For the best experience, open
https://m.punjabitribuneonline.com
on your mobile browser.
Advertisement

ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ...

10:26 AM Jun 01, 2024 IST
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
Advertisement

ਜੋਗਿੰਦਰ ਕੌਰ ਅਗਨੀਹੋਤਰੀ

Advertisement

ਸਮਾਜ ਵਿੱਚ ਵੱਖ-ਵੱਖ ਰਿਸ਼ਤਿਆਂ ਦਾ ਮਹੱਤਵ ਵੱਖ-ਵੱਖ ਹੈ। ਇਨ੍ਹਾਂ ਰਿਸ਼ਤਿਆਂ ਵਿੱਚ ਮਾਂ-ਧੀ, ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਅਤੇ ਭੈਣ-ਭਰਾ ਦਾ ਰਿਸ਼ਤਾ ਬਹੁਤ ਅਹਿਮ ਸਥਾਨ ਰੱਖਦਾ ਹੈ। ਇਸ ਤੋਂ ਇਲਾਵਾ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਅਹਿਮੀਅਤ ਤਾਂ ਬਹੁਤ ਹੁੰਦੀ ਹੈ ਪਰ ਉਹ ਦੂਜੇ ਨੰਬਰ ’ਤੇ ਆ ਜਾਂਦੇ ਹਨ ਜਿਵੇਂ ਭੂਆ-ਭਤੀਜਾ, ਭਤੀਜੀ, ਦਾਦੀ-ਪੋਤਾ, ਪੋਤੀ ਅਤੇ ਦਾਦੇ ਤੋਂ ਬਿਨਾਂ ਚਾਚੇ ਤਾਇਆਂ ਦੇ ਰਿਸ਼ਤੇ ਵੀ ਹੁੰਦੇ ਹਨ।
ਸਮਾਜ ਵਿੱਚ ਕੁਝ ਰਿਸ਼ਤੇ ਅਹਿਮ ਹੁੰਦੇ ਹੋਏ ਵੀ ਉਨ੍ਹਾਂ ਨੂੰ ਦੂਜੇ ਦਰਜੇ ਤੋਂ ਵੀ ਘੱਟ ਸਮਝਿਆ ਜਾਂਦਾ ਹੈ ਜਿਵੇਂ ਸੱਸ, ਨਣਦ, ਜੇਠ ਤੇ ਦਿਓਰ। ਇਹ ਰਿਸ਼ਤੇ ਭਾਵੇਂ ਕਿੰਨੇ ਹੀ ਸਾਫ਼ ਦਿਲ ਕਿਉਂ ਨਾ ਹੋਣ ਪਰ ਸਮਾਜ ਇਨ੍ਹਾਂ ਨੂੰ ਕੁਣੱਖੀਆਂ ਨਜ਼ਰਾਂ ਨਾਲ ਹੀ ਦੇਖਦਾ ਹੈ। ਇਸ ਦਾ ਪ੍ਰਭਾਵ ਲੜਕੀਆਂ ’ਤੇ ਵੀ ਪੈਂਦਾ ਹੈ। ਲੜਕੀ ਦੇ ਵਿਆਹ ਤੋਂ ਬਾਅਦ ਅਜਿਹੇ ਰਿਸ਼ਤੇ ਉਸ ਦੇ ਪਤੀ ਲਈ ਤਾਂ ਅਹਿਮ ਹੁੰਦੇ ਹਨ ਪਰ ਉਸ ਦੀ ਘਰਵਾਲੀ ਲਈ ਨਹੀਂ ਹੁੰਦੇ। ਨਵਵਿਆਹੀ ਲੜਕੀ ਨੂੰ ਉਨ੍ਹਾਂ ਰਿਸ਼ਤਿਆਂ ਵਿੱਚ ਦੂਈ ਦਵੈਤ ਦੀ ਭਾਵਨਾ ਨਜ਼ਰ ਆਉਂਦੀ ਹੈ। ਕਈ ਵਾਰ ਘਰ ਵਿੱਚ ਨਿੱਕੀ ਮੋਟੀ ਟੋਕ ਟਕਾਈ ਨੂੰ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਸਮਝਦੀ ਹੈ।
ਸਦੀਆਂ ਤੋਂ ਹੀ ਜੇਠ ਤੇ ਸਹੁਰਾ ਜੋ ਵੱਡੇ ਥਾਂ ਹੁੰਦੇ ਹਨ ਉਨ੍ਹਾਂ ਤੋਂ ਘੁੰਢ ਕੱਢਣਾ ਜਾਂ ਪੱਲਾ ਕਰਨ ਦਾ ਰਿਵਾਜ ਰਿਹਾ ਹੈ। ਵੱਡੇ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਸਮਝਾਉਣਾ ਵੀ ਹੱਕ ਸਮਝਿਆ ਜਾਂਦਾ ਹੈ ਪਰ ਨਵੀਂ ਵਿਆਹੀ ਵਹੁਟੀ ਜਾਂ ਸੰਯੁਕਤ ਪਰਿਵਾਰ ਵਿੱਚ ਰਹਿ ਰਹੀ ਔਰਤ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ। ਉਸ ਨੂੰ ਆਪਣੇ ਲਈ ਤਾਂ ਪਸੰਦ ਹੀ ਨਹੀਂ ਬਲਕਿ ਜੇ ਕਰ ਉਸ ਦੇ ਪਤੀ ਨੂੰ ਵੀ ਕੋਈ ਟੋਕਾ ਟਾਕੀ ਕਰਦਾ ਹੈ ਤਾਂ ਉਹ ਵੀ ਉਸ ਨੂੰ ਪਸੰਦ ਨਹੀਂ। ਉਸ ਨੂੰ ਆਪਣੇ ਪਤੀ ’ਤੇ ਉਦੋਂ ਗੁੱਸਾ ਆਉਂਦਾ ਹੈ ਜਦੋਂ ਉਹ ਆਪਣੇ ਵੱਡੇ ਭਰਾ ਜਾਂ ਪਿਤਾ ਦੀ ਗੱਲ ਨੂੰ ਸਵੀਕਾਰ ਕਰ ਲੈਂਦਾ ਹੈ। ਜਦੋਂ ਉਹ ਆਪਣੀ ਮਾਂ ਜਾਂ ਭੈਣ ਦੀ ਗੱਲ ਸੁਣਦਾ ਹੈ ਤਾਂ ਉਹ ਉਸ ਨੂੰ ਲਾਈਲੱਗ ਕਹਿ ਦਿੰਦੀ ਹੈ। ਇਸ ਤਰ੍ਹਾਂ ਸੰਯੁਕਤ ਪਰਿਵਾਰਾਂ ਅਤੇ ਵੱਡੇ ਪਰਿਵਾਰਾਂ ਵਿੱਚ ਇਹ ਰਿਸ਼ਤੇ ਦੂਜੇ ਨੰਬਰ ਦੇ ਬਣ ਕੇ ਰਹਿ ਜਾਂਦੇ ਹਨ।
