ਐੱਮਐੱਸਪੀ ਦੀ ਲੜਾਈ ਦਾ ਹਿੱਸਾ ਰਹੇ ਲੋਕਾਂ ਨੂੰ ਮਿਲਣਾ ਚਾਹੁੰਦਾ ਹਾਂ: ਡੱਲੇਵਾਲ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਜਨਵਰੀ
ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 39 ਦਿਨਾਂ ਤੋਂ ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਵੀਡੀਓ ਸੁਨੇਹੇ ਰਾਹੀਂ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ, ਜੋ ਐੱਮਐੱਸਪੀ ਦੀ ਲੜਾਈ ਦਾ ਹਿੱਸਾ ਹਨ ਤੇ ਇਸ ਲੜਾਈ ਨੂੰ ਮਜ਼ਬੁੂਤੀ ਨਾਲ ਲੜਨਾ ਚਾਹੁੰਦੇ ਹਨ। ਡੱਲੇਵਾਲ ਨੇ ਕਿਹਾ ਕਿ ਉਹ ਇਨ੍ਹਾਂ ਸਾਰੇ ਲੋਕਾਂ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਦੇਖਣਾ ਚਾਹੁੰਦੇ ਹਨ, ਜਿੱਥੇ ਕਿਸਾਨ ਆਗੂਆਂ ਵੱਲੋਂ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ।
ਕਿਸਾਨ ਆਗੂ ਨੇ ਕਿਹਾ ਕਿ ਉਹ ਦੇਸ਼ ਦੀ ਕਿਸਾਨੀ ਨੂੰ ਬਚਾਉਣ ਅਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਲਈ ਇਹ ਲੜਾਈ ਲੜ ਰਹੇ ਹਨ। ਇਸ ਲੜਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ 4 ਜਨਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਜਿਨ੍ਹਾਂ ਦੀ ਉਨ੍ਹਾਂ 44 ਸਾਲ ਸੇਵਾ ਕੀਤੀ ਹੈ ਉਨ੍ਹਾਂ ਦੇ ਦਰਸ਼ਨ ਕਰ ਕੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਜਾਵੇ।