ਪਰਿਵਾਰ ਦੀ ਨਿੱਜਤਾ ਯਕੀਨੀ ਬਣਾਉਣਾ ਚਾਹੁੰਦੇ ਸਾਂ: ਖੇੜਾ
ਨਵੀਂ ਦਿੱਲੀ, 30 ਦਸੰਬਰ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਯਮੁਨਾ ’ਚ ਜਲ ਪ੍ਰਵਾਹ ਕਰਨ ਮੌਕੇ ਕਿਸੇ ਕਾਂਗਰਸੀ ਆਗੂ ਦੇ ਮੌਜੂਦ ਨਾ ਹੋਣ ’ਤੇ ਭਾਜਪਾ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਕਿਹਾ ਹੈ ਕਿ ਪਾਰਟੀ ਪਰਿਵਾਰ ਦੀ ਨਿੱਜਤਾ ਯਕੀਨੀ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਸਸਕਾਰ ਮਗਰੋਂ ਸੀਨੀਅਰ ਆਗੂ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਰਿਵਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ,‘ਪਰਿਵਾਰ ਨਾਲ ਗੱਲਬਾਤ ਮਗਰੋਂ ਇਹ ਗੱਲ ਮਹਿਸੂਸ ਕੀਤੀ ਗਈ ਕਿ ਪਰਿਵਾਰ ਨੂੰ ਸਸਕਾਰ ਸਮੇਂ ਨਿੱਜਤਾ ਨਹੀਂ ਮਿਲ ਸਕੀ ਸੀ ਤੇ ਕਈ ਨੇੜਲੇ ਪਰਿਵਾਰਕ ਮੈਂਬਰ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਸਨ, ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਫੁੱਲ ਚੁਗਣ ਤੇ ਜਲ ਪ੍ਰਵਾਹ ਕਰਨ ਦੀ ਰਸਮ ਮੌਕੇ ਉਨ੍ਹਾਂ ਨੂੰ ਇਹ ਨਿੱਜਤਾ ਦੇਣਾ ਉਚਿਤ ਹੋਵੇਗਾ।’ -ਪੀਟੀਆਈ
ਅੰਤਿਮ ਅਰਦਾਸ ਤੇ ਕੀਰਤਨ 3 ਨੂੰ
ਇਸ ਦੌਰਾਨ ਵੱਖਰੀ ਜਾਣਕਾਰੀ ਮੁਤਾਬਕ ਸਿੱਖ ਪਰੰਪਰਾ ਮੁਤਾਬਕ ਪਰਿਵਾਰ ਵੱਲੋਂ ਮੋਤੀਲਾਲ ਨਹਿਰੂ ਮਾਰਗ ’ਤੇ ਸਥਿਤ ਸਰਕਾਰੀ ਰਿਹਾਇਸ਼ ’ਤੇ ਨਵੇਂ ਸਾਲ ’ਚ ਪਹਿਲੀ ਜਨਵਰੀ ਤੋਂ ਅਖੰਡ ਪਾਠ ਰਖਵਾਇਆ ਜਾਵੇਗਾ। ਇਸ ਮਗਰੋਂ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਕੀਰਤਨ 3 ਜਨਵਰੀ ਨੂੰ ਸੰਸਦ ਕੰਪਲੈਕਸ ਨੇੜੇ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਵੇਗਾ। ਡਾ. ਮਨਮੋਹਨ ਸਿੰਘ ਦਾ ਬੀਤੀ 26 ਦਸੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 92 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। -ਪੀਟੀਆਈ