ਕਈ ਵਾਰ ਵੱਡੇ ਪਰਿਵਾਰਾਂ ਵਿੱਚ ਕੁਝ ਲੜਕੇ ਵੱਡੀ ਉਮਰ ਦੇ ਹੋਣ ਕਰਕੇ ਅਣਵਿਆਹੇ ਰਹਿ ਜਾਂਦੇ ਹਨ, ਉਨ੍ਹਾਂ ਦਾ ਘਰ ਵਿੱਚ ਮਾਂ-ਪਿਓ ਤੇ ਭੈਣ-ਭਰਾਵਾਂ ਵੱਲੋਂ ਤਾਂ ਆਦਰ ਕੀਤਾ ਜਾਂਦਾ ਹੈ ਪਰ ਭਰਜਾਈ ਵੱਲੋਂ ਉਸ ਨੂੰ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਸੋ ਉਸ ਦੇ ਖਾਣ-ਪੀਣ ’ਤੇ ਵੀ ਨੁਕਤਾਚੀਨੀ ਹੋ ਜਾਂਦੀ ਹੈ। ਕਈ ਵਾਰ ਕੋਈ ਚੁਭਵੀਂ ਗੱਲ ਕਹਿਣ ’ਤੇ ਘਰ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਕਲੇਸ਼ ਵੀ ਵਧ ਜਾਂਦਾ ਹੈ। ਜੇਠ ਹੋਣ ਕਰਕੇ ਜੇਕਰ ਭਰਜਾਈ ਉਸ ਨੂੰ ਕੋਈ ਅਹਿਮੀਅਤ ਨਹੀਂ ਦਿੰਦੀ ਤਾਂ ਜੇਠ ਕੰਮ ਵੀ ਕਿਉਂ ਕਰੇ ਤੇ ਆਪਣੀ ਜ਼ਮੀਨ ਜਾਇਦਾਦ ਦਾ ਹਿੱਸਾ ਵੀ ਉਨ੍ਹਾਂ ਨੂੰ ਕਿਉਂ ਦੇਵੇ। ਛੋਟਾ ਭਰਾ, ਵੱਡੇ ਭਰਾ ਦਾ ਅਦਬ ਰੱਖਦਾ ਹੈ ਪ੍ਰੰਤੂ ਉਸ ਦੀ ਪਤਨੀ ਉਸ ਨੂੰ ਕੁਝ ਨਹੀਂ ਸਮਝਦੀ ਤੇ ਉਸ ਨੂੰ ਸਪੱਸ਼ਟ ਜਵਾਬ ਦਿੰਦੀ ਹੈ:
ਦਿਓਰ ਭਾਵੇਂ ਮੱਝ ਚੁੰਘ ਜਾਏ
ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ।
ਘੁੰਢ ਕੱਢਣਾ ਔਖਾ ਕੰਮ ਹੈ ਕਿਉਂਕਿ ਪੱਲੇ ਨੂੰ ਹੱਥ ਵਿੱਚ ਫੜਨਾ ਪੈਂਦਾ ਹੈ, ਜਿਸ ਕਰਕੇ ਔਰਤ ਆਪਣਾ ਕੰਮ ਆਜ਼ਾਦੀ ਨਾਲ ਨਹੀਂ ਕਰ ਸਕਦੀ। ਇਸ ਕਰਕੇ ਕੰਮ ਦੇ ਨਾਲ ਇੱਕ ਕੰਮ ਹੋਰ ਵਧ ਜਾਂਦਾ ਹੈ। ਅਜਿਹੀ ਗੱਲ ਤੋਂ ਅੱਕੀ ਹੋਈ ਔਰਤ ਆਪਣੇ ਮਨ ਦੇ ਭਾਵਾਂ ਨੂੰ ਇੰਜ ਬਿਆਨ ਕਰਦੀ ਹੈ:
ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ
ਜੇਠ ਦੀਆਂ ਅੱਖਾਂ ਵਿੱਚ ਪਾ ਦਿੰਨੀ ਆਂ
ਘੁੰਢ ਕੱਢਣੇ ਦੀ ਅਲਖ ਮੁਕਾ ਦਿੰਨੀ ਆ।
ਜ਼ਮੀਨ ਜਾਇਦਾਦ ਦੇ ਮਾਲਕ ਹੋਣ ਕਰਕੇ ਉਹ ਆਦਮੀ ਇਹ ਵੀ ਦਿਖਾਵਾ ਕਰ ਦਿੰਦੇ ਹਨ ਕਿ ਉਸ ਦੀ ਜ਼ਮੀਨ ਜਾਇਦਾਦ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਉਸ ਦਾ ਭਰਾ ਕਰਦਾ ਹੈ। ਇਸ ਲਈ ਉਸ ਦੀ ਗੱਲ ਮੰਨਣਾ ਵੀ ਉਨ੍ਹਾਂ ਦਾ ਫਰਜ਼ ਹੈ। ਅਜਿਹੇ ਮੌਕੇ ਭਰਾ ਤਾਂ ਆਪਣੇ ਵੱਡੇ ਭਰਾ ਦੀ ਤਾੜ ਝੱਲ ਜਾਂਦਾ ਹੈ ਪਰ ਭਰਜਾਈ ਉਸ ਦੀ ਗੱਲ ਮੰਨਣ ਅਤੇ ਰੋਹਬ ਸਹਿਣਾ ਸਵੀਕਾਰ ਨਹੀਂ ਕਰਦੀ ਅਤੇ ਆਪਣੇ ਪਤੀ ਨੂੰ ਸਪੱਸ਼ਟ ਜਵਾਬ ਦਿੰਦੀ ਹੈ:
ਵੀਰ ਹੋਊਗਾ ਤੇਰਾ
ਉਹ ਕੀ ਲੱਗਦਾ ਏ ਮੇਰਾ
ਮੇਰੀ ਜਾਣ ਦੀ ਜੁੱਤੀ।
ਇਸ ਦਾ ਮਤਲਬ ਇਹ ਹੈ ਕਿ ਉਹ ਉਸ ਦਾ ਰੋਹਬ ਨਹੀਂ ਝੱਲਦੀ ਬਲਕਿ ਉਸ ਦਾ ਠੋਕਵਾਂ ਜਵਾਬ ਦੇਣਾ ਜਾਣਦੀ ਹੈ। ਕਈ ਔਰਤਾਂ ਇਕੱਠ ਵਿੱਚ ਰਹਿ ਕੇ ਘਰ ਦੇ ਕੰਮ ਵੀ ਕਰਦੀਆਂ ਹਨ ਅਤੇ ਜੇਠਾਂ ਦਾ ਆਦਰ ਵੀ ਕਰਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਵੀ ਸਹਿਣ ਕਰ ਜਾਂਦੀਆਂ ਹਨ ਅਤੇ ਕਦੇ ਹੱਸਦੀਆਂ ਹੱਸਦੀਆਂ ਕੁਝ ਕਹਿ ਵੀ ਜਾਂਦੀਆਂ ਹਨ ਪ੍ਰੰਤੂ ਜੇਕਰ ਕੋਈ ਜ਼ਿਆਦਤੀ ’ਤੇ ਉਤਰ ਆਵੇ ਤਾਂ ਉਸ ਦਾ ਉੱਤਰ ਗੁੱਸੇ ਵਿੱਚ ਇਸ ਤਰ੍ਹਾਂ ਦਿੰਦੀਆਂ ਹਨ:
