ਜੋ ਹਿੱਟ ਰਹੇ। ਉਸ ਦੇ ਗੀਤਾਂ ਦਾ ਰਸ ਅੱਜ ਵੀ ਸੁਣਨ ਵਾਲਿਆਂ ਦੀ ਰੂਹ ਟੁੰਬ ਰਿਹਾ ਹੈ। ਹਿੰਦੀ ਫਿਲਮ ‘ਨਯਾ ਦੌਰ’ ਵਿੱਚ ਉਸ ਦਾ ਲਿਖਿਆ ਗੀਤ ‘ਆਨਾ ਹੈ ਤੋ ਆ’, ‘ਸਾਥੀ ਸਾਥ ਬੜਾਨਾ’ ਤੋਂ ਇਲਾਵਾ ‘ਜਾਨੇ ਕਯਾ ਤੂਨੇ ਕਹੀ’, ‘ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ’, ‘ਯਹ ਇਸ਼ਕ ਇਸ਼ਕ ਹੈ’, ‘ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ’, ‘ਅੱਲ੍ਹਾ ਤੇਰੇ ਨਾਮ ਈਸ਼ਵਰ ਤੇਰੇ ਨਾਮ’, ‘ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋ’, ‘ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ’ ਆਦਿ ਸੁਪਰਹਿੱਟ ਗੀਤ ਸਾਬਤ ਹੋਏ ਜੋ ਅੱਜ ਵੀ ਲੋਕਾਂ ਨੂੰ ਗੁਣਗੁਣਾਉਂਦੇ ਸੁਣਿਆ ਜਾ ਸਕਦਾ ਹੈ।
ਸਾਲ 1976 ਵਿੱਚ ਬਣੀ ਫਿਲਮ ‘ਕਭੀ ਕਭੀ ’ਚ’ ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’ ਅਤੇ ਇਸੇ ਫਿਲਮ ਦਾ ਹੀ ਗੀਤ ‘ਕਭੀ ਕਭੀ’ ਵੀ ਸਿਰੇ ਦੇ ਹਿੱਟ ਰਹੇ ਹਨ। ਇਸ ਤੋਂ ਬਿਨਾਂ ਹਮ ਦੋਨੋਂ ਫਿਲਮ ਦਾ ਗੀਤ ‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ’ ਵੀ ਬੜਾ ਪਸੰਦ ਕੀਤਾ ਗਿਆ। ਉਸ ਨੇ 30 ਵਰ੍ਹਿਆਂ ਵਿੱਚ 30 ਸੰਗੀਤਕਾਰਾਂ ਲਈ 106 ਤੋਂ ਵੱਧ ਹਿੰਦੀ ਫਿਲਮਾਂ ਲਈ ਗੀਤ ਲਿਖ ਕੇ ਰਿਕਾਰਡ ਬਣਾਇਆ। ਸਾਹਿਰ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਮੁਹੰਮਦ ਰਫੀ ਤੇ ਆਸ਼ਾ ਭੌਸਲੇ, ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਮਹਿੰਦਰ ਕਪੂਰ ਤੇ ਮੁਕੇਸ਼ ਕੁਮਾਰ ਸਮੇਤ ਸਾਰੀਆਂ ਚੋਟੀ ਦੀਆਂ ਗਾਇਕ ਹਸਤੀਆਂ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਉਸ ਨੇ ਫਿਲਮੀ ਗੀਤਾਂ ਨੂੰ ਤੁਕਬੰਦੀ ਦੇ ਪੱਧਰ ਤੋਂ ਚੁੱਕ ਕੇ ਸ਼ਾਇਰੀ ਦੀ ਸਤਹਿ ਤੱਕ ਲਿਆਂਦਾ। ਬਹੁਤੀਆਂ ਫਿਲਮਾਂ ਤਾਂ ਉਸ ਦੇ ਗੀਤਾਂ ਸਦਕਾ ਹੀ ਸਿਲਵਰ ਤੇ ਗੋਲਡਨ ਜੁਬਲੀ ਮਨਾ ਗਈਆਂ। 1956 ਵਿੱਚ ਬਣੀ ਫਿਲਮ ‘ਪਿਆਸਾ’ ਦੇ ਉਸ ਦੇ 22 ਦੇ 22 ਗੀਤ ਹੀ ਹਿੱਟ ਸਾਬਤ ਹੋਏ। ਫਿਲਮ ‘ਕਭੀ ਕਭੀ’ ਦੀ ਬੇਮਿਸਾਲ ਸਫਲਤਾ ’ਤੇ ਗ੍ਰਾਮੋ ਕੰਪਨੀ ਨੇ ਸਾਹਿਰ ਨੂੰ ਸੋਨੇ ਦੇ ਰਿਕਾਰਡ ਨਾਲ ਨਿਵਾਜਿਆ।
ਫਿਲਮ ‘ਨਯਾ ਦੌਰ’ ਵਿੱਚ ਪਹਿਲੀ ਵਾਰ ਸਾਹਿਰ ਵੱਲੋਂ ਲਿਖੀਆਂ ਪੰਜਾਬੀ ਬੋਲੀਆਂ ਤੇ ਟੱਪੇ ਪੇਸ਼ ਕੀਤੇ ਗਏ। ਫਿਲਮ ‘ਕਾਲਾ ਪੱਥਰ’ ਵਿੱਚ ਪ੍ਰੀਕਸ਼ਿਤ ਸਾਹਨੀ ’ਤੇ ਫਿਲਮਾਇਆ ਗੀਤ ‘ਇਸ਼ਕ ਔਰ ਮੁਸ਼ਕ ਕਦੇ ਨਾ ਛੁਪਦੇ,ਚਾਹੇ ਲੱਖ ਛੁਪਾਈਏ’ ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹੈ। ਉਸ ਪਿੱਛੋਂ ਬਹੁਤੀਆਂ ਪ੍ਰਸਿੱਧ ਹਿੰਦੀ ਫਿਲਮਾਂ ਵਿੱਚ ਪੰਜਾਬੀ ਗੀਤ ਸ਼ਾਮਲ ਕਰਨ ਦਾ ਰੁਝਾਨ ਅੱਜ ਤੱਕ ਕਾਇਮ ਹੈ। ਸਾਹਿਰ ਦੀ ਕਲਮ ਤੋਂ ਉੱਕਰੇ ਬਹੁਤ ਸਾਰੇ ਗੀਤਾਂ ਨੇ ਕਈ ਬੇਨਾਮ ਸੰਗੀਤਕਾਰਾਂ ਨੂੰ ਕਾਮਯਾਬੀ ਦੇ ਮੁਕਾਮ ’ਤੇ ਪਹੁੰਚਾਇਆ ਤੇ ਕਈ ਗਾਇਕਾਂ ਨੂੰ ਮਸ਼ਹੂਰ ਕਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ। ਸੁਧਾ ਮਲਹੋਤਰਾ ਤੇ ਖ਼ਿਆਮ ਇਸ ਦੀਆਂ ਮਿਸਾਲਾਂ ਹਨ।
ਸਰਕਾਰ ਨੇ 1971 ਵਿੱਚ ਸਾਹਿਰ ਲੁਧਿਆਣਵੀ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਬਿਨਾਂ 1964 ਅਤੇ 1977 ਵਿੱਚ ਫਿਲਮਾਂ ਨਾਲ ਸਬੰਧਿਤ ਐਵਾਰਡ ਪ੍ਰਾਪਤ ਹੋਏ। ਭਾਰਤ ਦੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ 8 ਮਾਰਚ 2013 ਨੂੰ ਸਾਹਿਰ ਦੀ ਜਨਮ ਸ਼ਤਾਬਦੀ ’ਤੇ ਯਾਦਗਾਰੀ ਸਟੈਂਪ ਵੀ ਜਾਰੀ ਕੀਤੀ ਗਈ। ਅਖੀਰ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਨਾਲ ਉਹ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ।
ਸਾਹਿਰ ਲੁਧਿਆਣਵੀ ਦੇ ਜੀਵਨ ਨਾਲ ਜੁੜੇ ਇੱਕ ਕਿੱਸੇ ਦਾ ਪਾਠਕਾਂ ਨਾਲ ਜ਼ਿਕਰ ਕਰਨਾ ਜ਼ਰੂਰੀ ਹੈ। ਇੱਕ ਵਾਰ ਉਹ ਕਾਰ ਵਿੱਚ ਲੁਧਿਆਣੇ ਆ ਰਿਹਾ ਸੀ ਤਾਂ ਮਸ਼ਹੂਰ ਨਾਵਲਕਾਰ ਕ੍ਰਿਸ਼ਨ ਚੰਦਰ ਵੀ ਉਸ ਦੇ ਨਾਲ ਸੀ। ਸ਼ਿਵਪੁਰੀ ਦੇ ਨੇੜੇ ਡਾਕੂ ਮਾਨ ਸਿੰਘ ਨੇ ਉਨ੍ਹਾਂ ਦੀ ਕਾਰ ਰੋਕ ਕੇ ਉਸ ਵਿੱਚ ਸਵਾਰ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਜਦੋਂ ਸਾਹਿਰ ਨੇ ਦੱਸਿਆ ਕਿ ਉਸ ਨੇ ਡਾਕੂਆਂ ਦੇ ਜੀਵਨ ’ਤੇ ਬਣੀ ਫਿਲਮ ‘’ਮੁਝੇ ਜੀਨੇ ਦੋ’ ਦੇ ਗੀਤ ਲਿਖੇ ਸਨ ਤਾਂ ਡਾਕੂਆਂ ਨੇ ਉਸ ਨੂੰ ਤੁਰੰਤ ਛੱਡ ਦਿੱਤਾ। ਇੰਨੀ ਸਫਲਤਾ ਪ੍ਰਾਪਤ ਕਰਨ ’ਤੇ ਵੀ ਸਾਹਿਰ ਲੁਧਿਆਣਵੀ ਨੂੰ ਅੱਜ ਤੱਕ ਕੋਈ ਢੁੱਕਵੀਂ ਯਾਦਗਾਰ ਨਸੀਬ ਨਹੀਂ ਹੋ ਸਕੀ ਜੋ ਉਸ ਦੇ ਚਾਹੁਣ ਵਾਲਿਆਂ ਨੂੰ ਬਹੁਤ ਦੁਖੀ ਕਰਦੀ ਹੈ।
ਸੰਪਰਕ: 85448-54669