For the best experience, open
https://m.punjabitribuneonline.com
on your mobile browser.
Advertisement

ਚਿੱਤ ਕਰਦੈ ਇੱਕ ਦੰਦੀ ਵੱਢਾਂ...

10:45 PM Jun 29, 2023 IST
ਚਿੱਤ ਕਰਦੈ ਇੱਕ ਦੰਦੀ ਵੱਢਾਂ
Advertisement

ਸੰਜੀਵ ਕੁਮਾਰ ਸ਼ਰਮਾ

Advertisement

ਮਨੁੱਖ ਦੀ ਸਿਰਜਣਾ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ। ਮਨੁੱਖ ਨੂੰ ਮਨੁੱਖ ਨਾਲ ਜੋੜਨ ਲਈ ਬਹੁਤ ਹੀ ਪਿਆਰੀਆਂ ਅਤੇ ਸੂਖਮ ਤੰਦਾਂ ਹਨ ਜਿਨ੍ਹਾਂ ਨੂੰ ਰਿਸ਼ਤੇ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਕੁਝ ਰਿਸ਼ਤੇ ਮਨੁੱਖ ਦੇ ਜਨਮ ਨਾਲ ਹੀ ਜੁੜ ਜਾਂਦੇ ਹਨ ਜਿਵੇਂ ਮਾਤਾ-ਪਿਤਾ, ਭੈਣ-ਭਰਾ ਆਦਿ, ਤੇ ਕੁਝ ਰਿਸ਼ਤੇ ਉਸ ਦੇ ਸਮਾਜ ਵਿਚ ਵਿਚਰਨ, ਮੇਲ-ਮਿਲਾਪ ਨਾਲ ਬਣਦੇ ਹਨ ਜਿਵੇਂ ਦੋਸਤ-ਮਿੱਤਰ, ਪਤੀ-ਪਤਨੀ ਆਦਿ। ਇਨ੍ਹਾਂ ਵਿਚੋਂ ਕੁਝ ਰਿਸ਼ਤੇ ਬਹੁਤ ਖੂਬਸੂਰਤ ਹੁੰਦੇ ਹਨ ਜਿਨ੍ਹਾਂ ਦੇ ਸਿਰਫ ਹੋਣ ਦੇ ਨਾਲ ਹੀ ਜ਼ਿੰਦਗੀ ਪਲਾਂ ਵਿਚ ਬੀਤਦੀ ਜਾਪਦੀ ਹੈ ਪਰ ਕੁਝ ਰਿਸ਼ਤੇ ਸੂਲਾਂ ਵਾਂਗ ਹੁੰਦੇ ਹਨ ਜਿਹੜੇ ਸਮਾਜਿਕ ਹੱਦਾਂ ਨੂੰ ਧਿਆਨ ਵਿਚ ਰੱਖ ਕੇ ਸਿਰਫ ਨਿਭਾਉਣੇ ਪੈਂਦੇ ਹਨ।

Advertisement

ਇਸੇ ਲਈ ਰਿਸ਼ਤਿਆਂ ਨੂੰ ਨਿਰਸੁਆਰਥ ਭਾਵ ਨਾਲ ਸਹੇਜ ਕੇ, ਹੰਕਾਰ ਤੋਂ ਬਚਾ ਕੇ, ‘ਮੈਂ’ ਜਾਂ ‘ਮੇਰਾ’ ਤੋਂ ਦੂਰ ਰੱਖ ਕੇ ਸੰਭਾਲਿਆ ਜਾਂਦਾ ਹੈ। ‘ਮੈਂ’ ਜਾਂ ‘ਮੇਰਾ’ ਆ ਜਾਣ ਨਾਲ ਰਿਸ਼ਤੇ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ।

ਰਿਸ਼ਤਿਆਂ ਵਿਚ ਇਮਾਨਦਾਰੀ, ਵਿਸ਼ਵਾਸ, ਭਾਵੁਕਤਾ, ਸਤਿਕਾਰ ਅਤੇ ਆਤਮ-ਸਮਰਪਣ ਦੀ ਭਾਵਨਾ ਵਰਗੀਆਂ ਬੁਨਿਆਦੀ ਗੱਲਾਂ ਬਾਰੇ ਮੈਂ ਬਚਪਨ ਤੋਂ ਹੀ (ਇਨ੍ਹਾਂ ਸ਼ਬਦਾਂ ਦੇ ਸਹੀ ਮਾਇਨੇ ਵੀ ਜਦੋਂ ਮੈਂ ਨਹੀਂ ਸਾਂ ਸਮਝਦਾ) ਭਾਪਾ ਜੀ ਤੋਂ ਸਿੱਖਦਾ ਆਇਆ ਹਾਂ ਅਤੇ ਹਮੇਸ਼ਾ ਇਨ੍ਹਾਂ ਨੂੰ ਦਿਲੋਂ ਅਪਣਾਇਆ ਤੇ ਆਪਣੇ ਅੰਦਰ ਉਤਾਰਿਆ ਹੈ। ਕਿੱਸੇ-ਕਹਾਣੀਆਂ ਤੇ ਬਾਤਾਂ ਰਾਹੀਂ ਉਹ ਹਮੇਸ਼ਾ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਦੱਸਦੇ ਰਹਿੰਦੇ। ਉਹ ਦੱਸਦੇ ਕਿ ਕਿਸੇ ਵੀ ਰਿਸ਼ਤੇ ਨੂੰ ਸਾਂਭ ਕੇ ਰੱਖਣ ਲਈ ਇੱਕ-ਦੂਜੇ ਦੀ ਪਸੰਦ ਨਾ-ਪਸੰਦ, ਇੱਛਾਵਾਂ ਦਾ ਧਿਆਨ ਰੱਖੋ। ਉਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦਿਓ ਜਿਹੜੀਆਂ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਕਰ ਸਕਦੀਆਂ ਹਨ। ਗੁਰੂ-ਵਾਕ ਅਨੁਸਾਰ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਦੂਜੇ ਦਾ ਪੱਖ ਨਿਮਰਤਾ ਨਾਲ ਸੁਣਨ ਅਤੇ ਆਪਣਾ ਪੱਖ ਰੱਖਣ ਦੀ ਸਿੱਖਿਆ ਦਿੰਦੇ ਅਤੇ ਰਿਸ਼ਤਿਆਂ ਵਿਚ ਮਿਠਾਸ ਬਣਾ ਕੇ ਰੱਖਣ ਦੇ ਮਹੱਤਵ ਨੂੰ ਸਮਝਾਉਂਦੇ। ਇਸੇ ਕਰ ਕੇ ਜਿਹੜੇ ਵੀ ਰਿਸ਼ਤੇ ਮੈਂ ਬਣਾਏ, ਉਹ ਹਮੇਸ਼ਾ ਸਹੇਜ ਕੇ ਰੱਖੇ, ਤਨੋਂ-ਮਨੋਂ ਨਿਭਾਏ। ਫਿਰ ਭਾਵੇਂ ਉਹ ਰਿਸ਼ਤੇ ਖੂਨ ਦੇ ਹੋਣ ਜਾਂ ਸਮਾਜ ਵਿਚ ਵਿਚਰਨ ਅਤੇ ਮੇਲ-ਮਿਲਾਪ ਵਾਲੇ।