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਫੋਟ।
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ।
ਕੁਝ ਔਰਤਾਂ ਜੇਠ ਨੂੰ ਵੱਡਾ ਸਮਝ ਕੇ ਪਿਓ ਵਰਗਾ ਦਰਜਾ ਵੀ ਦਿੰਦੀਆਂ ਹਨ ਕਿਉਂਕਿ ਕੋਈ ਸਮਾਂ ਅਜਿਹਾ ਵੀ ਹੁੰਦਾ ਸੀ ਜਦੋਂ ਵੱਡੇ ਭਰਾ ਦਾ ਤੇ ਛੋਟੇ ਭਰਾ ਦਾ ਉਮਰ ਦਾ ਫ਼ਰਕ ਪਿਓ-ਪੁੱਤ ਵਾਲਾ ਹੀ ਹੁੰਦਾ ਸੀ। ਛੋਟੇ ਭਰਾ ਤੇ ਵੱਡੇ ਭਰਾ ਦਾ 17, 18 ਸਾਲ ਦਾ ਬਹੁਤ ਵੱਡਾ ਫ਼ਰਕ ਹੁੰਦਾ ਹੈ। ਮਨੁੱਖੀ ਸੁਭਾਅ ਅਨੁਸਾਰ ਰਿਸ਼ਤਿਆਂ ਦੀ ਹੋਂਦ ਬਰਕਰਾਰ ਰਹਿੰਦੀ ਹੈ ਭਾਵੇਂ ਕੋਈ ਵੱਡਾ ਹੋਵੇ ਭਾਵੇਂ ਛੋਟਾ। ਜੇਕਰ ਵੱਡੀ ਉਮਰ ਵਾਲਾ ਜੇਠ ਛੋਟੀ ਭਰਜਾਈ ਨੂੰ ਕਿਤੇ ਮਖੌਲ ਕਰ ਵੀ ਦੇਵੇ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ। ਉਹ ਤਟ ਫੱਟ ਜਵਾਬ ਦਿੰਦੀ ਹੈ ਤੇ ਉਸ ਨੂੰ ਉਸ ਦੇ ਵੱਡੇ ਹੋਣ ਦਾ ਅਹਿਸਾਸ ਕਰਵਾ ਦਿੰਦੀ ਹੈ:
ਮਸ਼ਕਰੀਆ ਨਾ ਕਰ ਵੇ
ਪਿਓ ਵਰਗਿਆ ਜੇਠਾ।
ਲੁਕੀ ਹੋਈ ਜਾਂ ਛੁਪੀ ਹੋਈ ਚੀਜ਼ ਨੂੰ ਦੇਖਣ ਲਈ ਹਰ ਮਨੁੱਖ ਦੇ ਅੰਦਰ ਲਾਲਸਾ ਪੈਦਾ ਹੁੰਦੀ ਹੈ। ਜੀਵਨ ਵਿੱਚ ਅਨੇਕਾਂ ਲੱਭਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮਨੁੱਖ ਜ਼ਰੂਰ ਦੇਖਦਾ ਹੈ। ਪ੍ਰਕਿਰਤੀ ਦੀਆਂ ਬਣੀਆਂ ਚੀਜ਼ਾਂ ਜਿਵੇਂ ਨਿੰਮ ਦੀਆਂ ਨਮੋਲੀਆਂ ਵਿੱਚੋਂ ਨਿਕਲੀ ਹਿੜਕ ਨੂੰ ਭੰਨ ਕੇ ਦੇਖਣਾ, ਅੰਬ ਦੀ ਗੁਠਲੀ ਨੂੰ ਭੰਨ ਕੇ ਦੇਖਣਾ, ਰੀਠਿਆਂ ਨੂੰ ਭੰਨ ਕੇ ਦੇਖਣਾ ਅਤੇ ਹੋਰ ਅਨੇਕਾਂ ਚੀਜ਼ਾਂ ਨੂੰ ਭੰਨ ਕੇ ਦੇਖਣਾ ਮਨੁੱਖੀ ਮਨ ਦਾ ਸੁਭਾਅ ਹੈ। ਅਜਿਹੀਆਂ ਰੀਝਾਂ ਬਚਪਨ ਤੋਂ ਹੀ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਕੁਝ ਵਿਅਕਤੀਆਂ ਦੇ ਅੰਦਰ ਘੁੰਢ ਵਾਲੀ ਔਰਤ ਦਾ ਮੂੰਹ ਦੇਖਣ ਦੀ ਇੱਛਾ ਹੁੰਦੀ ਹੈ। ਘੁੰਢ ਦੇ ਅੰਦਰ ਮੂੰਹ ਭਾਵੇਂ ਚੰਦ ਵਰਗਾ ਹੋਵੇ ਜਾਂ ਪੁੱਠੇ ਤਵੇ ਵਰਗਾ ਪਰ ਵਿਅਕਤੀ ਦੀ ਭੁੱਖ ਉਸ ਨੂੰ ਬਿਨਾਂ ਦੇਖੇ ਨਹੀਂ ਮਿਟਦੀ। ਕਿਹਾ ਜਾਂਦਾ ਹੈ ਕਿ ਜਾਂ ਤਾਂ ਬਹੁਤ ਸੋਹਣੀ ਘੁੰਡ ਕੱਢਦੀ ਹੈ ਜਾਂ ਫਿਰ ਕੋਈ ਕੱਜ ਵਾਲੀ ਭਾਵ ਕਮੀ ਵਾਲੀ ਔਰਤ ਘੁੰਢ ਕੱਢਦੀ ਹੈ ਪ੍ਰੰਤੂ ਅਜਿਹੀ ਕੋਈ ਗੱਲ ਨਹੀਂ ਹੈ।
ਵਿਆਹ ਵੇਲੇ ਵਹੁਟੀ ਦਾ ਮੂੰਹ ਆਜ਼ਾਦੀ ਨਾਲ ਉਹੀ ਦੇਖਦੇ ਹਨ ਜੋ ਛੋਟੇ ਥਾਂ ਲੱਗਦੇ ਹੋਣ ਭਾਵ ਦਿਓਰ ਹੋਣ। ਔਰਤਾਂ ਨੇ ਤਾਂ ਮੂੰਹ ਦੇਖਣਾ ਹੀ ਹੁੰਦਾ ਹੈ ਪ੍ਰੰਤੂ ਅੱਜ ਤੋਂ ਕੁਝ ਸਮਾਂ ਪਹਿਲਾਂ ਵਹੁਟੀ ਘੁੰਢ ਕੱਢ ਕੇ ਬੈਠਦੀ ਹੁੰਦੀ ਸੀ। ਫਿਰ ਜਦੋਂ ਔਰਤਾਂ ਨੇ ਉਸ ਨੂੰ ਦੇਖਣ ਜਾਣਾ ਤਾਂ ਉਸ ਦਾ ਘੁੰਢ ਚੁੱਕ ਕੇ ਹੀ ਮੂੰਹ ਦਿਖਾਇਆ ਜਾਂਦਾ ਸੀ। ਘੁੰਢ ਚੁੱਕਣ ਤੋਂ ਪਹਿਲਾਂ ਸੱਜ ਵਿਆਹੀ ਅੱਖਾਂ ਬੰਦ ਕਰ ਲੈਂਦੀ ਸੀ। ਔਰਤਾਂ ਸੱਜ ਵਿਆਹੀ ਵਹੁਟੀ ਨੂੰ ਦੇਖਦੀਆਂ ਵੀ ਸਨ ਅਤੇ ਸ਼ਗਨ ਵੀ ਦਿੰਦੀਆਂ ਸਨ ਜਿਸ ਵਿੱਚ ਪੈਸੇ ਅਤੇ ਕਈ ਵਾਰ ਮੇਵੇ ਵੀ ਹੁੰਦੇ ਸਨ। ਉਸ ਸਮੇਂ ਕਈ ਮਨਚਲੇ ਜੇਠ ਵੀ ਮੂੰਹ ਦੇਖਣ ਆ ਜਾਂਦੇ ਸਨ। ਅਜਿਹੀ ਸਥਿਤੀ ਵਿੱਚ ਸੱਜ ਵਿਆਹੀ ਕੋਲ ਬੈਠੀ ਔਰਤ ਉਸ ਨੂੰ ਘੁੰਢ ਨਾ ਚੁੱਕਣ ਲਈ ਸਿੱਧਾ ਕਹਿਣ ਦੀ ਬਜਾਏ ਉਸ ਦਾ ਹੱਥ ਦੱਬ ਕੇ ਸਮਝਾ ਦਿੰਦੀ ਸੀ ਕਿ ਘੁੰਢ ਨਹੀਂ ਚੁੱਕਣਾ। ਅਜਿਹੇ ਮੌਕੇ ਕਈ ਜੇਠ ਚੰਗੇ ਮੋਟੇ ਸ਼ਗਨ ਦਾ ਲਾਲਚ ਵੀ ਦਿੰਦੇ ਸਨ ਜਿਸ ਦੇ ਸਿੱਟੇ ਵਜੋਂ ਅਜਿਹੇ ਗੀਤ ਹੋਂਦ ਵਿੱਚ ਆਏ:
ਨੀਂ ਘੁੰਡ ਚੱਕ ਦੇ ਭਾਬੀ
ਪੰਜਾਂ ਦਾ ਫੜ ਲੈ ਨੋਟ।
ਜੇਠ ਦੀ ਅਜਿਹੀ ਹਰਕਤ ’ਤੇ ਅਗਲੀ ਨੂੰ ਰੰਜਿਸ਼ ਹੋਣੀ ਸੁਭਾਵਿਕ ਹੀ ਸੀ। ਉਸ ਸਮੇਂ ਉਸ ਦੇ ਮਨ ਦੀ ਸਥਿਤੀ ਵਿਰੋਧੀ ਭਾਵਾਂ ਨਾਲ ਓਤ-ਪ੍ਰੋਤ ਹੁੰਦੀ ਹੋਈ ਵੀ ਕੋਈ ਜਵਾਬ ਨਹੀਂ ਦੇ ਸਕਦੀ ਸੀ ਪ੍ਰੰਤੂ ਉਸ ਦੇ ਭਾਵਾਂ ਨੂੰ ਅਜਿਹੇ ਗੀਤਾਂ ਰਾਹੀਂ ਵਿਅਕਤ ਕੀਤਾ ਜਾਂਦਾ ਹੈ:
ਵੇ ਕੀ ਲੋਹੜਾ ਆਇਆ
ਘੁੰਢ ਚੁਕਾਉਂਦੇ ਜੇਠ।
ਕੁਝ ਚਾਲਾਕ ਗੱਭਰੂ ਜਨਾਨੇ ਭੇਸ ਵਿੱਚ ਆ ਕੇ ਖ਼ੁਦ ਘੁੰਢ ਕੱਢ ਕੇ ਵੀ ਸੱਜ ਵਿਆਹੀ ਦਾ ਮੂੰਹ ਦੇਖਣ ਲਈ ਆ ਜਾਂਦੇ ਸਨ। ਕਈ ਵਾਰ ਅਜਿਹੀ ਘਟਨਾ ਵਾਪਰ ਵੀ ਜਾਂਦੀ ਸੀ ਪਰ ਆਮ ਤੌਰ ’ਤੇ ਵਹੁਟੀ ਕੋਲ ਬੈਠੀਆਂ ਚੁਸਤ ਔਰਤਾਂ ਅਗਲੇ ਦੀ ਇਹ ਯੋਜਨਾ ਫੇਲ੍ਹ ਕਰ ਦਿੰਦੀਆਂ ਸਨ।
