For the best experience, open
https://m.punjabitribuneonline.com
on your mobile browser.
Advertisement

ਝਾਰਖੰਡ ਦੇ ਮੁੱਖ ਮੰਤਰੀ ਵਜੋਂ ਮੇਰਾ ਅਪਮਾਨ ਹੋਇਆ: ਚੰਪਈ ਸੋਰੇਨ

07:06 AM Aug 19, 2024 IST
ਝਾਰਖੰਡ ਦੇ ਮੁੱਖ ਮੰਤਰੀ ਵਜੋਂ ਮੇਰਾ ਅਪਮਾਨ ਹੋਇਆ  ਚੰਪਈ ਸੋਰੇਨ
Advertisement

ਰਾਂਚੀ, 18 ਅਗਸਤ
ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਆਗੂ ਤੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸਾਂ ਦਰਮਿਆਨ ਅੱਜ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੂੰ ‘ਵੱਡੇ ਤ੍ਰਿਸਕਾਰ’ ਦਾ ਸਾਹਮਣਾ ਕਰਨਾ ਪਿਆ। ਸੋਰੇਨ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਬਦਲਵਾਂ ਰਾਹ ਚੁਣਨ ਲਈ ਮਜਬੂਰ ਹਨ। ਚੰਪਈ ਸੋਰੇਨ ਨੇ ਇਹ ਬਿਆਨ ਦਿੱਲੀ ਪੁੱਜਣ ਤੋਂ ਕੁਝ ਘੰਟਿਆਂ ਮਗਰੋਂ ਅਜਿਹੇ ਮੌਕੇ ਦਿੱਤਾ ਜਦੋਂ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ 3 ਜੁਲਾਈ ਨੂੰ ਉਨ੍ਹਾਂ ਨੂੰ ਦੱਸੇ ਬਗੈਰ ਹੀ ਉਨ੍ਹਾਂ ਦੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਚੰਪਈ ਸੋਰੇਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘ਜਦੋਂ ਮੈਂ ਪ੍ਰੋਗਰਾਮ ਰੱਦ ਕੀਤੇ ਜਾਣ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਮੈਨੂੰ ਦੱਸਿਆ ਗਿਆ ਕਿ 3 ਜੁਲਾਈ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ ਹੈ ਤੇ ਉਦੋਂ ਤੱਕ ਮੈਂ ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਦਾ।’’ ਉਨ੍ਹਾਂ ਕਿਹਾ, ‘‘ਕੀ ਜਮਹੂਰੀਅਤ ਵਿਚ ਇਸ ਤੋਂ ਵੱਡਾ ਕੋਈ ਅਪਮਾਨ ਹੋ ਸਕਦਾ ਹੈ ਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਕਿਸੇ ਦੂਜੇ ਵਿਅਕਤੀ ਵੱਲੋਂ ਰੱਦ ਕਰ ਦਿੱਤਾ ਜਾਵੇ।’’ ਸੋਰੇਨ ਨੇ ਕਿਹਾ, ‘‘ਬੈਠਕ ਦੌਰਾਨ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ। ਕਿਉਂ ਜੋ ਮੈਨੂੰ ਸੱਤਾ ਦੀ ਕੋਈ ਚਾਹਤ ਨਹੀਂ ਸੀ, ਮੈਂ ਫੌਰੀ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਮੇਰੇ ਸਵੈ-ਮਾਣ ਨੂੰ ਸੱਟ ਵੱਜੀ। ਪਰ ਉਸ ਨੂੰ (ਮੁੱਖ ਮੰਤਰੀ ਹੇਮੰਤ ਸੋਰੇਨ) ਨੂੰ ਸ਼ਾਇਦ ਆਪਣੀ ਕੁਰਸੀ ਦੀ ਫ਼ਿਕਰ ਸੀ।’’ ਸੋਰੇਨ ਨੇ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਨੂੰ ਕਈ ਵਾਰ ਬੇਇੱਜ਼ਤ ਕੀਤਾ ਗਿਆ, ਹਾਲਾਂਕਿ ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਸੋਰੇਨ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਉਨ੍ਹਾਂ ਦੀ ਨਿੱਜੀ ਲੜਾਈ ਹੈ ਤੇ ਉਨ੍ਹਾਂ ਦਾ ਪਾਰਟੀ ਦੇ ਕਿਸੇ ਮੈਂਬਰ ਜਾਂ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਸ਼ਿਬੂ ਸੋਰੇਨ ਨਾਸਾਜ਼ ਸਿਹਤ ਕਰਕੇ ਸਰਗਰਮ ਸਿਆਸਤ ਤੋਂ ਦੂਰ ਹਨ, ‘‘ਜੇ ਉਹ ਠੀਕ ਹੁੰਦੇ ਤਾਂ ਗੱਲ ਹੀ ਕੁਝ ਹੋਰ ਹੁੰਦੀ।’’ ਚੇਤੇ ਰਹੇ ਕਿ ਚੰਪਈ ਸੋਰੇਨ ਨੇ ਅੱਜ ਦਿਨੇਂ ਦਿੱਲੀ ਪੁੱਜਣ ’ਤੇ ਦਾਅਵਾ ਕੀਤਾ ਸੀ ਕਿ ਉਹ ਕਿਸੇ ਭਾਜਪਾ ਆਗੂ ਨੂੰ ਨਹੀਂ ਮਿਲੇ ਤੇ ‘ਨਿੱਜੀ’ ਫੇਰੀ ਲਈ ਕੌਮੀ ਰਾਜਧਾਨੀ ਆਏ ਹਨ। ਉਧਰ ਚੰਪਈ ਸੋਰੇਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸਾਂ ਦਰਮਿਆਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਾਜਪਾ ’ਤੇ ਵਿਧਾਇਕਾਂ ਦੀ ‘ਖਰੀਦੋ ਫਰੋਖ਼ਤ’ ਤੇ ‘ਸਮਾਜ ਵਿਚ ਵੰਡੀਆਂ’ ਪਾਉਣ ਦਾ ਦੋਸ਼ ਲਾਇਆ ਹੈ। ਝਾਰਖੰਡ ਦੇ ਗੌਡਾ ਵਿਚ ਸਰਕਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਹੇਮੰਤ ਸੋਰੇਨ ਨੇ ਦਾਅਵਾ ਕੀਤਾ ਕਿ ਭਾਜਪਾ ‘ਆਦਿਵਾਸੀਆਂ, ਦਲਿਤਾਂ, ਪੱਛੜੀਆਂ ਜਾਤਾਂ ਤੇ ਘੱਟਗਿਣਤੀਆਂ ਦਰਮਿਆਨ ਜ਼ਹਿਰ ਫੈਲਾਉਣ ਲਈ ਗੁਜਰਾਤ, ਅਸਾਮ ਤੇ ਮਹਾਰਾਸ਼ਟਰ ਤੋਂ ਲੋਕਾਂ ਨੂੰ ਲੈ ਕੇ ਆਈ ਤੇ ਉਨ੍ਹਾਂ ਨੂੰ ਇਕ ਦੂਜੇ ਖਿਲਾਫ਼ ਲੜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਸਮਾਜ ਨੂੰ ਭੁੁੱਲ ਜਾਓ, ਇਹ ਲੋਕ ਪਰਿਵਾਰਾਂ ਤੇ ਪਾਰਟੀਆਂ ਤੋੜਨ ਦਾ ਕੰਮ ਕਰਦੇ ਹਨ। ਉਹ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਦੇ ਹਨ। ਪੈਸਾ ਅਜਿਹੀ ਚੀਜ਼ ਹੈ ਕਿ ਸਿਆਸਤਦਾਨਾਂ ਨੂੰ ਇਧਰ ਤੋਂ ਉਧਰ ਜਾਣ ਵਿਚ ਬਹੁਤਾ ਸਮਾਂ ਨਹੀਂ ਲੱਗਦਾ।’’ ਹੇਮੰਤ ਸੋਰੇਨ ਨੇ ਕਿਹਾ ਕਿ ਝਾਰਖੰਡ ਵਿਚ ਅਸੈਂਬਲੀ ਚੋਣਾਂ ਇਸੇ ਸਾਲ ਹੋਣੀਆਂ ਹਨ, ਪਰ ਚੋਣ ਪ੍ਰੋਗਰਾਮ ਬਾਰੇ ਫੈਸਲਾ ‘‘ਚੋਣ ਕਮਿਸ਼ਨ ਵੱਲੋਂ ਨਹੀਂ ਬਲਕਿ ਸੂਬੇ ਦੀ ਵਿਰੋਧੀ ਪਾਰਟੀ ਵੱਲੋਂ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਜਾਪਦਾ ਹੈ ਕਿ ਚੋਣ ਕਮਿਸ਼ਨ ਹੁਣ ਸੰਵਿਧਾਨਕ ਸੰਸਥਾ ਨਹੀਂ ਰਿਹਾ, ਕਿਉਂਕਿ ਇਸ ਉੱਤੇ ਹੁਣ ਭਾਜਪਾ ਦੇ ਲੋਕਾਂ ਦਾ ਕਬਜ਼ਾ ਹੈ।’’ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਉਨ੍ਹਾਂ (ਭਾਜਪਾ) ਨੂੰ ਚੁਣੌਤੀ ਦਿੰਦਾ ਹਾਂ ਕਿ ਜੇ ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਭਲਕੇ ਉਨ੍ਹਾਂ ਦਾ ਝਾਰਖੰਡ ’ਚੋਂ ਸਫਾਇਆ ਹੋ ਜਾਵੇਗਾ।’’ -ਪੀਟੀਆਈ

Advertisement

ਚੰਪਈ ਦੇ ਭਾਜਪਾ ’ਚ ਜਾਣ ਨਾਲ ‘ਇੰਡੀਆ’ ਗੱਠਜੋੜ ਨੂੰ ਕੋਈ ਨੁਕਸਾਨ ਨਹੀਂ: ਕਾਂਗਰਸ

ਜਮਸ਼ੇਦਪੁਰ: ਕਾਂਗਰਸ ਆਗੂ ਅਜੋਏ ਕੁਮਾਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਝਾਰਖੰਡ ਮੁਕਤੀ ਮੋਰਚਾ ਦੇ ਸੀਨੀਅਰ ਆਗੂ ਚੰਪਈ ਸੋਰੇਨ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ‘ਇੰਡੀਆ’ ਗੱਠਜੋੜ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਕੁਮਾਰ ਨੇ ਕਿਹਾ ਕਿ ਜੇ ਸੋਰੇਨ ਪਾਰਟੀ ਬਦਲਦੇ ਹਨ ਤਾਂ ਇਸ ਨਾਲ ਸੂਬੇ ਵਿਚ ਭਾਜਪਾ ਆਗੂਆਂ ਦਰਮਿਆਨ ਹੀ ਦਰਾਰ ਵਧੇਗੀ। ਕਾਂਗਰਸ ਆਗੂ ਨੇ ਕਿਹਾ, ‘‘ਜੇ ਚੰਪਈ ਸੋਰੇਨ ਭਾਜਪਾ ਵਿਚ ਸ਼ਾਮਲ ਹੁੰਦੇ ਹਨ ਤਾਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਤੇ ਅਰਜੁਨ ਮੁੰਡਾ ਕਿੱਥੇ ਜਾਣਗੇ? ਭਾਜਪਾ ਸ਼ਾਇਦ ਸੀਨੀਅਰ ਕਬਾਇਲੀ ਆਗੂਆਂ ਨੂੰ ਬਾਹਰ ਦਾ ਰਾਹ ਦਿਖਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਭਾਜਪਾ ਨੂੰ ਆਪਣੇ ਆਗੂਆਂ ਦਾ ਨਿਰਾਦਰ ਕਰਨ ਦੀ ਆਦਤ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement