ਮੈਂ 200 ਦੌੜਾਂ ਤੱਕ ਪੁੱਜਣ ਬਾਰੇ ਸੋਚ ਰਿਹਾ ਸੀ ਤੇ ਮੈਕਸਵੈੱਲ ਜਿੱਤਣ ਬਾਰੇ: ਆਸਟਰੇਲਿਆਈ ਕਪਤਾਨ
ਮੁੰਬਈ, 8 ਨਵੰਬਰ
ਆਸਟਰੇਲੀਆ ਦੀਆਂ 91 ਦੌੜਾਂ ’ਤੇ ਸੱਤ ਵਿਕਟਾਂ ਡਿੱਗਣ ਮਗਰੋਂ ਜਦੋਂ ਕਪਤਾਨ ਪੈਟ ਕਮਿੰਸ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦਾ ਟੀਚਾ ਕਿਸੇ ਤਰ੍ਹਾਂ 200 ਦੌੜਾਂ ਤੱਕ ਪਹੁੰਚਾਉਣਾ ਸੀ ਤਾਂ ਕਿ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਤੋਂ ਪਹਿਲਾਂ ਰਨ ਔਸਤ ਬਿਹਤਰ ਰਹੇ ਪਰ ਗਲੇਨ ਮੈਕਸਵੈੱਲ ਦੇ ਮਨ ਵਿਚ ਕੁਝ ਹੋਰ ਸੀ। ਆਸਟਰੇਲੀਆਈ ਕਪਤਾਨ ਨੇ ਦੂਜੇ ਸਿਰੇ ਤੋਂ 'ਇਕ ਦਿਨਾਂ ਕ੍ਰਿਕਟ ਦੀ ਸਰਵੋਤਮ ਪਾਰੀ' ਦੇਖੀ। ਮੈਕਸਵੈੱਲ 128 ਗੇਂਦਾਂ 'ਚ 201 ਦੌੜਾਂ ਬਣਾ ਕੇ ਅਜੇਤੂ ਰਿਹਾ ਤੇ ਆਪਣੀ ਟੀਮ ਨੂੰ ਸੈਮੀਫਾਈਨਲ 'ਚ ਲੈ ਗਿਆ। ਕਮਿੰਸ ਨੇ ਮੈਚ ਤੋਂ ਬਾਅਦ ਕਿਹਾ, ‘ਜਦੋਂ ਮੈਂ ਕ੍ਰੀਜ਼ 'ਤੇ ਆਇਆ ਤਾਂ ਮੇਰੇ ਦਿਮਾਗ 'ਚ ਸੀ ਕਿ ਕਿਸੇ ਤਰ੍ਹਾਂ ਮੈਂ ਰਨ ਔਸਤ ਲਈ 200 ਦੌੜਾਂ ਬਣ ਜਾਣ।, ਜਦੋਂ ਮੈਕਸਵੈੱਲ ਸੈਂਕੜਾ ਮਾਰਿਆ ਤਾਂ ਮੈਨੂੰ ਲੱਗਾ ਕਿ ਸਾਨੂੰ 120 ਦੌੜਾਂ ਹੋਰ ਬਣਾਉਣੀਆਂ ਹਨ ਪਰ ਜਿੱਤ ਦਾ ਖਿਆਲ ਮੇਰੇ ਦਿਮਾਗ 'ਚ ਨਹੀਂ ਸੀ। ਮੈਕਸਵੈੱਲ ਥੋੜ੍ਹਾ ਵੱਖਰਾ ਹੈ। ਉਹ ਹਮੇਸ਼ਾ ਜਿੱਤਣ ਲਈ ਖੇਡਦਾ ਹੈ। ਮੈਂ ਕਿਸੇ ਤਰ੍ਹਾਂ 200 ਤੱਕ ਪਹੁੰਚਣ ਬਾਰੇ ਸੋਚ ਰਿਹਾ ਸੀ ਪਰ ਉਹ ਜਿੱਤਣ ਲਈ ਬੇਤਾਬ ਸੀ। ਆਸਟਰੇਲੀਆ ਦੇ 250 ਦੌੜਾਂ 'ਤੇ ਪਹੁੰਚਣ ਤੋਂ ਬਾਅਦ ਮੈਨੂੰ ਲੱਗਾ ਕਿ ਕੋਈ ਚਮਤਕਾਰ ਹੋ ਸਕਦਾ ਹੈ।’