ਵਿਆਹੇ ਹੋਏ ਜੇਠ ਨਾਲ ਵੀ ਈਰਖਾ ਘੱਟ ਨਹੀਂ ਹੁੰਦੀ। ਉਸ ਨੂੰ ਵੀ ਔਰਤਾਂ ਨਹੀਂ ਜਰਦੀਆਂ। ਕਈ ਵਾਰ ਜੇਠਾਣੀ ਨਾਲ ਵੀ ਟੱਕਰ ਹੋ ਜਾਂਦੀ ਹੈ। ਜੇਕਰ ਜੇਠ ਅਤੇ ਜੇਠਾਣੀ ਦੀ ਆਪਸੀ ਲੜਾਈ ਹੋਵੇ ਤਾਂ ਵੀ ਦਰਾਣੀ ਖ਼ੁਸ਼ੀ ਮਨਾਉਂਦੀ ਹੈ। ਜੇਠ ਦੇ ਵੜੱਪਣ ਦੀ ਵਰਤੋਂ ਕਰਕੇ ਜੇਠਾਣੀ ਦੀ ਸ਼ਿਕਾਇਤ ਵੀ ਦਰਾਣੀ ਕਰ ਦਿੰਦੀ ਹੈ। ਅਜਿਹੇ ਮੌਕੇ ਗੱਲ ਕੁੱਟਮਾਰ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਦਰਾਣੀ ਆਪਣੇ ਭਾਵਾਂ ਨੂੰ ਇਸ ਤਰ੍ਹਾਂ ਪ੍ਰਗਟ ਕਰਦੀ ਹੈ:
ਜੇਠਾਣੀ ਹੁਬਕੀਂ ਹੁਬਕੀਂ ਰੋਵੇ
ਰਾਤੀਂ ਜੇਠ ਨੇ ਕੁੱਟੀ।
ਜੇਠਾਣੀ ਨਾਲ ਮੇਲ ਅਤੇ ਜੇਠ ਨਾਲ ਗੁੱਸੇ ਦਾ ਪ੍ਰਗਟਾਅ ਵੀ ਔਰਤਾਂ ਖੁੱਲ੍ਹ ਕੇ ਕਰਦੀਆਂ ਹਨ:
ਜੇਠਾਣੀ ਤਾਂ ਮੇਰੀ ਭੈਣਾਂ ਵਰਗੀ
ਜੇਠ ਠੇਠਾਂ ਦਾ ਠੇਠ।
ਨੀਂ ਇੱਕ ਦਿਨ ਲੈਣਾ ਪਊ
ਲੈਣਾ ਪਊ ਗੋਡਿਆਂ ਹੇਠ।
ਭਾਵੇਂ ਇਨ੍ਹਾਂ ਰਿਸ਼ਤਿਆਂ ਵਿੱਚ ਤਲਖੀ ਹੁੰਦੀ ਹੈ ਪਰ ਸਿਆਣਿਆਂ ਦੇ ਕਹਿਣ ਅਨੁਸਾਰ ਵੱਡੇ ਵਿਅਕਤੀ ਦਾ ਆਦਰ ਕਰਨਾ ਛੋਟਿਆਂ ਦਾ ਫਰਜ਼ ਹੈ ਅਤੇ ਵੱਡੇ ਦਾ ਵੀ ਇਹ ਅਧਿਕਾਰ ਹੈ ਕਿ ਛੋਟਿਆਂ ਨੂੰ ਉਹ ਆਪਣੇ ਤਜਰਬੇ ਅਨੁਸਾਰ ਗ਼ਲਤੀਆਂ ਕਰਨ ਤੋਂ ਵਰਜੇ। ਵਰਜਣਾ ਕੋਈ ਮਾੜੀ ਗੱਲ ਨਹੀਂ ਅਤੇ ਨਾ ਹੀ ਉਸ ਦੇ ਅੰਦਰ ਕੋਈ ਗ਼ਲਤ ਭਾਵਨਾ ਹੁੰਦੀ ਹੈ। ਵੱਡੇ ਵਿਅਕਤੀ ਇਸ ਦੌਰ ਵਿੱਚੋਂ ਲੰਘੇ ਹੁੰਦੇ ਹਨ ਅਤੇ ਉਹ ਤਜਰਬੇ ਅਨੁਸਾਰ ਹੀ ਦੂਜੇ ਨੂੰ ਉਸ ਦੇ ਭਲੇ ਲਈ ਵਰਜਦੇ ਹਨ।
ਸੰਪਰਕ: 94178-40323

Advertisement
Author Image

joginder kumar

View all posts

Advertisement
Advertisement
×