ਪਿਛਲੇ ਕੁਝ ਸਮੇਂ ਤੋਂ ਦਹਾਕਿਆਂ ਪੁਰਾਣੇ, ਆਪਣੀ ਜਾਨ ਤੋਂ ਵੀ ਵੱਧ ਪਿਆਰੇ ਰਿਸ਼ਤੇ, ਜਿਸ ਨੂੰ ਸੰਭਾਲ ਕੇ ਰੱਖਣ ਲਈ ਮੈਨੂੰ ਲੋੜ ਨਾਲੋਂ ਕਿਤੇ ਵੱਧ ਸਮਝੌਤੇ ਆਪਣੇ ਅਸੂਲਾਂ ਨਾਲ ਕਰਨੇ ਪਏ, ਨੇ ਆਪਣੇ ਸੁਆਰਥੀ ਰੰਗ ਦਿਖਾ ਦਿੱਤੇ। ਇਕੱਠਿਆਂ ਬੈਠਣਾ-ਉੱਠਣਾ, ਖਾਣਾ-ਪੀਣਾ, ਪਰਿਵਾਰਕ ਗੱਲਾਂ ਸਾਂਝੀਆਂ ਕਰਨਾ; ਭਾਵ, ਬਹੁਤ ਹੀ ਨੇੜਤਾ ਵਾਲਾ ਰਿਸ਼ਤਾ। ਇਸ ਰਿਸ਼ਤੇ ਦੀਆਂ ਤੰਦਾਂ ਜੋੜ ਕੇ ਰੱਖਣ ਲਈ ਮੈਂ ਅਨੇਕਾਂ ਵਾਰੀ ਉਸ ਦੇ ਤਾਨਾਸ਼ਾਹੀ ਰਵੱਈਏ ਨੂੰ ਵੀ ਨਜ਼ਰ-ਅੰਦਾਜ਼ ਕੀਤਾ, ਉਸ ਦੀਆਂ ਇੱਛਾਵਾਂ ਅਨੁਸਾਰ ਆਪਣੇ ਆਪ ਨੂੰ ਢਾਲਦਾ ਰਿਹਾ। ਬਹੁਤ ਵਾਰ ਲਗਦਾ ਕਿ ਇਹ ਰਿਸ਼ਤਾ ਇੱਕਪਾਸੜ ਹੈ। ਕਿਉਂ ਮੈਨੂੰ ਹੀ ਹਰ ਵਾਰ ਉਸ ਦੀ ਗੱਲ ਨੂੰ ਤਵੱਜੋ ਦੇਣੀ ਪੈਂਦੀ ਹੈ? ਕਿਉਂ ਇਹ ਕਦੇ ਵੀ ਉਲਟ ਨਹੀਂ ਹੁੰਦਾ? ਕਦੇ ਕਿਸੇ ਗੱਲ ‘ਤੇ ਵਾਦ-ਵਿਵਾਦ ਹੋ ਜਾਂਦਾ ਤਾਂ ਗਲਤੀ ਨਾ ਹੋਣ ‘ਤੇ ਵੀ ਮੈਂ ਹੀ ਨਿਵਦਾ। ਹਰ ਵੇਲੇ ਮਦਦ ਕਰਨ ਲਈ ਤਤਪਰ ਰਹਿੰਦਾ ਅਤੇ ਬਿਨਾ ਸ਼ੱਕ, ਕਰਦਾ ਵੀ ਰਹਿੰਦਾ ਪਰ ਜਿਵੇਂ ਸਿਆਣੇ ਕਹਿੰਦੇ ਹਨ, ਰਿਸ਼ਤੇ ਰਬੜ ਵਾਂਗ ਹੁੰਦੇ ਹਨ; ਜਿੰਨਾ ਜ਼ਿਆਦਾ ਖਿੱਚੋਗੇ, ਟੁੱਟ ਜਾਣਗੇ। ਓਹੀ ਹੋਇਆ। ਇਸ ਰਿਸ਼ਤੇ ਵਿਚਲੀ ਲਚਕਤਾ ਇੱਕ ਦਿਨ ਖਤਮ ਹੋਣੀ ਸੀ; ਸੋ, ਹੋ ਗਈ।

ਇਥੇ ਮੈਨੂੰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖਤ ਦੇ ਨਾਟਕ ‘ਸੈਜ਼ੁਆਨ ਦੀ ਚੰਗੀ ਔਰਤ’ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਮੁੱਖ ਪਾਤਰ ਵੇਸਵਾ ਹੈ ਜਿਹੜੀ ਬਹੁਤ ਚੰਗੀ ਔਰਤ ਹੈ, ਸਭ ਦੀ ਮਦਦ ਕਰਦੀ ਹੈ। ਜਦੋਂ ਸੈਜ਼ੁਆਨ ਦਾ ਕੋਈ ਵੀ ਵਸਨੀਕ ‘ਤਿੰਨ ਭਗਵਾਨਾਂ’ ਨੂੰ (ਜਿਹੜੇ ਧਰਤੀ ਉੱਪਰ ਚੰਗੇ-ਮਾੜੇ ਲੋਕਾਂ ਨੂੰ ਦੇਖਣ-ਜਾਣਨ ਲਈ ਆਏ ਹਨ) ਆਸਰਾ ਨਹੀਂ ਦਿੰਦਾ, ਇਹ ਵੇਸਵਾ ਉਨ੍ਹਾਂ ਨੂੰ ਆਪਣੇ ਘਰ ਆਸਰਾ ਦਿੰਦੀ ਹੈ, ਉਨ੍ਹਾਂ ਦਾ ਪੂਰਾ ਆਦਰ-ਸਤਿਕਾਰ ਕਰਦੀ ਹੈ। ਤਿੰਨੇ ਭਗਵਾਨ ਖੁਸ਼ ਹੋ ਕੇ ਉਸ ਨੂੰ ਚੰਗੀ ਧਨ-ਦੌਲਤ ਦੇ ਕੇ ਜਾਂਦੇ ਹਨ ਪਰ ਲੋਕ ਵੇਸਵਾ ਦੀ ਚੰਗਿਆਈ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਪੈਂਦੇ ਹਨ। ਬਹੁਤ ਦੁਖੀ ਹੋ ਕੇ ਉਹ ਮਰਦ ਦਾ ਰੂਪ ਧਾਰ ਲੈਂਦੀ ਹੈ (ਉਹ ਲੋਕਾਂ ਨੂੰ ਪਹਿਲਾਂ ਹੀ ਦੱਸਦੀ ਰਹਿੰਦੀ ਹੈ ਕਿ ਉਹਦਾ ਭਰਾ ਆ ਰਿਹਾ ਹੈ)। ਇਹ ਮਰਦ ਚੰਗੇ ਰੱਖਿਅਕ ਵਾਂਗ ਆਪਣੀ ‘ਭੈਣ’ ਦਾ ਧਿਆਨ ਰੱਖਦਾ ਹੈ ਅਤੇ ਉਸ ਨੂੰ ਅਜਿਹੇ ਲੋਕਾਂ ਤੋਂ ਬਚਾਉਂਦਾ ਹੈ। ਅਖੀਰ ਲੋਕਾਂ ਨੂੰ ਲੱਗਦਾ ਹੈ ਕਿ ਇਸ ਮਰਦ ਨੇ ਆਪਣੀ ‘ਭੈਣ’ ਦਾ ਕਤਲ ਕਰ ਦਿੱਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਜਿਥੇ ਜੱਜਾਂ ਦੇ ਰੂਪ ਵਿਚ ਉਹੀ ‘ਤਿੰਨ ਭਗਵਾਨ’ ਹਨ। ਮਰਦ ਜੱਜਾਂ ਸਾਹਮਣੇ ਹਕੀਕਤ ਦੱਸਦਾ ਹੈ ਅਤੇ ਆਪਣੇ ਔਰਤ ਵਾਲੇ ਅਸਲ ਰੂਪ ਵਿਚ ਆ ਜਾਂਦਾ ਹੈ। ਉਹ ਦੱਸਦੀ ਹੈ ਕਿ ਉਹਨੇ ਕਿਸੇ ਦਾ ਕਤਲ ਨਹੀਂ ਕੀਤਾ ਅਤੇ ਰੂਪ ਧਾਰਨ ਕਰਨ ਦਾ ਅਸਲ ਕਾਰਨ ਦੱਸਦੀ ਹੈ। ਨਾਟਕ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਚੰਗਿਆਈ ਕਿਸ ਹੱਦ ਤੱਕ ਸਹੀ ਹੈ ਅਤੇ ਚੰਗਿਆਈ ਨਾਲ ਇਸ ਦੁਨੀਆ ਵਿਚ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ।

ਬਚਪਨ ਵਿਚ ਭਾਪਾ ਜੀ ਤੋਂ ਸੁਣੀ ਇੱਕ ਕਹਾਣੀ ਵੀ ਯਾਦ ਆ ਰਹੀ ਹੈ ਜਿਸ ਵਿਚ ਚੋਰ ਨੂੰ ਜਦੋਂ ਉਸ ਦੇ ਕਾਰਿਆਂ ਕਰ ਕੇ ਫਾਂਸੀ ਦੀ ਸਜ਼ਾ ਹੋਣ ਲਗਦੀ ਹੈ ਤਾਂ ਉਹ ਆਪਣੀ ਅੰਤਿਮ ਇੱਛਾ ਵਿਚ ਆਪਣੀ ਮਾਂ ਨੂੰ ਮਿਲਣ ਦੀ ਗੱਲ ਕਰਦਾ ਹੈ। ਇਸ ਮਿਲਣੀ ਵੇਲੇ ਉਹ ਉਸ ਦੇ ਕੰਨ ‘ਤੇ ਜ਼ੋਰ ਨਾਲ ਦੰਦੀ ਵੱਢਦਾ ਹੈ ਅਤੇ ਕਹਿੰਦਾ ਹੈ ਕਿ ਜੇ ਮਾਂ ਨੇ ਉਸ ਨੂੰ ਵੇਲੇ ਸਿਰ ਵਰਜਿਆ ਹੁੰਦਾ ਤਾਂ ਉਸ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਅੱਜ ਮੇਰਾ ਵੀ ਦਿਲ ਕੀਤਾ ਕਿ ਨਿੱਕੀ ਜਿਹੀ ਦੰਦੀ ਆਪਣੇ ਭਾਪਾ ਜੀ ਦੇ ਕੰਨ ‘ਤੇ ਵੱਢਾਂ ਜਿਨ੍ਹਾਂ ਨੇ ਹਮੇਸ਼ਾ ਰਿਸ਼ਤਿਆਂ ਦੀ ਮਹੱਤਤਾ ਅਤੇ ਉਨ੍ਹਾਂ ਨੂੰ ਸਹੇਜ ਕੇ ਰੱਖਣ ਦੀ ਸਿੱਖਿਆ ਤਾਂ ਦਿੱਤੀ ਪਰ ਸੁਆਰਥੀ ਅਤੇ ਤਾਨਾਸ਼ਾਹੀ ਪ੍ਰਵਿਰਤੀ ਵਾਲੇ ਰਿਸ਼ਤਿਆਂ ਤੋਂ ਬਾਹਰ ਆਉਣ ਦੀ ਕਲਾ ਨਾ ਸਿਖਾਈ। ਫਿਰ ਮੈਨੂੰ ਲੱਗਿਆ, ਦੰਦੀ ਅਸਲ ਵਿਚ ਭਾਪਾ ਜੀ ਨੂੰ ਨਹੀਂ, ਖ਼ੁਦ ਨੂੰ ਵੱਢਣੀ ਚਾਹੀਦੀ ਹੈ ਜਿਹੜਾ ਸਮਾਜ ਵਿਚ ਰਹਿ ਕੇ ਸਮੇਂ ਸਿਰ ਚੰਗੇ-ਮਾੜੇ ਦੀ ਪਛਾਣ ਨਾ ਸਿੱਖ ਸਕਿਆ ਅਤੇ ਸੁਆਰਥੀ, ਈਰਖਾ ਭਰੇ ਰਿਸ਼ਤੇ ਨੂੰ ਇੰਨੇ ਵਰ੍ਹੇ ਢੋਂਦਾ ਰਿਹਾ।
ਸੰਪਰਕ: 98147-11605

Advertisement
Tags :
Advertisement